ਰਾਏਕੋਟ (ਰਾਮ ਗੋਪਾਲ ਰਾਏਕੋਟੀ). ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਨੂੰ ਭਾਵੇਂ ਹਾਲੇ ਬੂਰ ਨਹੀਂ ਪਿਆ ਹੈ, ਪਰ ਕਈ ਥਾਣੇਦਾਰ ਇਸ ਵਗਦੀ ਗੰਗਾ ਵਿੱਚ ਹੱਥ ਧੋਣ ਦੀ ਥਾਂ ਡੁੱਬਕੀ ਲਾਉਣ ਨੂੰ ਹੀ ਤਿਆਰ ਬੈਠੇ ਹਨ। ਕਿਸੇ ਵੀ ਮਾਮਲੇ ਵਿੱਚ ਪੁਲਿਸ ਦੇ ਧੱਕੇ ਚੜ੍ਹੇ ਭੋਲੇ-ਭਾਲੇ ਨੂੰ ਹੁਣ ਥਾਣੇਦਾਰ ”ਚਿੱਟੇ ਦਾ ਪਰਚਾ ਪਾ ਦੇਣ ਦੀ ਧਮਕੀ ਦੇ ਕੇ ਹੀ ਕਥਿਤ ਤੌਰ ‘ਤੇ ਮੋਟੀਆਂ ਵਸੂਲੀਆਂ ਕਰਨ ਲੱਗੇ ਹਨ। ਅੱਜ ਐਸ.ਐਸ.ਪੀ ਲੁਧਿਆਣਾ (ਦਿਹਾਤੀ) ਸੁਰਜੀਤ ਸਿੰਘ ਨੂੰ ਇਥੋਂ ਲਾਗਲੇ ਪਿੰਡ ਰਾਜੋਆਣਾ ਕਲਾਂ ਦੇ ਟੈਂਪੂ ਚਾਲਕ ਕੁਲਵਿੰਦਰ ਸਿੰਘ ਆਪਣੇ ਪਿਤਾ ਮਹਿੰਦਰ ਸਿੰਘ ਅਤੇ ਟੈਂਪੂ ਯੂਨੀਅਨ ਰਾਏਕੋਟ ਦੇ ਪ੍ਰਧਾਨ ਗੁਰਦੇਵ ਸਿੰਘ ਕਾਲਸਾਂ ਨੂੰ ਨਾਲ ਲੈ ਕੇ ਮਿਲੇ Thanedar
ਉਨ੍ਹਾਂ ਦਰਖਾਸਤ ਅਤੇ ਇੱਕ ਸੀ.ਡੀ ਵੀ ਸਬੂਤ ਵਜੋਂ ਪੇਸ਼ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਸੁਧਾਰ ਵਿੱਚ ਤਾਇਨਾਤ ਥਾਣੇਦਾਰ ਰਾਜਵਰਿੰਦਰਪਾਲ ਸਿੰਘ ਨੇ ਪਹਿਲਾਂ ਤਾਂ ਉਕਤ ਨੌਜਵਾਨ ‘ਤੇ ਹੀ ਦਰਜ ਇੱਕ ਲੜਾਈ ਝਗੜੇ ਦੇ ਮੁਕੱਦਮੇਂ ਵਿੱਚ ਉਸ ਵਿਰੁਧ ਹੀ ਚਲਾਨ ਪੇਸ਼ ਕਰਨ ਲਈ ਸਰਕਾਰੀ ਵਕੀਲ ਦੀ ਸੇਵਾ-ਪਾਣੀ ਲਈ ਪੰਜ ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈ ਲਏ ਸਨ, ਪਰ ਬਾਅਦ ਵਿੱਚ ਹੋਰ ਪੈਸਿਆਂ ਦੀ ਮੰਗ ਕਰਦਾ ਰਿਹਾ।
ਧਮਕੀਆਂ ਦਿੱਤੀਆਂ
ਕੁਲਵਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਅਕਸਰ ਉਸ ਨੂੰ ਫੋਨ ਕਰਕੇ ਪੈਸੇ ਲਿਆਉਣ ਅਤੇ ਚਲਾਨ ਪੇਸ਼ ਕਰਨ ਲਈ ਆਖਦਾ ਸੀ। ਉਕਤ ਥਾਣੇਦਾਰ ਨੇ 18 ਅਪਰੈਲ ਨੂੰ ਉਸ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਅਤੇ ਥਾਣੇ ਪਹੁੰਚਣ ਲਈ ਕਿਹਾ। ਜਦੋਂ ਕੁਲਵਿੰਦਰ ਨੇ ਕਿਹਾ ਕਿ ਹਾਲੇ ਉਸ ਤੋਂ ਪੈਸਿਆਂ ਦਾ ਪ੍ਰਬੰਧ ਨਹੀਂ ਹੋਇਆ ਤਾਂ ਥਾਣੇਦਾਰ ਨੇ ਕਿਹਾ ਕਿ ”ਹੁਣ ਪੈਸਿਆਂ ਦੀ ਲੋੜ ਨਹੀਂ ਹੈ, ਹੁਣ ਮੈਂ ਤੇਰੇ ‘ਤੇ ‘ਚਿੱਟੇ’ ਦਾ ਪਰਚਾ ਪਾ ਕੇ ਤੈਨੂੰ ਅੰਦਰ ਦਿਆਂਗਾ” ਕੁਲਵਿੰਦਰ ਨੇ ਇਸ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਸੀ। ਇਸ ਗੱਲਬਾਤ ‘ਚ ਥਾਣੇਦਾਰ ਕੁਲਵਿੰਦ ਸਿੰਘ ਨੂੰ ਮੰਦੀ ਭਾਸ਼ਾ ਵੀ ਬੋਲਦਾ ਸੁਣਦਾ ਹੈ। ਇਸ ਮਾਮਲੇ ਵਿੱਚ ਕੁਲਵਿੰਦਰ ਸਿੰਘ ਨੇ ਐਸ.ਐਸ.ਪੀ ਸਾਹਿਬ ਤੋਂ ਇਨਸਾਫ ਦੀ ਮੰਗ ਕੀਤੀ ਹੈ ਤਾਂ ਕਿ ਉਕਤ ਥਾਣੇਦਾਰ ਉਸ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਨਾ ਦੇਵੇ।
ਸੰਪਰਕ ਕਰਨ ‘ਤੇ ਐਸ.ਐਸ.ਪੀ ਸੁਰਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਮਿਲੀ ਹੈ ਉਨ੍ਹਾਂ ਕਿਹਾ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿਆਂਗੇ। ਇਸ ਸਬੰਧੀ ਥਾਣੇਦਾਰ ਰਾਜਵਰਿੰਦਰਪਾਲ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਇਹ ਵੀ ਕਿਹਾ ਕਿ ਕੁਲਵਿੰਦਰ ਸਿੰਘ ‘ਤੇ ਜਿਹੜਾ ਮੁਕੱਦਮਾ ਇੱਕ ਸਿਪਾਹੀ ਦੀ ਕੁੱਟਮਾਰ ਕਰਨ ਦਾ ਦਾਇਰ ਹੈ, ਉਸਦਾ ਚਲਾਨ ਪੇਸ਼ ਕਰਨਾ ਸੀ। ਜਿਸ ਵਿੱਚ ਐਨ.ਡੀ.ਪੀ.ਐਸ ਐਕਟ ਲਾਇਆ ਗਿਆ ਸੀ ਜੋ ਡੀ.ਏ ਲੀਗਲ ਵੱਲੋਂ ਖਤਮ ਕਰਕੇ ਚਲਾਨ ਪੇਸ਼ ਕਰਨ ਦਾ ਹੁਕਮ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਗੱਲਬਾਤ ਦੀ ਇਹ ਰਿਕਾਰਡਿੰਗ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।