ਗਦਰੀਆਂ ਦੇ ਨਾਂਅ ’ਤੇ ਰੱਖੇ ਜਾਣਗੇ ਸਰਕਾਰੀ ਸਕੂਲਾਂ ਦੇ ਨਾਂਅ (Kartar Singh Sarabha)
- ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਸ਼ਹੀਦ ਹੋਏ 6 ਸਾਥੀਆਂ ਦੀ ਯਾਦ ਵਿਚ ਪਲੇਠਾ ਸਮਾਗਮ
(ਰਾਜਨ ਮਾਨ) ਅੰਮ੍ਰਿਤਸਰ। ‘ਮਾਝੇ ਦੀ ਧਰਤੀ ਨੇ ਗਦਰ ਲਹਿਰ ਵਿਚ ਵੱਡਾ ਯੋਗਦਾਨ ਪਾਇਆ ਹੈ, ਇੰਨਾਂ ਸ਼ਹੀਦਾਂ ਨੇ ਨਾ ਸਿਰਫ ਅਜ਼ਾਦੀ ਦੀ ਲੜਾਈ ਵਿਚ ਹਿੱਸਾ ਪਾਇਆ ਸਗੋਂ ਅਜ਼ਾਦੀ ਦੇ ਅਰਥ ਵੀ ਦੇਸ਼ ਵਾਸੀਆਂ ਨੂੰ ਸਮਝਾਏ, ਜਿਸ ਨਾਲ ਲੋਕਾਂ ਦਾ ਸਾਥ ਗਦਰੀਆਂ ਨੂੰ ਮਿਲਿਆ, ਜੋ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਬੇਹੱਦ ਜਰੂਰੀ ਸੀ।’ ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਰਦਾਰ ਕਰਤਾਰ ਸਿੰਘ ਸਰਾਭਾ ( Kartar Singh Sarabha) ਦੇ ਨਾਲ ਸ਼ਹੀਦ ਹੋਏ 6 ਗਦਰੀ, ਜਿੰਨਾ ਵਿਚੋਂ 3 ਗੁਰਵਾਲੀ ਪਿੰਡ ਅਤੇ ਇਕ ਸੁਰ ਸਿੰਘ ਪਿੰਡ ਤੋਂ ਸੀ, ਦੀ ਯਾਦ ਵਿਚ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਕੰਪਲੈਕਸ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਦੱਸਣਯੋਗ ਹੈ ਕਿ ਉਕਤ ਸ਼ਹੀਦਾਂ ਦੀ ਯਾਦ ਵਿਚ ਸਰਕਾਰੀ ਪੱਧਰ ਉਤੇ ਇਹ ਪਲੇਠਾ ਸਮਾਗਮ ਹੋਇਆ ਅਤੇ ਸਮਾਗਮ ਵਿਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ।
ਇਹ ਵੀ ਪੜ੍ਹੋ : ਕਿਸਾਨ-ਮਜ਼ਦੂਰ ਜਥੇਬੰਦੀ ਵੱਲੋਂ ਮੋਰਚਿਆਂ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਸ਼ੁਰੂ
ਕੈਬਨਿਟ ਮੰਤਰੀ ਸ ਧਾਲੀਵਾਲ ਨੇ ਕਿਹਾ ਕਿ ਸ. ਸਰਾਭਾ ਦੀ ਯਾਦ ਵਿਚ ਤਾਂ ਹਰ ਸਾਲ ਅਸੀਂ ਸਮਾਗਮ ਕਰ ਲੈਂਦੇ ਹਾਂ, ਪਰ ਉਨਾਂ ਨਾਲ ਸ਼ਹੀਦ ਹੋਏ ਸ. ਬਖਸ਼ੀਸ ਸਿੰਘ, ਸ. ਸੁਰੈਣ ਸਿੰਘ ਵੱਡਾ ਤੇ ਸੁਰੈਣ ਸਿੰਘ ਛੋਟਾ (ਤਿੰਨੇ ਗੁਰਵਾਲੀ ਪਿੰਡ ਤੋਂ), ਸ ਜਗਤ ਸਿੰਘ ਪਿੰਡ ਸੁਰਸਿੰਘ, ਸ. ਹਰਨਾਮ ਸਿੰਘ ਸਿਆਲਕੋਟ ਤੋਂ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਮਹਾਂਰਾਸ਼ਟਰ ਤੋਂ ਨੂੰ ਕਦੇ ਯਾਦ ਹੀ ਨਹੀਂ ਕੀਤਾ, ਸੋ ਅੱਜ ਇੰਨਾ ਸ਼ਹੀਦਾਂ ਨੂੰ ਯਾਦ ਕਰਕੇ ਮੈਨੂੰ ਬਹੁਤ ਚੰਗਾ ਲੱਗਾ ਹੈ। ਉਨਾਂ ਕਿਹਾ ਕਿ ਅਜ਼ਾਦੀ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਸ਼ਹੀਦਾਂ ਦੀ ਯਾਦ ਵਿਚ ਉਨਾਂ ਦੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇਗਾ, ਇਸ ਤੋਂ ਇਲਾਵਾ ਉਨਾਂ ਦੇ ਪਿੰਡਾਂ ਦੇ ਨਾਂਅ ਸ਼ਹੀਦਾਂ ਦੇ ਨਾਂਅ ਉਤੇ ਰੱਖੇ ਜਾਣਗੇ।
ਅਜਨਾਲਾ ਸਕੂਲ ਦੇ ਬੱਚਿਆਂ ਨੂੰ ਆਪਣੇ ਖਰਚੇ ਉਤੇ ‘ਸਰਾਭਾ’ ਫਿਲਮ ਵਿਖਾਵਾਂਗਾ : ਧਾਲੀਵਾਲ
ਉਨਾਂ ਸਾਰੇ ਪੰਜਾਬ ਵਾਸੀਆਂ ਨੂੰ ਸਰਦਾਰ ਸਿੰਘ ਸਰਾਭਾ ਦੇ ਜੀਵਨ ਉਤੇ ਬਣੀ ਫਿਲਮ ‘ਸਰਾਭਾ’ ਵੇਖਣ ਦਾ ਸੱਦਾ ਦਿੱਤਾ ਅਤੇ ਐਲਾਨ ਕੀਤਾ ਕਿ ਜਿਸ ਦਿਨ ਵੀ ਫਿਲਮ ਲੱਗੀ ਉਹ ਆਪਣੇ ਖਰਚੇ ਉਤੇ ਅਜਨਾਲਾ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇਹ ਫਿਲਮ ਵਿਖਾਉਣਗੇ। ਉਨਾਂ ਗੁਰੂਵਾਲੀ ਪਿੰਡ ਨੂੰ ਆਪਣੇ ਅਖਿਤਾਰੀ ਫੰਡ ਵਿਚੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ( Kartar Singh Sarabha)
ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣਾ ਲੋਚਦੇ ਹਨ ਅਤੇ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਸਾਡੇ ਸਾਰਿਆਂ ਵਿਚ ਕੌਮੀਅਤ ਜਾਗੇ। ਉਨਾਂ ਕਿਹਾ ਕਿ ਅਜ਼ਾਦੀ ਘੁਲਾਟੀਆਂ ਦੀ ਸੋਚ ਨੂੰ ਜਿੰਦਾ ਰੱਖ ਕੇ ਅਜਿਹਾ ਸੰਭਵ ਹੈ ਅਤੇ ਅਸੀਂ ਉਸ ਜੋਤ ਨੂੰ ਜਗਾਉਣ ਲਈ ਹਰ ਹੀਲਾ ਵਰਤਾਂਗੇ। ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਕਿਹਾ ਕਿ ਪੰਜਾਬ ਨੇ ਸਭ ਤੋ ਪਹਿਲਾਂ ਅੰਗਰੇਜ਼ਾਂ ਵਿਰੁੱਧ ਸੰਘਰਸ਼ ਵਿੱਢਿਆ ਅਤੇ ਇਤਹਾਸ ਗਵਾਹੀ ਭਰਦਾ ਹੈ ਕਿ ਸੰਨ 1840 ਤੋਂ ਪੰਜਾਬੀ ਅੰਗਰੇਜ਼ਾਂ ਨਾਲ ਲੋਹਾ ਲੈਣ ਲੱਗ ਪਏ ਸਨ ਅਤੇ ਇਸ ਸਦਕਾ ਹੀ ਇਹ ਜਾਗ ਸਾਰੇ ਦੇਸ਼ ਵਿਚ ਲੱਗੀ।
ਪੰਜਾਬੀ ਅਣਖੀ ਯੋਧਿਆਂ ਦੀ ਧਰਤੀ ਹੈ ਅਤੇ ਸਾਰੇ ਦੇਸ਼ ਨੂੰ ਪੰਜਾਬ ਉਤੇ ਮਾਣ
ਉਨਾਂ ਕਿਹਾ ਕਿ ਪੰਜਾਬੀ ਅਣਖੀ ਯੋਧਿਆਂ ਦੀ ਧਰਤੀ ਹੈ ਅਤੇ ਸਾਰੇ ਦੇਸ਼ ਨੂੰ ਪੰਜਾਬ ਉਤੇ ਮਾਣ ਵੀ ਹੈ। ਪ੍ਰੋਗਰਾਮ ਵਿਚ ਡਾ ਬਲਜੀਤ ਸਿੰਘ ਨੇ ਮਾਝੇ ਦੇ ਗਦਰੀਆਂ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਆਪ ਦੇ ਬੁਲਾਰੇ ਸ੍ਰੀ ਜਸਕਰਨ ਸਿੰਘ ਬਦੇਸ਼ਾ, ਆਪ ਦੇ ਸ਼ਹਿਰੀ ਪ੍ਰਧਾਨ ਸ੍ਰੀ ਮੁਨੀਸ਼ ਅਗਰਵਾਲ, ਡੀ ਈ ਓ ਸ੍ਰੀ ਸੁਸ਼ੀਲ ਤੁਲੀ ਅਤੇ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਿਚੋਂ ਗਿਆਨ ਸਿੰਘ ਸੱਗੂ, ਅਮਰਜੀਤ ਸਿੰਘ ਭਾਟੀਆ, ਸੁਰਿੰਦਰ ਸਿੰਘ ਅਹੂਜਾ, ਲਖਬੀਰ ਸਿੰਘ ਬਾਗੀ, ਕਰਮਜੀਤ ਸਿੰਘ ਕੇ ਪੀ, ਰਾਜ ਕੁਮਾਰ, ਸੁਰਿੰਦਰ ਕੁਮਾਰ, ਸੁਖਵਿੰਦਰ ਸਿੰਘ, ਬਲਦੇਵ ਸਿੰਘ ਭਿੱਟੇਵੱਡ ਵੀ ਹਾਜ਼ਰ ਸਨ।