ਸ਼ਤਰੰਜ ਦੀ ਖੇਡ ’ਚ ਬਾਜ਼ੀ ਮਾਰ ਰਿਹੈ ਬਲਵਿੰਦਰ ਸਿੰਘ ਬੱਲੀ

Balwinder Singh Balli
ਲਹਿਰਾਗਾਗਾ। ਜੇਤੂ ਮੈਡਲਾਂ ਨਾਲ ਅਤੇ ਮੁਕਾਬਲਿਆਂ ’ਚ ਹਿੱਸਾ ਲੈਂਦਾ ਹੋਇਆ ਬਲਵਿੰਦਰ ਸਿੰਘ ਬੱਲੀ।

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ’ਚ ਜਿੱਤਿਆ ਗੋਲਡ ਮੈਡਲ | Balwinder Singh Balli

ਲਹਿਰਾਗਾਗਾ (ਰਾਜ ਸਿੰਗਲਾ)। ਲਹਿਰਾਗਾਗਾ ਦੇ ਜੰਮਪਲ ਬਲਵਿੰਦਰ ਸਿੰਘ ਬੱਲੀ (Balwinder Singh Balli) ਨੇ ਸ਼ਤਰੰਜ ਦੀ ਖੇਡ ’ਚ ਆਪਣੇ ਦਿਮਾਗ ਦੀ ਸਹੀ ਵਰਤੋਂ ਕਰਕੇ ਇੱਕ ਵੱਖਰੀ ਪਛਾਣ ਬਣਾਈ ਹੈ ਖੇਡ ਪ੍ਰੇਮੀ ਗੁਰਲਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਬਲਵਿੰਦਰ ਸਿੰਘ ਬੱਲੀ ਪੁੱਤਰ ਰਣਜੀਤ ਸਿੰਘ ਬਚਪਨ ਤੋਂ ਹੀ ਸ਼ਤਰੰਜ ਦੀ ਖੇਡ ਦਾ ਸ਼ੌਂਕੀਨ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਬੱਲੀ ਨੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਂਦਿਆਂ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ’ਚ ਆਪਣੀ ਟੀਮ ਨਾਲ ਮਿਲ ਕੇ ਗੋਲਡ ਮੈਡਲ ਜਿੱਤਿਆ ਹੈ।

ਬਲਵਿੰਦਰ ਸਿੰਘ ਬੱਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2022 ’ਚ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ’ਚ ਵੀ ਸਾਡੀ ਟੀਮ ਨੇ ਪੰਜਾਬ ਸ਼ਤਰੰਜ ਚੈਂਪੀਅਨਸ਼ਿਪ ’ਚ ਪੂਰੇ ਪੰਜਾਬ ਦੀਆਂ 16 ਟੀਮਾਂ ’ਚੋਂ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਮੈਡਲ ਹਾਸਲ ਕੀਤਾ ਸੀ ਨੌਰਥ ਜੋਨ ਮੁਕਾਬਲਿਆਂ ’ਚ ਬਾਹਰਲੇ ਸੂਬਿਆਂ ਤੋਂ ਆਈਆਂ ਹੋਈਆਂ ਯੂਨੀਵਰਸਿਟੀਆਂ ਦੀਆਂ ਟੀਮਾਂ ਦੇ ਨਾਲ ਮੁਕਾਬਲੇ ਹੋਏ, ਜਿਸ ’ਚ ਲਗਭਗ 35 ਯੂਨੀਵਰਸਿਟੀਆਂ ਨੇ ਹਿੱਸਾ ਲਿਆ। ਬਲਵਿੰਦਰ ਸਿੰਘ ਬੱਲੀ ਨੇ ਪੰਜਾਬੀ ਯੂਨੀਵਰਸਿਟੀ ਦੀ ਟੀਮ ਦੀ ਅਗਵਾਈ ਕਰਦਿਆਂ ਪੂਰੇ ਦੇਸ਼ ’ਚ ਨਾਂਅ ਕਮਾਇਆ ਹੈ।

Also Read : ਨਸ਼ਾ ਤਸਕਰ ਦੀ ਫਿਰੋਜ਼ਪੁਰ ਪੁਲਿਸ ਨੇ 1.22 ਕਰੋੜ ਦੀ ਜਾਇਦਾਦ ਕੀਤੀ ਫਰੀਜ

ਬੱਲੀ ਨੇ ਚੇਨੱਈ ’ਚ ਹੋਏ ਸ਼ਤਰੰਜ ਦੇ ਮੁਕਾਬਲਿਆਂ ’ਚ ਪੰਜਾਬੀ ਯੂਨੀਵਰਸਿਟੀ ਟੀਮ ਦੀ ਅਗਵਾਈ ਕਰਦਿਆਂ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ, ਜਿੱਥੇ ਦੇਸ਼ ਭਰ ਦੀਆਂ 16 ਟੀਮਾਂ ’ਚੋਂ ਪੰਜਾਬੀ ਯੂਨੀਵਰਸਿਟੀ ਨੇ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਦੀਆਂ ਹੋਈਆਂ ਇੰਟਰ ਕਾਲਜ ਖੇਡਾਂ ’ਚ ਲਗਾਤਾਰ ਤਿੰਨ ਵਾਰ ਗੋਲਡ ਮੈਡਲ ਜਿੱਤਣ ’ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਇਨਾਮ ਦੇ ਤੌਰ ’ਤੇ ਬਲਵਿੰਦਰ ਸਿੰਘ ਬੱਨੀ ਦੀ ਸਾਰੀ ਪੜ੍ਹਾਈ ਦਾ ਖਰਚਾ ਯੂਨੀਵਰਸਿਟੀ ਵੱਲੋਂ ਕਰਨ ਦਾ ਐਲਾਨ ਕੀਤਾ ਗਿਆ ਹੈ।

ਖਿਡਾਰੀਆਂ ਵੱਲ ਵਿਸ਼ੇਸ਼ ਧਿਆਨ ਦੇਵੇ ਪੰਜਾਬ ਸਰਕਾਰ: ਸਾਬਕਾ ਨਗਰ ਕੌਂਸਲ ਪ੍ਰਧਾਨ

ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਲਾਲ ਸਿੰਘ ਨੇ ਆਖਿਆ ਕਿ ਬਿਨਾਂ ਕੋਚ ਤੋਂ ਮੈਡਲ ਲੈ ਕੇ ਆਉਣੇ ਬਹੁਤ ਔਖੇ ਹਨ ਪਰ ਫਿਰ ਵੀ ਬਲਵਿੰਦਰ ਸਿੰਘ ਬੱਲੀ ਦਾ ਬਹੁਤ ਹੀ ਬਹਾਦਰੀ ਦਾ ਕੰਮ ਹੈ, ਜੋ ਬਿਨਾਂ ਕੋਚ ਤੋਂ ਹੀ ਖੇਡਾਂ ’ਚ ਆਪਣਾ ਨਾਂਅ ਚਮਕਾ ਰਿਹਾ ਹੈ ਸਰਕਾਰਾਂ ਨੂੰ ਇਹੋ ਜਿਹੇ ਖਿਡਾਰੀਆਂ ’ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਜੇਕਰ ਇਨ੍ਹਾਂ ਨੂੰ ਚੰਗੀ ਕੋਚਿੰਗ ਅਤੇ ਖੇਡ ਭੱਤਾ ਅਤੇ ਵਧੀਆ ਅਕੈਡਮੀ ਮੁਹੱਈਆਂ ਹੋ ਜਾਵੇ ਤਾਂ ਇਹ ਕੌਮਾਂਤਰੀ ਪੱਧਰ ’ਤੇ ਵੀ ਵੱਡੀਆਂ ਮੱਲਾਂ ਮਾਰ ਸਕਦੇ ਹਨ ਪੰਜਾਬ ਸਰਕਾਰ ਨੂੰ ਖਿਡਾਰੀਆਂ ਵੱਲੋਂ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਯੂਟਿਊਬ ਤੋਂ ਸਿੱਖੇ ਸ਼ਤਰੰਜ ਦੇ ਦਾਅ-ਪੇਚ

ਬਲਵਿੰਦਰ ਸਿੰਘ ਬੱਲੀ ਨੇ ਦੱਸਿਆ ਕਿ ਇਸ ਸ਼ਤਰੰਜ ਦੇ ਸਫਰ ਦੇ ਦੌਰਾਨ ਉਸ ਦਾ ਕੋਈ ਵੀ ਕੋਚ ਨਹੀਂ ਹੈ ਉਸ ਨੇ ਯੂਟਿਊਬ ਰਾਹੀਂ ਹੀ ਸ਼ਤਰੰਜ ਦੇ ਦਾਅ ਪੇਚ ਸਿੱਖੇ ਹਨ। ਬਲਵਿੰਦਰ ਸਿੰਘ ਬੱਲੀ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਖਿਡਾਰੀਆਂ ਨੂੰ ਖੇਡ ਭੱਤਾ ਅਤੇ ਸ਼ਤਰੰਜ ਖੇਡ ਨੂੰ ਉੱਪਰ ਲਿਜਾਣ ਲਈ ਵਧੀਆ ਕੋਚ, ਸਤਰੰਜ ਖੇਡਾਂ ਦਾ ਸਮਾਨ ਮੁਹੱਈਆ ਕਰਵਾਉਣਾ ਚਾਹੀਦਾ ਤਾਂ ਜੋ ਵਧੀਆ ਤਰੀਕੇ ਨਾਲ ਤਿਆਰੀ ਕਰਕੇ ਪੰਜਾਬ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਜਾ ਸਕੇ।