ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਵਜੋਂ ਭਰਤੀ ਹੋਈ ਪਿੰਡ ਫੱਤਾ ਮਾਲੋਕਾ ਦੀ ਜੰਮਪਲ ਧੀ | Sub Inspector Harvinder Kaur
ਸਰਸਾ (ਰਵਿੰਦਰ ਸ਼ਰਮਾ)। ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ ਹਰ ਖੇਤਰ ’ਚ ਮੱਲਾਂ ਮਾਰ ਰਹੇ ਹਨ। ਇਸੇ ਤਰ੍ਹਾਂ ਹੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ-ਕਾਲਜ ਦੀ ਸੁਪਰ ਵਿਦਿਆਰਥਣ ਨੇ ਡੇਢ ਕੁ ਸਾਲ ਥੋੜ੍ਹੇ ਜਿਹੇ ਸਮੇਂ ’ਚ ਪੰਜਾਬ ਸਰਕਾਰ ਤੋਂ ਚੌਥੀ ਵਾਰ ਨੌਕਰੀ ਪ੍ਰਾਪਤ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਫੱਤਾ ਮਾਲੋਕਾ, ਜ਼ਿਲ੍ਹਾ ਮਾਨਸਾ (ਪੰਜਾਬ) ਵਿਖੇ ਲਛਮਣ ਸਿੰਘ ਇੰਸਾਂ ਦੀ ਧੀ ਹਰਵਿੰਦਰ ਕੌਰ ਇੰਸਾਂ ਨੇ ਚਾਰ ਵਾਰ ਪੰਜਾਬ ਸਰਕਾਰ ਦੀ ਨੌਕਰੀ ਹਾਸਲ ਕੀਤੀ ਹੈ। ਹਰਵਿੰਦਰ ਕੌਰ ਇੰਸਾਂ ਪੰਜਾਬ ਪੁਲਿਸ ’ਚ ਬਤੌਰ ਸਬ ਇੰਸਪੈਕਟਰ ਭਰਤੀ ਹੋਈ ਹੈ। ਧੀ ਦੇ ਥਾਣੇਦਾਰ ਵਜੋਂ ਭਰਤੀ ਹੋਣ ’ਤੇ ਮਾਤਾ-ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ।
ਧੀ ਹਰਵਿੰਦਰ ਕੌਰ ਇੰਸਾਂ ਦੇ ਮੁਕਾਬਲੇ ’ਚੋਂ ਨਿੱਕਲ ਕੇ ਪੰਜਾਬ ਪੁਲਿਸ ’ਚ ਭਰਤੀ ਹੋਣ ’ਤੇ ਮਾਤਾ-ਪਿਤਾ ਤੇ ਪਰਿਵਾਰ ਮਾਣ ਮਹਿਸੂਸ ਕਰ ਰਹੇ ਹਨ। ਸਬ ਇੰਸਪੈਕਟਰ ਵਜੋਂ ਨਿਯੁਕਤੀ ਪੱਤਰ ਹਾਸਲ ਕਰਨ ਵਾਲੀ ਹਰਵਿੰਦਰ ਕੌਰ ਇੰਸਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਫੱਤਾ ਮਾਲੋਕਾ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਬਾਰ੍ਹਵੀਂ ਤੇ ਬੀਸੀਏ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੇ ਕਾਲਜ ਸਰਸਾ ਤੋਂ ਕੀਤੀ। ਪੰਜਾਬ ਪੁਲਿਸ ’ਚ ਥਾਣੇਦਾਰ ਦੀ ਨੌਕਰੀ ਮਿਲਣ ’ਤੇ ਹਰਵਿੰਦਰ ਇੰਸਾਂ ਨੇ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਸਿਪਾਹੀ ਦੀ ਨੌਕਰੀ ਹਾਸਲ ਕੀਤੀ, ਉਸ ਤੋਂ ਬਾਅਦ ਜੇਲ੍ਹ ਵਾਰਡਨ ਤੀਜੇ ਨੰਬਰ ’ਤੇ ਹੈੱਡ ਕਾਂਸਟੇਬਲ ਤੇ ਹੁਣ ਚੌਥੀ ਸਰਕਾਰੀ ਨੌਕਰੀ ਸਬ ਇੰਸਪੈਕਟਰ ਵਜੋਂ ਹਾਸਲ ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਦੀ ਭਰਤੀ ਲਈ ਟੈਸਟ ਅਕਤੂਬਰ 2022 ’ਚ ਹੋਇਆ ਸੀ।
ਇਹ ਵੀ ਪੜ੍ਹੋ : ਭਾਰਤੀ ਗੇਂਦਬਾਜ਼ਾਂ ਅੱਗੇ ਅੰਗਰੇਜ਼ਾਂ ਨੇ ਗੋਢੇ ਟੇਕੇ, ਭਾਰਤ ਦੀ ਵੱਡੀ ਜਿੱਤ
ਉਹ ਗੰਨ ਸ਼ੂਟਿੰਗ ਦੀ ਖਿਡਾਰਨ ਵੀ ਹਨ, ਜਿਸ ’ਚ ਉਨ੍ਹਾਂ ਕੌਮੀ ਪੱਧਰ ’ਤੇ ਗੋਲਡ ਮੈਡਲ ਹਾਸਲ ਕੀਤਾ ਹੋਇਆ ਹੈ। ਹਰਵਿੰਦਰ ਕੌਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਪੁਲਿਸ ’ਚ ਭਰਤੀ ਹੋਣ ਦਾ ਸ਼ੌਂਕ ਸੀ। ਉਨ੍ਹਾਂ ਕਿਹਾ ਕਿ ਉਹ ਪੁਲਿਸ ਵਿਭਾਗ ਨੂੰ ਇਸ ਲਈ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੁਲਿਸ ’ਚ ਭਰਤੀ ਹੋ ਕੇ ਸਮਾਜ ਦੀ ਬਿਹਤਰ ਢੰਗ ਨਾਲ ਸੇਵਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਗਏ ਸਿੱਖਿਆ ਤੇ ਖੇਡਾਂ ਸਬੰਧੀ ਟਿਪਸ ਦੀ ਬਦੌਲਤ ਹੀ ਉਨ੍ਹਾਂ ਮੁਕਾਬਲਿਆਂ ’ਚ ਜਿੱਤ ਹਾਸਲ ਕੀਤੀ। (Sub Inspector Harvinder Kaur)
ਪੰਜਾਬ ਪੁਲਿਸ ’ਚ ਆਪਣੀ ਭਰਤੀ ਦਾ ਜ਼ਿਕਰ ਕਰਦਿਆਂ ਹਰਵਿੰਦਰ ਕੌਰ ਇੰਸਾਂ ਹੋਰ ਕੁੜੀਆਂ ਨੂੰ ਅੱਗੇ ਵਧਣ ਦੀ ਅਪੀਲ ਵੀ ਕਰਦੇ ਹਨ। ਆਪਣੀ ਭਰਤੀ ਦੇ ਹਵਾਲੇ ਨਾਲ ਉਹ ਦੱਸਦੇ ਹਨ ਕਿ ਇਸ ਭਰਤੀ ’ਚ ਬਹੁਤ ਸਾਰੀਆਂ ਕੁੜੀਆਂ ਦੀ ਚੋਣ ਹੋਈ ਹੈ। ਮੈਂ ਚਾਹੁੰਦੀ ਹਾਂ ਕਿ ਕੁੜੀਆਂ ਇਸੇ ਤਰੀਕੇ ਨਾਲ ਅੱਗੇ ਵਧਣ ਅਤੇ ਅੱਗੇ ਜੋ ਵੀ ਭਰਤੀਆਂ ਆਉਣ, ਉਨ੍ਹਾਂ ’ਚ ਵੱਧ ਗਿਣਤੀ ’ਚ ਕੁੜੀਆਂ ਦੀ ਚੋਣ ਹੋਵੇ। ਹਰਵਿੰਦਰ ਕੌਰ ਇੰਸਾਂ ਨੇ ਕੁੜੀਆਂ ਨੂੰ ਸੰਦੇਸ਼ ਦਿੰਦਿਆਂ ਖਾਸ ਤੌਰ ’ਤੇ ਕਿਹਾ ਕਿ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ ਅਤੇ ਅਸਫ਼ਲਤਾ ਤੋਂ ਡਰਨਾ ਨਹੀਂ ਚਾਹੀਦਾ। (Sub Inspector Harvinder Kaur)
ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ
ਹਰਵਿੰਦਰ ਕੌਰ ਇੰਸਾਂ ਦੇ ਪਿਤਾ ਲਛਮਣ ਸਿੰਘ ਇੰਸਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਪੰਜਾਬ ਸਰਕਾਰ ਦੀਆਂ ਚਾਰ ਨੌਕਰੀਆਂ ਹਾਸਲ ਕੀਤੀਆਂ ਹਨ। ਹੁਣ ਉਨ੍ਹਾਂ ਦੀ ਧੀ ਨੇ ਚੌਥੀ ਵਾਰ ਪੰਜਾਬ ਪੁਲਿਸ ’ਚ ਸਬ ਇੰਸਪੈਕਟਰ ਵਜੋਂ ਨਿਯੁਕਤੀ ਪੱਤਰ ਹਾਸਲ ਕੀਤਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਇਟਲੀ ’ਚ ਪੀਆਰ ਹਨ ਪਰ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਧੀ ਵਿਦੇਸ਼ ਜਾਵੇ। ਉਹ ਆਪਣੀ ਧੀ ਨੂੰ ਪੰਜਾਬ ’ਚ ਹੀ ਨੌਕਰੀ ਕਰਵਾਉਣਾ ਚਾਹੁੰਦੇ ਸਨ, ਜਿਸ ਇੱਛਾ ਨੂੰ ਪੂਰੀ ਕਰਦਿਆਂ ਉਨ੍ਹਾਂ ਦੀ ਧੀ ਨੇ ਚੌਥੀ ਵਾਰ ਪੰਜਾਬ ਪੁਲਿਸ ਦਾ ਨਿਯੁਕਤੀ ਪੱਤਰ ਲੈ ਕੇ ਜੁਆਇਨਿੰਗ ਲੈ ਲਈ ਹੈ। (Sub Inspector Harvinder Kaur)
ਮਾਤਾ ਹੋਈ ਬਾਗੋ-ਬਾਗ
ਹਰਵਿੰਦਰ ਕੌਰ ਦੇ ਮਾਤਾ ਬਲਜੀਤ ਕੌਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਬਚਪਨ ਤੋਂ ਹੀ ਬਹੁਤ ਲਾਇਕ ਤੇ ਪੜ੍ਹਾਈ ਵਿੱਚ ਹੁਸ਼ਿਆਰ ਸੀ। ਉਸ ਨੂੰ ਸ਼ੁਰੂ ਤੋਂ ਹੀ ਅਫ਼ਸਰ ਵਜੋਂ ਨੌਕਰੀ ਕਰਨ ਦਾ ਸ਼ੌਂਕ ਸੀ। ਉਨ੍ਹਾਂ ਖੁਸ਼ੀ ਵਿੱਚ ਖੀਵੇ ਹੁੰਦਿਆਂ ਦੱਸਿਆ ਕਿ ਉਹ ਹਮੇਸ਼ਾ ਆਪਣੀ ਧੀ ਨੂੰ ਇਹੀ ਪੁੱਛਦੇ ਹਨ ਕਿ ਇਸ ਤੋਂ ਵੱਡੀ ਅਫ਼ਸਰ ਕਦੋਂ ਬਣੇਗੀ? ਆਪਣੀ ਧੀ ਦੀਆਂ ਪ੍ਰਾਪਤੀਆਂ ਗਿਣਵਾਉਂਦੇ ਹੋਏ ਉਹ ਵਾਰ-ਵਾਰ ਭਾਵੁਕ ਹੋ ਰਹੇ ਸਨ ਤੇ ਖੁਸ਼ੀ ਦਾ ਟਿਕਾਣਾ ਨਹੀਂ ਸੀ।