ਰੂਸ ਅਤੇ ਯੂਕਰੇਨ ਤੋਂ ਬਾਅਦ ਹੁਣ ਇਜ਼ਰਾਇਲ ਅਤੇ ਹਮਾਸ ਦੇ ਵਿਚਕਾਰ ਘਮਸਾਣ ਦੇ ਕਾਲੇ ਬੱਦਲ ਸੰਸਾਰ ਜੰਗ (World War) ਦੀਆਂ ਸੰਭਾਵਨਾਵਾਂ ਨੂੰ ਬਲ ਦਿੰਦੇ ਹੋਏ ਲੱਖਾਂ ਲੋਕਾਂ ਦੇ ਰੌਣ-ਚੀਕਣ ਅਤੇ ਬਰਬਾਦ ਹੋਣ ਦਾ ਸਬੱਬ ਬਣ ਰਹੇ ਹਨ। ਜੰਗ ਦੀ ਵਧਦੀ ਮਾਨਸਿਕਤਾ ਵਿਕਸਿਤ ਮਨੁੱਖੀ ਸਮਾਜ ’ਤੇ ਕਲੰਕ ਦਾ ਟਿੱਕਾ ਹੈ। ਹਮਾਸ ਨੇ ਨਾਸਮਝੀ ਦਿਖਾਉਂਦੇ ਹੋਏ ਅੱਤਵਾਦੀ ਹਮਲਾ ਕਰਕੇ ਸੁੱਤੇ ਸ਼ੇਰ ਨੂੰ ਜਗਾ ਦਿੱਤਾ ਹੈ।
ਅੱਤਵਾਦੀ ਹਮਲੇ ਦਾ ਪਹਿਲਾ ਰਾਊਂਡ ਇਸ ਮਾਇਨੇ ’ਚ ਪੂਰਾ ਹੋਇਆ ਮੰਨਿਆ ਜਾ ਸਕਦਾ ਹੈ ਕਿ ਉਸ ਨੂੰ ਅੰਜ਼ਾਮ ਦੇਣ ਵਾਲੇ ਸੰਗਠਨ ਹਮਾਸ ਨੇ ਕਿਹਾ ਹੈ ਕਿ ਉਸ ਦਾ ਜੋ ਮਕਸਦ ਸੀ ਉਹ ਪੂਰਾ ਹੋ ਗਿਆ ਹੈ ਅਤੇ ਹੁਣ ਉਹ ਜੰਗ ਰੋਕਣ ਦੀ ਗੱਲਬਾਤ ਲਈ ਤਿਆਰ ਹੈ। ਪਰ ਸਵਾਲ ਹੈ ਕਿ ਇਜ਼ਰਾਇਲ ਇਸ ਹਮਲੇ ’ਤੇ ਕਿਵੇਂ ਸ਼ਾਂਤ ਰਹੇਗਾ? ਉਸ ਦੇ ਇੱਥੇ ਹੋਈ ਤਬਾਹੀ ਅਤੇ ਵਿਆਪਕ ਜਾਨੀ ਨੁਕਸਾਨ ਤੋਂ ਬਾਅਦ ਉਸ ਲਈ ਕਥਿਤ ਜੰਗਬੰਦੀ ਦੇ ਮਤੇ ਦਾ ਕੋਈ ਅਰਥ ਨਹੀਂ ਹੈ?
ਇਜ਼ਰਾਇਲੀ ਪੀਐਮ ਬੇਂਜਾਮਿਨ ਨੇਤਨਯਾਹੂ ਦੇ ਸਖ਼ਤ ਸ਼ਬਦਾਂ ’ਚ ਕਿਹਾ ਕਿ ‘‘ਜੰਗ ਸ਼ੁਰੂ ਤਾਂ ਹਮਾਸ ਨੇ ਕੀਤੀ ਹੈ, ਪਰ ਖ਼ਤਮ ਅਸੀਂ ਕਰਾਂਗੇ। ਦੁਸ਼ਮਣਾਂ ਨੇ ਅੰਦਾਜ਼ਾ ਵੀ ਨਹੀਂ ਲਾਇਆ ਹੋਵੇਗਾ ਕਿ ਉਨ੍ਹਾਂ ਨੂੰ ਇਸ ਦੀ ਕੀਮਤ ਤਾਰਨੀ ਪਵੇਗੀ।’’ ਅੱਜ ਦੁਨੀਆ ਤੋਂ ਅੱਤਵਾਦ ਖ਼ਤਮ ਕਰਨਾ ਮੁੱਖ ਪਹਿਲ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅੱਤਵਾਦ ਖਿਲਾਫ਼ ਇਸ ਲੜਾਈ ’ਚ ਇਜ਼ਰਾਇਲ ਦੇ ਨਾਲ ਹੈ। ਭਾਰਤ ਜੰਗ ਦਾ ਹਨ੍ਹੇਰਾ ਨਹੀਂ, ਸ਼ਾਂਤੀ ਦਾ ਉਜਾਲਾ ਚਾਹੁੰਦਾ ਹੈ, ਪਰ ਕੋਈ ਜ਼ਬਰੀ ਹਿੰਸਾ ਅਤੇ ਅੱਤਵਾਦ ਨੂੰ ਪੈਦਾ ਕਰਦਾ ਹੈ ਤਾਂ ਉਸ ਨੂੰ ਕੰਟਰੋਲ ਕਰਨ ਲਈ ਲੋੜੀਂਦੇ ਕਦਮ ਚੁੱਕਣੇ ਹੀ ਪੈਣਗੇ। ਹਮਾਸ ਦੇ ਸਰਗਨਾ ਮੁਹੰਮਦ ਡੇਫ ਨੇ ਇਸ ਹਮਲੇ ਨੂੰ ਮਹਾਨ ਕ੍ਰਾਂਤੀ ਦਾ ਦਿਨ ਦੱਸਦਿਆਂ ਕਿਹਾ ਕਿ ‘ਅਸੀਂ ਇਜ਼ਰਾਇਲ ਖਿਲਾਫ਼ ਨਵਾਂ ਫੌਜੀ ਮਿਸ਼ਨ ਸ਼ੁਰੂ ਕੀਤਾ ਹੈ। ਬੱਸ ਹੁਣ ਬਹੁਤ ਹੋ ਗਿਆ। ਹੁਣ ਅਸੀਂ ਹੋਰ ਬਰਦਾਸ਼ਤ ਨਹੀਂ ਕਰਾਂਗੇ।’
ਇਸ ’ਤੇ ਗੁੱਸੇ ’ਚ ਆਏ ਇਜ਼ਰਾਇਲ ਨੇ ਵੀ ਅਧਿਕਾਰਿਕ ਤੌਰ ’ਤੇ ‘ਹਮਾਸ’ ਖਿਲਾਫ਼ ਜੰਗ ਦਾ ਐਲਾਨ ਕਰਕੇ ਇਸ ਨੂੰ ‘ਆਪ੍ਰੇਸ਼ਨ ਆਇਰਨ ਸਵੋਰਡਸ’ ਨਾਂਅ ਦਿੱਤਾ ਹੈ ਅਤੇ ਗਾਜਾਪੱਟੀ ਦੇ ਇਲਾਕੇ ’ਚ 17 ਟਿਕਾਣਿਆਂ ’ਤੇ ਇਜ਼ਰਾਇਲ ਹਵਾਈ ਫੌਜ ਦੇ ਲੜਾਕੂ ਜੈੱਟ ਜਹਾਜ਼ਾਂ ਵੱਲੋਂ ਤਾਬੜਤੋੜ ਹਮਲੇ ਕੀਤੇ ਜਾ ਰਹੇ ਹਨ। ਜਿੱਥੋਂ ਤੱਕ ਇਜ਼ਰਾਇਲ ਦੀ ਜਵਾਬੀ ਕਾਰਵਾਈ ਦਾ ਸਵਾਲ ਹੈ ਤਾਂ ਐਨਾ ਤਾਂ ਤੈਅ ਹੈ ਕਿ ਗੱਲ ਇੱਥੇ ਨਹੀਂ ਰੁਕੇਗੀ, ਜੰਗ ਦਾ ਦੂਜਾ ਰਾਊਂਡ ਸ਼ਾਇਦ ਪਹਿਲਾਂ ਤੋਂ ਜ਼ਿਆਦਾ ਭਿਆਨਕ ਅਤੇ ਤਬਾਹਕਾਰੀ ਹੋਵੇਗਾ, ਪਰ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਨੇਤਨਯਾਹੂ ਸਰਕਾਰ ਇਸ ਨੂੰ ਕਿਸ ਤਰ੍ਹਾਂ ਅੰਜ਼ਾਮ ਦੇਵੇਗੀ। ਫਿਲਹਾਲ ਐਨਾ ਹੀ ਕਿਹਾ ਜਾ ਸਕਦਾ ਹੈ ਕਿ ਗਾਜਾਪੱਟੀ ਉਸ ਦੇ ਹਮਲਿਆਂ ਦਾ ਨਿਸ਼ਾਨਾ ਬਣੇਗੀ।
ਫ਼ਿਲਸਤੀਨੀਆਂ ਲਈ ਅਖੌਤੀ ਹਮਦਰਦੀ | World War
ਗਾਜਾਪੱਟੀ ’ਚ ਹਮਾਸ ਦਾ ਪ੍ਰਭਾਵ ਜ਼ਰੂਰ ਹੈ, ਪਰ ਉੱਥੇ 23 ਲੱਖ ਲੋਕ ਰਹਿ ਰਹੇ ਹਨ ਜਿਨ੍ਹਾਂ ਦਾ ਇੱਕ ਵੱਡਾ ਹਿੱਸਾ ਹਮਾਸ ਦੀਆਂ ਗਤੀਵਿਧੀਆਂ ਅਤੇ ਯੋਜਨਾਵਾਂ ਤੋਂ ਅਣਜਾਣ ਹੋਵੇਗਾ। ਅਜਿਹੇ ਬੇਕਸੂਰ ਲੋਕ ਜਿੰਨੀ ਵੱਡੀ ਗਿਣਤੀ ’ਚ ਇਜ਼ਰਾਇਲੀ ਕਾਰਵਾਈ ਦੇ ਸ਼ਿਕਾਰ ਹੋਣਗੇ, ਮਨੁੱਖੀ ਅਧਿਕਾਰਾਂ ਦਾ ਸਵਾਲ ਉਨੇ ਵੱਡੇ ਰੂਪ ’ਚ ਉੱਭਰੇਗਾ ਅਤੇ ਫ਼ਿਲਸਤੀਨੀਆਂ ਲਈ ਅਖੌਤੀ ਹਮਦਰਦੀ ਵੀ ਜੁਟ ਸਕਦੀ ਹੈ। ਵਿਸ਼ਵ ਸ਼ਾਂਤੀ, ਅਮਨ ਅਤੇ ਅਹਿੰਸਕ ਸਮਾਜ ਦੀ ਰਚਨਾ ਦੁਨੀਆ ਦੀ ਜ਼ਰੂਰਤ ਹੈ, ਪਰ ਹਮਾਸ ਵਰਗੀ ਅੱਤਵਾਦੀ ਸੋਚ ਇਸ ਦਾ ਸਭ ਤੋਂ ਵੱਡਾ ਅੜਿੱਕਾ ਹੈ, ਇਸ ਲਈ ਹਮਾਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਘੱਟ ਹੈ। ਜਿਸ ਸੰਗਠਨ ਨੂੰ ਬੰਦੂਕ ਛੱਡ ਕੇ ਗਾਜਾ ਪੱਟੀ ਦੇ ਵਿਕਾਸ ’ਚ ਲੱਗਣਾ ਚਾਹੀਦਾ ਹੈ, ਉਹ ਸੰਗਠਨ ਧਰਮ-ਅਧਰਮ ਦੇ ਰਸਤੇ ਤਾਕਤ ਸਿਰਫ਼ ਇਸ ਲਈ ਜੁਟਾਉਂਦਾ ਹੈ, ਤਾਂ ਕਿ ਇਜ਼ਰਾਇਲ ਦੇ ਸਰੀਰ ’ਚ ਪਹਿਲਾਂ ਤੋਂ ਕਿਤੇ ਡੂੰਘਾ ਛੁਰਾ ਮਾਰ ਸਕੇ, ਡੂੰਘਾ ਜ਼ਖ਼ਮ ਦੇ ਸਕੇ?
ਇਹ ਵੀ ਪੜ੍ਹੋ: ਪਰਾਲੀ ਦਾ ਪ੍ਰਦੂਸ਼ਣ ਅਤੇ ਅਸਲੀਅਤ
ਮੋਸਾਦ ਬਨਾਮ ਹਮਾਸ ਦੀ ਲੜਾਈ ਮੰਨੋ ਇੱਕੋ ਕਾਰੋਬਾਰ ਬਣ ਗਈ ਹੈ, ਵਿਗੜੀ ਅਤੇ ਹਿੰਸਕ ਮਾਨਸਿਕਤਾ ਦਾ ਸਥਾਈ ਘਰ ਬਣ ਚੁੱਕੀ ਹੈ। ਦੋਵਾਂ ਦੇਸ਼ਾਂ ਦੀਆਂ ਸ਼ਕਤੀਆਂ ਆਖ਼ਰ ਸ਼ਾਂਤੀ ਅਤੇ ਅਮਨ ਦਾ ਸਬਕ ਕਿਉਂ ਨਹੀਂ ਲੈਂਦੀਆਂ? ਖੁਦ ਆਪਣੇ ਦੇਸ਼ ’ਚ ਸਥਾਈ ਸ਼ਾਂਤੀ ਪ੍ਰਤੀ ਗੰਭੀਰ ਕਿਉਂ ਨਹੀਂ ਹੁੰਦੀਆਂ ਹਨ? ਅੱਜ ਉਨ੍ਹਾਂ ਨੂੰ ਸਥਾਈ ਸ਼ਾਂਤੀ ਦੇ ਉਪਾਵਾਂ ’ਤੇ ਜ਼ੋਰ ਦੇਣਾ ਚਾਹੀਦਾ ਹੈ, ਦੁਨੀਆ ਨੂੰ ਅਜਿਹੇ ਦੇਸ਼ਾਂ ਦੀ ਜ਼ਰੂਰਤ ਹੈ, ਜੋ ਅੱਤਵਾਦ ਮੁਕਤੀ ਨੂੰ ਸਹੀ ਦਿਸ਼ਾ ’ਚ ਪ੍ਰੇਰਿਤ ਕਰਨ, ਤਾਂ ਕਿ ਪੱਛਮੀ ਏਸ਼ੀਆ ਦੀ ਖੂਨੀ ਦਲਦਲ ਨੂੰ ਹਮੇਸ਼ਾ ਲਈ ਭਰਿਆ ਜਾ ਸਕੇ। ਹਾਲੇ ਲਿਬਨਾਨ ਵੱਲੋਂ ਹਿਜਬੁੱਲਾ ਦੇ ਕੁਝ ਹਮਲੇ ਹੋਏ ਹਨ ਪਰ ਲਿਬਨਾਨ ਸਰਕਾਰ ਉਸ ਇਲਾਕੇ ’ਚ ਸ਼ਾਂਤੀ ਅਤੇ ਸਥਿਰਤਾ ਬਣੇ ਰਹਿਣ ਦੀ ਇੱਛਾ ਪ੍ਰਗਟਾਉਣ ਤੱਕ ਸੀਮਿਤ ਹੈ। ਇਰਾਨ ਅਤੇ ਸਾਊਦੀ ਅਰਬ ਨੇ ਵੀ ਫਿਲਸਤੀਨੀਆਂ ਦੇ ਹੱਕ ’ਚ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਦੀ ਗੱਲ ਕਹੀ ਹੈ। ਜੇਕਰ ਗੱਲ ਵਧੀ ਅਤੇ ਸਿੱਧੇ ਜਾਂ ਅਸਿੱਧੇ ਰੂਭ ’ਚ ਹਮਾਸ ਲਈ ਹਮਾਇਤ ਵਧੀ ਤਾਂ ਹਾਲਾਤ ਬਦਤਰ ਹੀ ਹੋਣਗੇ।
ਫ਼ਿਰ ਸ਼ਾਂਤੀਪਸੰਦ ਹੋਣ ਦਾ ਢਿੰਡੋਰਾ ਬੰਦ ਹੋਣਾ ਚਾਹੀਦਾ ਹੈ
ਦੁਨੀਆ ਨੂੰ ਲਗਾਤਾਰ ਜੰਗ, ਅੱਤਵਾਦ, ਅਸ਼ਾਂਤੀ, ਹਿੰਸਾ ਵੱਲ ਧੱਕਣ ਵਾਲਿਆਂ ਤੋਂ ਸਵਾਲ ਪੁੱਛਣਾ ਹੀ ਹੋਵੇਗਾ ਕਿ ਜੰਗ ਅਤੇ ਅੱਤਵਾਦ ਨਾਲ ਹਾਸਲ ਕੀ ਹੋਵੇਗਾ? ਸਿਆਸੀ ਆਗੂਆਂ ਨੂੰ ਇਹ ਸਮਝਣਾ ਹੋਵੇਗਾ ਕਿ ਅਜਿਹੀ ਜੰਗ ਅਤੇ ਅੱਤਵਾਦ ਦੀ ਮਾਨਸਿਕਤਾ ਨਾਲ ਕਿਸ ਦਾ ਭਲਾ ਹੋ ਰਿਹਾ ਹੈ? ਨਿਰਦੋਸ਼ਾਂ ਦੀਆਂ ਹੱਤਿਆਵਾਂ ਭਲਾ ਕਿਵੇਂ ਜਾਇਜ਼ ਹਨ? ਜੇਕਰ ਅਜਿਹੀਆਂ ਹੱਤਿਆਵਾਂ ਜਾਇਜ਼ ਹਨ, ਤਾਂ ਫ਼ਿਰ ਸ਼ਾਂਤੀਪਸੰਦ ਹੋਣ ਦਾ ਢਿੰਡੋਰਾ ਬੰਦ ਹੋਣਾ ਚਾਹੀਦਾ ਹੈ। ਦੁਨੀਆ ’ਚ ਛੋਟੀਆਂ-ਛੋਟੀਆਂ ਗੱਲਾਂ ’ਤੇ ਲੋਕਾਂ ਦੇ ਦਿਲ ਦੁਖੀ ਹੋ ਜਾਂਦੇ ਹਨ, ਪਰ ਹਜ਼ਾਰਾਂ ਨਿਰਦੋਸ਼ ਅਤੇ ਮਾਸੂਮ ਬੱਚਿਆਂ ਅਤੇ ਔਰਤਾਂ ਦੀ ਮੌਤ ਨਾਲ ਕੌਣ ਦੁਖੀ ਹੋਇਆ ਹੈ? ਕਿੱਥੇ ਹੈ ਮਨੁੱਖਤਾ? ਕਿੱਥੇ ਹੈ ਵਿਸ਼ਵ ਸ਼ਾਂਤੀ ਦਾ ਸੁਫਨਾ? ਨਿਸ਼ਚਿਤ ਹੀ ਹਿੰਸਾ ਦੀ ਮਿੱਟੀ ’ਚ ਸ਼ਾਂਤੀ ਦੀ ਪਨੀਰੀ ਨਹੀਂ ਉਗਾਈ ਜਾ ਸਕਦੀ।
ਇਹ ਵੀ ਪੜ੍ਹੋ : ਤੜਕੇ-ਤੜਕੇ ਤੂਫਾਨ ਤੇ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ!
ਲਗਭਗ ਸੱਤਰ ਸਾਲ ਤੋਂ ਫਿਲਸਤੀਨ ਦੇ ਨਾਂਅ ’ਤੇ ਜੋ ਖੂਨ-ਖਰਾਬਾ ਹੋ ਰਿਹਾ ਹੈ, ਇਸ ਲਈ ਕੌਣ ਜਿੰਮੇਵਾਰ ਹੈ? ਕੀ ਇਨ੍ਹਾਂ ਇਲਾਕਿਆਂ ’ਚ ਦੁਸ਼ਮਣੀਆਂ ਨੂੰ ਇਨਸਾਨੀ ਰਗਾਂ ’ਚ ਪਾਲ਼ਿਆ ਜਾਂਦਾ ਹੈ, ਤਾਂ ਕਿ ਮੌਕਾ ਆਉਣ ’ਤੇ ਖੂਨ ਡੁਲ੍ਹਿਆ ਜਾ ਸਕੇ? ਕੀ ਅਜਿਹੇ ਇਲਾਕਿਆਂ ’ਚ ਨੌਜਵਾਨ ਜਵਾਨ ਹੀ ਇਸ ਲਈ ਹੁੰਦੇ ਹਨ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਸਕਣ? ਕੋਈ ਅਜਿਹੇ ਦਾਗ-ਧੱਬਿਆਂ ਨਾਲ ਆਪਣੇ ਦੇਸ਼ ਦਾ ਇਤਿਹਾਸ ਲਿਖਦਾ ਹੈ ਕੀ?
ਵੱਡਾ ਸਵਾਲ ਹੈ ਕਿ ਇਸ ਵਿਆਪਕ ਹਿੰਸਾ ਅਤੇ ਅੱਤਵਾਦ ਨੂੰ ਰੋਕਣ ਵਾਲਾ ਕੌਣ ਹੋਵੇਗਾ? ਕੋਈ ਅੱਤਵਾਦੀ ਹਮਾਸ ਦੇ ਨਾਲ ਦਿਸ ਰਿਹਾ ਹੈ, ਤਾਂ ਕੋਈ ਇਜ਼ਰਾਇਲ ਲਈ ਮਿਟ ਜਾਣ ਨੂੰ ਕਾਹਲਾ ਹੈ। ਗੱਲ ਹਰ ਪਾਸੇ ਤਬਾਹੀ ਦੀ ਹੈ। ਜੰਗ ਅਤੇ ਅੱਤਵਾਦ ਕਰਨ ਵਾਲੇ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਕਿਸੇ ਨੂੰ ਵੀ ਅੱਜ ਤੱਕ ਅਜਿਹੀ ਕੋਈ ਮਹੱਤਵਪੂਰਨ ਸਲਾਹ ਨਹੀਂ ਮਿਲੀ, ਜੋ ਉਨ੍ਹਾਂ ਨੂੰ ਸਿੱਧੇ ਰਾਹ ’ਤੇ ਲਿਆ ਸਕੇ। ਜਦੋਂ ਤੱਕ ਅੱਤਵਾਦ ਅਤੇ ਜੰਗ ਦੀ ਮਾਨਸਿਕਤਾ ਵਾਲੇ ਰਾਸ਼ਟਰਾਂ ਦੇ ਹੰਕਾਰ ਨੂੰ ਨਹੀਂ ਮਾਰਿਆ ਜਾਂਦਾ ਉਦੋਂ ਤੱਕ ਜੰਗ ਦੀਆਂ ਸੰਭਵਾਨਾਵਾਂ ਮੈਦਾਨਾਂ ’ਚ, ਸਮੁੰਦਰਾਂ ’ਚ, ਆਕਾਸ਼ ’ਚ ਭਾਵੇਂ ਹੀ ਬੰਦ ਹੋ ਜਾਣ, ਦਿਮਾਗਾਂ ’ਚ ਬੰਦ ਨਹੀਂ ਹੁੰਦੀਆਂ।
ਬੇਰਹਿਮੀ ਅਤੇ ਹਿੰਸਾ ਵਧਦੀ ਜਾ ਰਹੀ ਹੈ
ਇਸ ਲਈ ਜ਼ਰੂਰਤ ਇਸ ਗੱਲ ਦੀ ਵੀ ਹੈ ਕਿ ਜੰਗ ਹੁਣ ਵਿਸ਼ਵ ’ਚ ਨਹੀਂ, ਹਥਿਆਰਾਂ ’ਚ ਲੱਗੇ, ਅੱਤਵਾਦ ਅਤੇ ਹਿੰਸਕ ਮਾਨਸਿਕਤਾ ’ਤੇ ਲੱਗੇ। ਕਾਮਨਾ ਕਰਦੇ ਹਾਂ ਕਿ ਹੁਣ ਮਨੁੱਖ ਯੰਤਰ ਦੇ ਜ਼ੋਰ ’ਤੇ ਨਹੀਂ, ਭਾਵਨਾ, ਵਿਕਾਸ ਅਤੇ ਪ੍ਰੇਮ ਦੇ ਜ਼ੋਰ ’ਤੇ ਜੀਵੇ ਅਤੇ ਜਿੱਤੇ। ਇਸ ਹਿੰਸਕ, ਅੱਤਵਾਦੀ ਅਤੇ ਜੰਗ ਦੇ ਦੌਰ ਦਾ ਦੁਖਦਾਈ ਪਹਿਲੂ ਹੈ ਕਿ ਪੁਤਿਨ ਦਾ ਨਵਾਂ ਰੂਸ ਵੀ ਯੂਕਰੇਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੱਚਿਆਂ ਅਤੇ ਔਰਤਾਂ ਨੂੰ ਨਹੀਂ ਬਖ਼ਸਦਾ ਹੈ। ਜਿੱਥੇ ਆਪਣੇ ਅਤੇ ਗੁਆਂਢੀ ਦੇ ਕਲਿਆਣ ਦੀ ਚਿੰਤਾ ਹੋਣੀ ਚਾਹੀਦੀ ਸੀ, ੳੱੁਥੇ ਸਿਰਫ਼ ਬਦਲੇ ਦੀ ਭਾਵਨਾ ਹਾਵੀ ਹੈ। ਕਰੂਰਤਾ, ਬੇਰਹਿਮੀ ਅਤੇ ਹਿੰਸਾ ਵਧਦੀ ਜਾ ਰਹੀ ਹੈ।
ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਅੱਤਵਾਦੀ ਸਮੂਹ ਨੂੰ ਮਲਬੇ ’ਚ ਸੁੱਟ ਦੇਣ ਦੀ ਸਹੁੰ ਖਾਧੀ ਹੈ। ਬੇਰਹਿਮੀ ਅਤੇ ਕਰੂਰਤਾ ਦੀ ਸਿਖਰ ਕਰ ਰਹੇ ਅੱਤਵਾਦੀਆਂ ਦੀ ਥਾਂ ਮਲਬੇ ’ਚ ਹੀ ਹੈ, ਪਰ ਉਨ੍ਹਾਂ ਮਾਸੂਮ ਬੱਚਿਆਂ, ਔਰਤਾਂ ਅਤੇ ਨਿਰਦੋਸ਼ਾਂ ਦਾ ਕੀ ਕਸੂਰ, ਜੋ ਕਿਤਿਓਂ ਵੀ ਅੱਤਵਾਦੀ ਨਹੀਂ ਹਨ, ਪਰ ਨਿਸ਼ਾਨਾ ਬਣ ਰਹੇ ਹਨ? ਕੀ ਮਨੁੱਖੀ ਸੱਭਿਅਤਾ ’ਚ ਅੱਤਵਾਦ ਖਿਲਾਫ਼ ਕੋਈ ਵੀ ਲੜਾਈ ਦੋਸ਼ੀ ਅਤੇ ਨਿਰਦੋਸ਼ ਵਿਚਕਾਰ ਫ਼ਰਕ ਕੀਤੇ ਬਿਨਾਂ ਸਫਲ ਹੋ ਸਕਦੀ ਹੈ?
ਇਹ ਦੁਨੀਆ ਦੀ ਇੱਕ ਵੱਡੀ ਅਬਾਦੀ ਨੂੰ ਹਰ ਸਮੇਂ ਤਬਾਹੀ ਦੀਆਂ ਸੰਭਾਵਨਾਵਾਂ ’ਤੇ ਕਾਇਮ ਰੱਖਣ ਵਰਗਾ ਹੈ। ਅਜਿਹੀ ਜੰਗ ਦਾ ਹੋਣਾ ਜੇਤੂ ਅਤੇ ਅਜੇਤੂ ਦੋਵਾਂ ਹੀ ਰਾਸ਼ਟਰਾਂ ਨੂੰ ਸਦੀਆਂ ਤੱਕ ਪਿੱਛੇ ਧੱਕ ਦੇਵੇਗੀ, ਇਸ ਨਾਲ ਭੌਤਿਕ ਨੁਕਸਾਨ ਤੋਂ ਇਲਾਵਾ ਮਨੁੱਖਤਾ ਦੇ ਅਪਾਹਿਜ਼ ਹੋਣ ਦਾ ਵੀ ਵੱਡਾ ਕਾਰਨ ਬਣਦੀ ਹੈ। ਜੰਗ ਅਤੇ ਤਬਾਹੀ ਦੇ ਹਾਲਾਤਾਂ ਵਿਚਕਾਰ ਜ਼ਿਕਰਯੋਗ ਹੈ ਕਿ ਇਜ਼ਰਾਇਲ ਨੇ 1970 ’ਚ ਇਰਾਕ ਵੱਲੋੋਂ ਫਰਾਂਸ ਤੋਂ ਖਰੀਦੇ ਪਰਮਾਣੂ ਪਲਾਂਟ ’ਤੇ 1 ਮਿੰਟ 20 ਸੈਕਿੰਡ ’ਚ 16 ਬੰਬ ਸੁੱਟ ਕੇ ਪਰਮਾਣੂ ਪਲਾਂਟ ਨਸ਼ਟ ਕਰਨ ’ਚ ਸਫ਼ਲਤਾ ਪਾਈ ਸੀ।
ਇਹ ਵੀ ਪੜ੍ਹੋ : ਬੀਐਸਐਫ਼ ਚੌਂਕੀ ਗੱਟੀ ਹਯਾਤ ਤੋਂ ਮਿਲਿਆ ਕੁਆਡਕੈਪਟਰ ਮੇਡ ਇਨ ਚਾਇਨਾ ਡਰੋਨ
ਕਹਿਣਾ ਮੁਸ਼ਕਿਲ ਹੈ ਕਿ ਇਸ ਘਟਨਾਕ੍ਰਮ ਦਾ ਅੰਜਾਮ ਕੀ ਹੋਵੇਗਾ, ਫਿਲਹਾਲ ਇਹੀ ਕਿਹਾ ਜਾ ਸਕਦਾ ਹੈ ਕਿ ਜਿੰਨੀ ਛੇਤੀ ਇਹ ਵਿਵਾਦ ਸੁਲਝ ਸਕੇ ਓਨਾ ਹੀ ਦੁਨੀਆ ਲਈ ਚੰਗਾ ਹੋਵੇਗਾ। ਪਹਿਲਾਂ ਹੀ ਵਿਸ਼ਵ ਸ਼ਾਂਤੀ ਖਤਰੇ ’ਚ ਪਈ ਹੋਈ ਹੈ, ਹੁਣ ‘ਹਮਾਸ’ ਅਤੇ ਇਜ਼ਰਾਇਲ ਜੰਗ ਨੇ ਇਹ ਖਤਰਾ ਹੋਰ ਵਧਾ ਦਿੱਤਾ ਹੈ ਅਤੇ ਅਤੀਤ ’ਚ ਹੋ ਚੁੱਕੀਆਂ ਦੋ ਸੰਸਾਰ ਜੰਗਾਂ ਤੋਂ ਬਾਅਦ ਤੀਜੀ ਸੰਸਾਰ ਜੰਗ ਦੀ ਆਹਟ ਤੇਜ਼ੀ ਨਾਲ ਸੁਣਾਈ ਦੇ ਰਹੀ ਹੈ। ਜੰਗ ਰੁਕਣ ਦੇ ਨਾਲ ਸ਼ਾਂਤੀ ਦਾ ਵਾਤਾਵਰਨ, ਸ਼ੁੱਭ ਦੀ ਕਾਮਨਾ ਅਤੇ ਮੰਗਲ ਦਾ ਫੈਲਾਅ ਜ਼ਰੂਰੀ ਹੈ। ਮਨੁੱਖ ਦੇ ਭੈਅਭੀਤ ਮਨ ਨੂੰ ਜੰਗ ਦੀ ਦਹਿਸ਼ਤ ਤੋਂ ਮੁਕਤੀ ਦੇਣੀ ਹੋਵੇਗੀ, ਖੁਦ ਨਿੱਡਰ ਬਣ ਕੇ ਵਿਸ਼ਵ ਨੂੰ ਨਿੱਡਰ ਬਣਾਉਣਾ ਹੋਵੇਗਾ। ਇਸ ਨਾਲ ਕਿਸੇ ਇੱਕ ਦੇਸ਼ ਜਾਂ ਦੂਜੇ ਦੇਸ਼ ਦੀ ਜਿੱਤ ਨਹੀਂ ਸਗੋਂ ਸਮੁੱਚੀ ਮਨੁੱਖ ਜਾਤੀ ਦੀ ਜਿੱਤ ਹੋਵੇਗੀ।
ਲਲਿਤ ਗਰਗ
(ਇਹ ਲੇਖਕ ਦੇ ਆਪਣੇ ਵਿਚਾਰ ਹਨ)