ਧਾਲੀਵਾਲ ਦੇ ਯਤਨਾਂ ਨਾਲ ਪਰਵਾਸੀ ਭਾਰਤੀ ਮ੍ਰਿਤਕ ਦੇਹ ਅੰਮ੍ਰਿਤਸਰ ਪੁੱਜੀ
(ਰਾਜਨ ਮਾਨ) ਅੰਮ੍ਰਿਤਸਰ। ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਯਤਨਾਂ ਨਾਲ ਬੀਤੀ ਰਾਤ ਤਲਵਣ ਫਿਲੌਰ ਵਾਸੀ ਅੰਮ੍ਰਿਤਪਾਲ ਸਿੰਘ ਦੀ ਜਾਰਡਨ ਤੋਂ ਲਾਸ਼ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੀ। ਉਕਤ ਨੌਜਵਾਨ ਦੀ ਮਿ੍ਤਕ ਦੇਹ ਨੂੰ ਲੈਣ ਲਈ ਉਸਦੇ ਪਰਿਵਾਰ ਨਾਲ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਵੀ ਰਾਤ ਕਰੀਬ ਦੋ ਵਜੇ ਹਵਾਈ ਅੱਡੇ ਪੁੱਜੇ। (Migrant’s Dead Body)
ਇਸ ਮੌਕੇ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ, ਜੋੋ ਕਿ ਕਰੀਬ 35 ਸਾਲ ਉਮਰ ਦਾ ਨੌਜਵਾਨ ਸੀ, ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਹ ਰੋਜੀ ਰੋਟੀ ਲਈ ਬੀਤੇ ਸਮੇਂ ਤੋਂ ਜਾਰਡਨ ਵਿੱਚ ਰਹਿ ਰਿਹਾ ਸੀ, ਜਿੱਥੇ ਉਸਦੀ 15 ਅਗਸਤ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸਦੇ ਪਿਤਾ ਦੀ ਮੌਤ ਵੀ ਅੰਮਿ੍ਤਪਾਲ ਸਿੰਘ ਦੇ ਬਚਪਨ ਵਿੱਚ ਹੀ ਹੋ ਗਈ ਸੀ। ਹੁਣ ਵਿਦੇਸ਼ ਵਿੱਚ ਹੋਈ ਨੌਜਵਾਨ ਪੁੱਤਰ ਦੀ ਮੌਤ ਦੀ ਖਬਰ ਸੁਣਕੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਡਿੱਗ ਪਿਆ। (Migrant’s Dead Body)
ਜਾਰਡਨ ਵਿੱਚ ਕੋਈ ਹੋਰ ਰਿਸ਼ਤੇਦਾਰ ਜਾਂ ਸਬੰਧੀ ਨਾ ਹੋਣ ਕਾਰਨ ਲਾਸ਼ ਲੱਭਣ ਵਿੱਚ ਵੀ ਪਰੇਸ਼ਾਨੀ ਹੋ ਰਹੀ ਸੀ, ਜਿਸਦੇ ਚੱਲਦੇ ਪਰਿਵਾਰ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੂੰ ਮਿਲਕੇ ਆਪਣੀ ਹੱਡ ਬੀਤੀ ਸੁਣਾਈ, ਜਿੰਨਾ ਨੇ ਸ ਧਾਲੀਵਾਲ ਦੀ ਡਿਊਟੀ ਅੰਮਿ੍ਤਪਾਲ ਸਿੰਘ ਦੀ ਮਿ੍ਤਕ ਦੇਹ ਵਾਪਸ ਲਿਆਉਣ ਲਈ ਲਗਾ ਦਿੱਤੀ। ਸ ਧਾਲੀਵਾਲ ਨੇ ਦੱਸਿਆ ਕਿ ਮੈਂ ਆਪਣੇ ਵਿਭਾਗ ਨਾਲ ਮਿਲਕੇ ਜਾਰਡਨ ਸਥਿਤ ਭਾਰਤੀ ਦੂਤਘਰ ਨਾਲ ਲਗਾਤਾਰ ਰਾਬਤਾ ਰੱਖਿਆ ਤਾਂ ਜਾ ਕੇ ਮਿ੍ਤਕ ਦੇਹ ਬਾਰੇ ਕੁੱਝ ਪਤਾ ਲੱਗਾ ਅਤੇ ਹੁਣ 67 ਦਿਨ ਬਾਅਦ ਲਾਸ਼ ਭਾਰਤ ਆ ਸਕੀ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਗਟ ਕਰਦੇ ਕਿਹਾ ਕਿ ਨੌਜਵਾਨ ਪੁੱਤਰ ਦੇ ਤੁਰ ਜਾਣ ਦਾ ਵੱਡਾ ਦੁੱਖ ਹੈ ਅਤੇ ਪਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਅਜਿਹਾ ਦਿਨ ਕਿਸੇ ਮਾਂ ਪਿਓ ਨੂੰ ਵੇਖਣ ਲਈ ਨਾ ਮਿਲੇ।