ਨਸ਼ਾ ਤਸਕਰੀ ਦੇ ਸ਼ੱਕ ’ਚ ਨੌਜਵਾਨ ਦਾ ਕਤਲ, ਨਸ਼ਾ ਛੁਡਾਊ ਕਮੇਟੀ ਖਿਲਾਫ਼ ਪਰਚਾ ਦਰਜ਼

Murder

ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹੇ ਦੇ ਪਿੰਡ ਕੋਠੇ ਮੈਰਕੀ ਮਹਿਰਾਜ ਦੇ ਵਿਅਕਤੀ ਦਲਜਿੰਦਰ ਸਿੰਘ ਦੀ ਮੌਤ ਦੇ ਮਾਮਲੇ ’ਚ ਥਾਣਾ ਮੌੜ ਪੁਲਿਸ ਵੱਲੋਂ ਪਿੰਡ ਘੁੰਮਣ ਕਲਾਂ ਦੀ ਨਸ਼ਾ ਛੁਡਾਊ ਕਮੇਟੀ ਦੇ ਇੱਕ ਦਰਜ਼ਨ ਤੋਂ ਵੱਧ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਦੋ ਜਣਿਆਂ ਨੂੰ ਗਿ੍ਰਫ਼ਤਾਰ ਕਰ ਲਿਆ। ਇਸ ਮਾਮਲੇ ’ਚ ਮੁਲਜ਼ਮਾਂ ਨੇ ਦਲਜਿੰਦਰ ਸਿੰਘ ਦੀ ਕਥਿਤ ਤੌਰ ’ਤੇ ਕੁੱਟਮਾਰ ਤੋਂ ਬਾਅਦ ਮੌਤ ਹੋ ਜਾਣ ’ਤੇ ਲਾਸ਼ ਲਸਾੜਾ ਡਰੇਨ ’ਚ ਸੁੱਟ ਕੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਵੱਲੋਂ ਦਿੱਤੀ ਗਈ। (Murder)

ਐੱਸਐੱਸਪੀ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਸਬੰਧੀ ਗੁਰਪ੍ਰੀਤ ਕੌਰ ਪਤਨੀ ਦਲਜਿੰਦਰ ਸਿੰਘ ਉਰਫ ਨੂਰ ਵਾਸੀ ਕੋਠੇ ਮੈਰਕੀ ਮਹਿਰਾਜ ਦੇ ਬਿਆਨਾਂ ’ਤੇ 16 ਅਕਤੂਬਰ ਨੂੰ ਮੁਕੱਦਮਾ ਨੰਬਰ 205, ਧਾਰਾ 365, 34 ਆਈਪੀਸੀ ਤਹਿਤ ਦਰਜ਼ ਕੀਤਾ ਗਿਆ ਸੀ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸੀ ਕਿ ਉਸਦਾ ਘਰਵਾਲਾ ਦਲਜਿੰਦਰ ਸਿੰਘ ਉਰਫ ਨੂਰ 10 ਅਕਤੂਬਰ ਨੂੰ ਸ਼ਾਮ 6 ਵਜੇ ਕਿਸੇ ਕੰਮਕਾਰ ਲਈ ਮੰਡੀ ਰਾਮਪੁਰਾ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਉਸਦੇ ਘਰਵਾਲੇ ਨੂੰ ਕਿਸੇ ਨਾਮਾਲੂਮ ਵਿਅਕਤੀ/ ਵਿਅਕਤੀਆਂ ਨੇ ਅਗਵਾ ਕਰਕੇ ਗੁਪਤ ਤੌਰ ’ਤੇ ਕਿਤੇ ਬੰਦ ਕਰਕੇ ਰੱਖਿਆ ਹੋਇਆ ਹੈ। ਸ਼ਿਕਾਇਤ ਮਿਲਣ ’ਤੇ ਐੱਸਪੀ (ਡੀ) ਅਜੇ ਗਾਂਧੀ, ਮੋਹਿਤ ਕੁਮਾਰ ਅਗਰਵਾਲ ਡੀਐੱਸਪੀ ਰਾਮਪੁਰਾ ਫੂਲ, ਰਾਹੁਲ ਭਾਰਦਵਾਜ ਡੀਐੱਸਪੀ ਮੌੜ ਦੀ ਅਗਵਾਈ ਹੇਠ ਲਾਪਤਾ ਦਾ ਖੁਰਾ ਖੋਜ ਲਾਉਣ ਲਈ ਟੀਮਾਂ ਗਠਿਤ ਕੀਤੀਆਂ ਗਈਆਂ।

ਕੀ ਹੈ ਮਾਮਲਾ? | Murder

ਐੱਸਐੱਸਪੀ ਨੇ ਦੱਸਿਆ ਕਿ ਮਾਮਲੇ ’ਚ ਡੂੰਘਾਈ ਨਾਲ ਕੀਤੀ ਜਾਂਚ ’ਚ ਸਾਹਮਣੇ ਆਇਆ ਕਿ 10 ਅਕਤੂਬਰ ਨੂੰ ਦਲਜਿੰਦਰ ਸਿੰਘ ਉਰਫ ਨੂਰ ਨੂੰ ਪਿੰਡ ਘੁੰਮਣ ਕਲਾਂ ਦੀ ਨਸ਼ਾ ਛੁਡਾਊ ਕਮੇਟੀ ਦੇ ਮੈਂਬਰਾਂ ਨਰਦੇਵ ਸਿੰਘ ਉਰਫ ਗੱਗੀ ਪੁੱਤਰ ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਉਰਫ ਧੱਤੂ ਪੁੱਤਰ ਮੋਹਨ ਸਿੰਘ, ਹੈਪੀ ਸਿੰਘ ਪੁੱਤਰ ਨੈਬ ਸਿੰਘ, ਕੁਲਵੀਰ ਸਿੰਘ ਜੱਗਰ ਕਾ, ਅਰਸ਼ਦੀਪ ਸਿੰਘ ਉਰਫ ਅਰਸੂ ਪੁੱਤਰ ਕੁਲਵੰਤ ਸਿੰਘ, ਕਰਨਵੀਰ ਸਿੰਘ ਉਰਫ ਧੂਰੀ ਪੁੱਤਰ ਮਿੱਠੂ ਸਿੰਘ, ਰਿੰਕੂ ਪੁੱਤਰ ਜੱਗਾ ਸਿੰਘ, ਕਿਸ਼ੋਰੀ ਪੁੱਤਰ ਪ੍ਰੀਤਮ ਸਿੰਘ, ਬਲਵੀਰ ਸਿੰਘ ਮਿਸਤਰੀ, ਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ, ਬੱਗੜ ਭੱਜੀ ਕਾ, ਜੈਲਾ ਸਿੰਘ ਖੰਡੂਆ ਵਾਸੀਅਨ ਘੁੰਮਣ ਕਲਾਂ,

ਸਤਨਾਮ ਸਿੰਘ ਪਿੰਡ ਬੁਰਜ ਵਾਸੀ ਬੱਲੋ, ਜਗਮੀਤ ਸਿੰਘ ਪੁੱਤਰ ਨਾਮਲੂਮ ਵਾਸੀ ਘਰਾਂਗਣਾ ਜ਼ਿਲ੍ਹਾ ਮਾਨਸਾ ਤੇ 10/12 ਹੋਰ ਨਾਮਾਲੂਮ ਨੌਜਵਾਨਾਂ ਵੱਲੋਂ ਸਤਨਾਮ ਸਿੰਘ ਦੀ ਸਕਾਰਪਿਓ ਗੱਡੀ, ਬਲਵੀਰ ਸਿੰਘ ਮਿਸਤਰੀ ਦੀ ਜੀਪ ਤੇ ਮੋਟਰਸਾਈਕਲਾਂ ਤੇ ਦਲਜਿੰਦਰ ਸਿੰਘ ਉਰਫ ਨੂਰ ਨੂੰ ਮਾਰ ਦੇਣ ਦੀ ਨੀਅਤ ਨਾਲ ਸਮੇਤ ਉਸਦੇ ਪਲਟੀਨਾ ਮੋਟਰਸਾਈਕਲ ਦੇ ਅਗਵਾ ਕਰਕੇ ਲੈ ਗਏ। ਐੱਸਐੱਸਪੀ ਨੇ ਦੱਸਿਆ ਕਿ ਉਕਤ ਸਾਰੇ ਵਿਅਕਤੀਆਂ ਨੇ ਦਲਜਿੰਦਰ ਸਿੰਘ ਉਰਫ ਨੂਰ ਨੂੰ ਨਰਦੇਵ ਸਿੰਘ ਉਰਫ ਗੱਗੀ ਦੇ ਖੇਤ ਰਕਬਾ ਪਿੰਡ ਘੁੰਮਣ ਕਲਾਂ ਲਿਜਾ ਕੇ ਡੰਡੇ, ਸੋਟੀਆਂ, ਰਾਡਾਂ ਤੇ ਬੈਲਟਾਂ ਨਾਲ ਕੁੱਟਮਾਰ ਕੀਤੀ।

ਚਾਕੂ ਨਾਲ ਦੁਕਾਨਦਾਰ ਨੂੰ ਕੀਤਾ ਜ਼ਖ਼ਮੀ, ਪਿਸਤੌਲ ਦੀ ਨੋਕ ਤੇ ਲੁਟੇਰੇ ਪੈਸੇ ਲੁੱਟ ਹੋਏ ਫ਼ਰਾਰ

ਇਸ ਕੁੱਟਮਾਰ ਦੌਰਾਨ ਦਲਜਿੰਦਰ ਸਿੰਘ ਦੀ ਮੌਤ ਹੋ ਗਈ ਤਾਂ ਸਾਰਿਆਂ ਨੇ 10-11 ਅਕਤੂਬਰ ਦੀ ਰਾਤ ਨੂੰ ਦਲਜਿੰਦਰ ਸਿੰਘ ਦੀ ਲਾਸ਼ ਅਤੇ ਉਸਦੇ ਮੋਟਰ ਸਾਈਕਲ ਨੂੰ ਲਸਾੜਾ ਡਰੇਨ ਵਿੱਚ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਸੁੱਟ ਦਿੱਤੀ ਤੇ ਸਬੂਤ ਮਿਟਾ ਦਿੱਤੇ । ਪੁਲਿਸ ਨੇ ਇਸ ਮਾਮਲੇ ਦੀ ਤਫਤੀਸ਼ ਦੌਰਾਨ ਮੁਕੱਦਮੇ ’ਚ ਧਾਰਾ 365, 34 ਦਾ ਘਾਟਾ ਕਰਕੇ ਧਾਰਾ 364, 302, 201, 148, 149 ਦਾ ਵਾਧਾ ਕਰਕੇ ਉਪਰੋਕਤ ਸਾਰੇ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ। ਇਨ੍ਹਾਂ ਮੁਲਜ਼ਮਾਂ ’ਚੋਂ ਨਰਦੇਵ ਸਿੰਘ ਉਰਫ ਗੱਗੀ (30) ਪੁੱਤਰ ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਉਰਫ ਧੱਤੂ (30) ਪੁੱਤਰ ਮੋਹਨ ਸਿੰਘ ਵਾਸੀਅਨ ਪਿੰਡ ਘੁੰਮਣ ਕਲਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਦਲਜਿੰਦਰ ਸਿੰਘ ਉਰਫ ਨੂਰ ਦੀ ਲਾਸ਼ ਲਾਸਾੜਾ ਡਰੇਨ ਬਾਹੱਦ ਪਿੰਡ ਜੈਦ ’ਚੋਂ ਬਰਾਮਦ ਕਰਵਾਈ ਗਈ ਹੈ।

ਪੁਲਿਸ ਮੁਤਾਬਿਕ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਖੁਲਾਸੇ ਕਰਵਾਏ ਜਾ ਸਕਣ। ਇਸ ਤੋਂ ਇਲਾਵਾ ਮਿ੍ਰਤਕ ਦਲਜਿੰਦਰ ਸਿੰਘ ਦਾ ਮੋਟਰਸਾਈਕਲ ਤੇ ਮੋਬਾਇਲ ਫੋਨ ਬਰਾਮਦ ਕਰਵਾਇਆ ਜਾਣਾ ਬਾਕੀ ਹੈ।

ਕਾਨੂੰਨ ਹੱਥ ’ਚ ਨਾ ਲੈਣ ਕਮੇਟੀਆਂ: ਐੱਸਐੱਸਪੀ

ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜਿਸ ਵਿਅਕਤੀ ਦਲਜਿੰਦਰ ਸਿੰਘ ਦਾ ਨਸ਼ਾ ਤਸਕਰੀ ਦੇ ਸ਼ੱਕ ’ਚ ਕਤਲ ਕੀਤਾ ਹੈ, ਉਸ ਖਿਲਾਫ਼ ਨਸ਼ਾ ਤਸਕਰੀ ਦਾ ਇੱਕ ਵੀ ਪਰਚਾ ਦਰਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕਮੇਟੀਆਂ ਵੱਲੋਂ ਕਿਸੇ ਵੀ ਤਰ੍ਹਾਂ ਕਾਨੂੰਨ ਨੂੰ ਆਪਣੇ ਹੱਥ ’ਚ ਨਾ ਲਿਆ ਜਾਵੇ।