ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਭਾਰਤ ਦੇ ਸਾਬਕਾ...

    ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਦਾ ਦੇਹਾਂਤ

    Manohar Singh Gill
    ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਦਾ ਦੇਹਾਂਤ

    (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ (88) (Manohar Singh Gill) ਦਾ ਅੱਜ ਦੇਹਾਂਤ ਹੋ ਗਿਆ। ਉਨਾਂ ਦੇਹਾਂਤ ਦੀ ਖਬਰ ਨਾਲ ਪੂਰੇ ਦੇਸ਼ ’ਚ ਸੋਗ ਦੀ ਲਹਿਰ ਫੈਲ ਗਈ। ਮਨੋਹਰ ਸਿੰਘ ਗਿੱਲ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਦਿੱਲੀ ਦੇ ਇੱਕ ਹਸਪਤਾਲ ’ਚ ਦਾਖਲ ਸਨ। ਅੱਜ ਉਨਾਂ ਨੇ ਹਸਪਤਾਲ ’ਚ ਆਖਰੀ ਸਾਹ ਲਿਆ। ਉਨਾਂ ਦਾ ਅੰਤਿਮ ਸਸਕਾਰ ਕੱਲ ਦਿੱਲੀ ਵਿਖੇ ਹੋਵੇਗਾ।

    ਇਹ ਵੀ ਪੜ੍ਹੋ : ਲੋਹੇ ਦੀ ਰਾਡ ਮਾਰ ਉਤਾਰਿਆ ਮੌਤ ਦੇ ਘਾਟ, ਮੁਲਜ਼ਮ ਗ੍ਰਿਫਤਾਰ

    ਦੱਸ ਦੇਈਏ ਕਿ ਮਨੋਹਰ ਸਿੰਘ ਗਿੱਲ ਤਰਨਤਾਰਨ ਦੇ ਪਿੰਡ ਅਲਾਦੀਨਪੁਰ ਦੇ ਜੰਮਪਲ ਸਨ ਉਨਾਂ ਦਾ ਜਨਮ 14 ਜੂਨ 1936 ਨੂੰ ਹੋਇਆ ਸੀ। ਉਹ ਐੱਮ. ਐੱਸ. ਗਿੱਲ ਦੇ ਨਾਂਅ ਨਾਲ ਮਸ਼ਹੂਰ ਸਨ। ਉਹਨਾਂ ਨੇ 1958 ਤੋਂ 2001 ਵਿੱਚ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵਜੋਂ ਸੇਵਾ ਮੁਕਤ ਹੋਣ ਤੱਕ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਮੈਂਬਰ ਵਜੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਉਹ ਮਨਮੋਹਨ ਸਰਕਾਰ ਵੇਲੇ ਖੇਡ ਮੰਤਰੀ ਵੀ ਰਹੇ।

    ਪੰਜਾਬ ਦੇ ਵਿਕਾਸ ਪੁਰਸ਼ ਮਨੋਹਰ ਸਿੰਘ ਗਿੱਲ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ

    ਭਾਰਤ ਦੇ ਸਾਬਕਾ ਖੇਡ ਮੰਤਰੀ, ਮੁੱਖ ਚੋਣ ਕਮਿਸ਼ਨਰ ਤੇ ਪੰਜਾਬ ਦੇ ਵਿਕਾਸ ਪੁਰਸ਼ ਮਨੋਹਰ ਸਿੰਘ ਗਿੱਲ ਦੇ ਦੇਹਾਂਤ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਆਪਣੇ ਹਰ ਸਵਾਸ ਵਿੱਚ ਪੰਜਾਬ ਦੀ ਚਿੰਤਾ ਤੇ ਸੁਚੇਤ ਅਗਵਾਈ ਕਰਨ ਵਾਲੇ ਮਨੋਹਰ ਸਿੰਘ ਗਿੱਲ ਦਾ ਦੇਹਾਂਤ ਬੇਅੰਤ ਦੁੱਖਦਾਈ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਆਉਣ ਤੋਂ ਬਾਦ ਉਨ੍ਹਾਂ ਪੰਜਾਬ ਵਿੱਤ ਪਹਿਲੀ ਖੰਡ ਮਿੱਲ ਬਟਾਲਾ ’ਚ ਲੁਆਈ। ਉਹ ਮ ਸ ਰੰਧਾਵਾ ਦੇ ਪ੍ਰਸ਼ਾਸਨਿਕ ਚੇਲੇ ਸਨ ਤੇ ਸੁਪਨਿਆਂ ਵਿੱਚ ਪ੍ਰਤਾਪ ਸਿੰਘ ਕੈਰੋਂ ਵਰਗੇ ਦ੍ਰਿੜ ਵਿਅਕਤੀ ਬਣੇ ਰਹੇ। ਉਨ੍ਹਾਂ ਇਹ ਗੱਲ ਮੇਰੇ ਨਾਲ ਬਾਤਚੀਤ ਕਰਦਿਆਂ ਬਹੁਤ ਵਾਰ ਦੁਹਰਾਈ ਕਿ ਮੈਂ ਦੋਹਾਂ ਦਾ ਸੁਮੇਲ ਬਣਨ ਦੀ ਕੋਸ਼ਿਸ਼ ਵਿੱਚ ਉਮਰ ਭਰ ਲੱਗਾ ਰਿਹਾ।

    ਪੰਜਾਬ ਵਿੱਚ ਸ਼ਹੀਦਾਂ ਦੇ ਬੁੱਤ ਵਿਸ਼ਵ ਪ੍ਰਸਿੱਧ ਕਲਾਕਾਰ ਰਾਮ ਸੁਤਾਰ ਵਰਗਿਆਂ ਤੋਂ ਬਣਵਾਏ, ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਪਾਖਰਪੁਰਾ, ਕਿੜੀ ਮੰਗਿਆਲ ਤੇ ਹੋਰ ਥਾਵਾਂ ਤੇ ਭਵਨ ਬਣਵਾਏ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਲਈ ਵੱਡੀ ਗਰਾਂਟ ਭੇਜੀ, ਗੌਰਮਿੰਟ ਕਾਲਿਜ ਲੁਧਿਆਣਾ ਦੇ ਵਿਦਿਆਰਥੀ ਹੋਣ ਨਾਤੇ ਲੱਖਾਂ ਰੁਪਏ ਵਿਕਾਸ ਕਾਰਜਾਂ ਲਈ ਐੱਮ ਪੀ ਲੈਡ ਫੰਡ ਚੋਂ ਦਿੱਤੇ, ਤਰਨਤਾਰਨ ਸਥਿਤ ਗੁਰੂ ਅਰਜਨ ਦੇਵ ਖਾਲਸਾ ਸਕੂਲ ਦੇ ਵਿਦਿਆਰਥੀ ਰਹੇ ਹੋਣ ਕਾਰਨ ਵਿਸ਼ਾਲ ਖੇਡ ਸਟੈਡੀਅਮ ਬਣਵਾਇਆ, ਖਡੂਰ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਸੰਤ ਸੇਵਾ ਸਿੰਘ ਜੀ ਦਾ ਸਾਥ ਦਿੱਤਾ। ਉਹ ਸੱਚ ਮੁੱਚ ਪੰਜਾਬ ਦੇ ਵਿਕਾਸ ਪੁਰਸ਼ ਸਨ। ਵੱਡੇ ਵੀਰ ਹੋਣ ਨਾਤੇ ਉਹ ਲਾਡ ਨਾਲ ਘੂਰ ਵੀ ਲੈਂਦੇ ਸਨ ਤੇ ਪਿਆਰ ਨਾਲ ਸਮਝਾਉਣਾ ਵੀ ਜਾਣਦੇ ਸਨ। ਉਨ੍ਹਾਂ ਦਾ ਵਿਛੋੜਾ ਸਾਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਲਈ ਬੇਹੱਦ ਦੁੱਖਦਾਈ ਹੈ।

    ਉਹ ਭਾਰਤੀ ਪ੍ਰਸ਼ਾਸਕੀ ਸੇਵਾ ਦੇ ਸਿਰਕੱਢ ਅਫ਼ਸਰ ਰਹੇ

    ਪੰਜਾਬੀ ਪੀਡੀਆ ਅਨੁਸਾਰ ਸੁਤੰਤਰਤਾ ਉਪਰੰਤ ਪੰਜਾਬ ਦੇ ਵਿਕਾਸ ਅਤੇ ਜੀਵਨ ਦੇ ਅਨੇਕਾਂ ਖੇਤਰਾਂ ਵਿਚ ਪ੍ਰਭਾਵਸ਼ਸਾਲੀ ਯੋਗਦਾਨ ਪਾਉਣ ਵਾਲੇ ਉੱਚ ਪ੍ਰਬੰਧਕੀ ਅਧਿਕਾਰੀਆਂ ਵਿਚ ਸਵਰਗੀ ਮਹਿੰਦਰ ਸਿੰਘ ਰੰਧਾਵਾ ਤੋਂ ਪਿੱਛੋਂ ਡਾ. ਮਨੋਹਰ ਸਿੰਘ ਗਿੱਲ ਦਾ ਨਾਂD ਸਭ ਤੋਂ ਉੱਪਰ ਰੱਖਿਆ ਜਾ ਸਕਦਾ ਹੈ। ਡਾ. ਮਨੋਹਰ ਸਿੰਘ ਗਿੱਲ ਦਾ ਜਨਮ 14 ਜੂਨ, 1936 ਨੂੰ ਕਰਨਲ ਸ. ਪਰਤਾਪ ਸਿੰਘ ਗਿੱਲ (ਸਾਬਕਾ ਲੈਫ.ਗਵਰਨਰ ਗੋਆ) ਦੇ ਘਰ ਹੋਇਆ। ਇਸ ਨੇ ਮੁੱਢਲੀ ਵਿਦਿਆ ਗੁਰੂ ਅਰਜਨ ਦੇਵ ਖਾਲਸਾ ਸਕੂਲ ਤਰਨਤਾਰਨ,ਸੇਂਟ ਫ਼ੀਡੈਲਿਸ ਹਾਈ ਸਕੂਲ, ਮਸੂਰੀ ਅਤੇ ਸੇਂਟ ਜਾਰਜ ਕਾਲਜ ਤੋਂ ; ਬੀ.ਏ. ਸਰਕਾਰੀ ਕਾਲਜ, ਲੁਧਿਆਣਾ ਤੋਂ ਐਮ. ਏ. (ਅੰਗਰੇਜ਼ੀ) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ।

    ਵਿਦਿਆਰਥੀ ਜੀਵਨ ਦੌਰਾਨ ਮਨੋਹਰ ਸਿੰਘ ਗਿੱਲ ਨੇ ਖੇਡਾਂ ਅਤੇ ਵਿਦਿਅਕ ਪ੍ਰਤੀਯੋਗਤਾਵਾਂ ਵਿਚ ਤਮਗੇ ਜਿੱਤੇ ਅਤੇ ਅਨੇਕ ਸਨਮਾਨ ਪ੍ਰਾਪਤ ਕੀਤੇ। ਐਮ.ਏ. ਕਰਨ ਉਪਰੰਤ ਇਹ ਭਾਰਤੀ ਪ੍ਰਸ਼ਾਸਕੀ ਸੇਵਾਵਾਂ ਲਈ ਚੁਣਿਆ ਗਿਆ ਅਤੇ ਆਈ. ਏ. ਐਸ. ਬਣਨ ਤੋਂ ਛੇਤੀ ਹੀ ਪਿੱਛੋਂ ਇਸ ਨੂੰ ਸਮੁੱਚੇ ਕਾਡਰ ਵਿਚੋਂ ਇਕ ਸਾਲ ਛੁੱਟੀ ਦੇ ਕੇ ਕੁਈਨਜ਼ ਕਾਲਜ ਕੈਂਬਰਿਜ (ਯੂ ਕੇ)ਭੇਜਿਆ ਗਿਆ ਜਿਥੇ ਇਨ੍ਹਾਂ ਨੇ ਅਰਥਸ਼ਾਸਤਰ ਅਤੇ ਮਾਨਵ ਵਿਗਿਆਨ ਦਾ ਅਧਿਐਨ ਕੀਤਾ।

    1985 ਵਿਚ ਪੰਜਾਬ ਦੇ ਵਿਕਾਸ ਕਮਿਸ਼ਨਰ ਦੇ ਅਹੁਦੇ ਤੇ ਹੁੰਦਿਆਂ ਸ੍ਰੀ ਗਿੱਲ ਨੁੰ ਸਹਿਕਾਰੀ ਕਰਜ਼ਾ ਪ੍ਰਬੰਧ ਦਾ ਵਿਕਾਸ ਵਿਚ ਯੋਗਦਾਨ ਵਿਸ਼ੇ ਉੱਪਰ ਥੀਸਿਸ ਲਿਖਣ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ। ਸੰਨ 1961 ਵਿਚ ਇਸ ਨੂੰ ਲਾਹੌਲ ਸਪਿਤੀ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ। ਆਪ ਅੰਬਾਲਾ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵੀ ਰਹੇ।

    ਪੱਛੜੇ ਪਹਾੜੀ ਖੇਤਰ ਦੇ ਵਿਕਾਸ ਲਈ ਬਹੁਪੱਖੀ ਯਤਨ

    ਲਾਹੌਲ ਸਪਿਤੀ ਰਹਿੰਦਿਆਂ ਆਪ ਨੇ ਐਵਰੈਸਟ ਜੇਤੂ ਤੇਨਜ਼ਿੰਗ ਨਾਰਗੇ ਨਾਲ ਪਰਬਤ-ਆਰੋਹਣ ਦੀ ਸਿਖਲਾਈ ਪ੍ਰਾਪਤ ਕੀਤੀ। ਅਜਿਹਾ ਕਰਨ ਵਾਲਾ ਉਹ ਪਹਿਲੇ ਉੱਚ ਅਧਿਕਾਰੀ ਸਨ। ਆਪ ਨੇ ਇਸ ਪੱਛੜੇ ਪਹਾੜੀ ਖੇਤਰ ਦੇ ਵਿਕਾਸ ਲਈ ਬਹੁਪੱਖੀ ਯਤਨ ਕੀਤੇ ਜਿਨ੍ਹਾਂ ਵਿਚ ਅਨਪੜ੍ਹਤਾ ਦੂਰ ਕਰਨੀ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਪਹਾੜੀ ਸੜਕਾਂ ਦੀ ਨਿਰਮਾਣ ਅਤੇ ਬਰਫ਼ਾਨੀ ਗਲੇਸ਼ੀਅਰਾਂ ਤੋਂ ਸਿੰਜਾਈ ਲਈ ਪੁਲਾਂ ਦਾ ਨਿਰਮਾਣ ਕਰਨਾ ਸ਼ਾਮਲ ਹਨ। ਕਣਕ ਅਤੇ ਟਮਾਟਰ ਦੇ ਉੱਤਮ ਬੀਜ ਤਿਅਰ ਕਰਵਾ ਕੇ ਇਸ ਇਲਾਕੇ ਦੀ ਆਰਥਿਕਤਾ ਨੂੰ ਸਮੁੱਚੇ ਪੰਜਾਬ ਦੀ ਖੇਤੀ ਪ੍ਰਧਾਨ ਆਰਥਿਕਤਾ ਨਾਲ ਇਕਸੁਰ ਕੀਤਾ ਅਤੇ ਸਥਾਨਕ ਲੋਕਾਂ ਦੀ ਆਮਦਨ ਵਿਚ ਵਰਣਨਯੋਗ ਵਾਧਾ ਕੀਤਾ।

    ਇਸ ਨੇ ਇਥੋਂ ਦੇ ਅਨੁਭਵ ਉੱਪਰ ਆਧਾਰਤ ‘ਹਿਮਾਲੀਅਨ ਵੰਡਰਲੈਂਡ- ਟ੍ਰੈਵਲਜ਼ ਇਨ ਲਾਹੌਲ-ਸਪਿਤੀ’ ਅਤੇ ‘ਫੋਕ ਟੇਲਜ਼ ਆਫ ਲਾਹੌਲ’ ਦੋ ਪੁਸਤਕਾਂ ਵੀ ਲਿਖੀਆਂ । ਲਾਹੌਲ ਸਪਿਤੀ ਦੀਆਂ ਲੋਕ ਕਹਾਣੀਆਂ ਨਾਮ ਹੇਠ ਉਨ੍ਹਾਂ ਦੀ ਦੂਜੀ ਰਚਨਾ ਦਾ ਅਨੁਵਾਦ ਜਗਵਿੰਦਰ ਜੋਧਾ ਨੇ ਕੀਤਾ ਹੈ ਜਿਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ।

    ਪੰਜਾਬ ਦੇ ਸਹਿਕਾਰਤਾ ਖੇਤਰ ਵਿਚ ਡਾ. ਗਿੱਲ ਦਾ ਵੱਡਾ ਯੋਗਦਾਨ

    ਪੰਜਾਬ ਦੇ ਸਹਿਕਾਰਤਾ ਖੇਤਰ ਵਿਚ ਡਾ. ਗਿੱਲ ਦੇ ਇਸ ਮੁੱਲਵਾਨ ਯੋਗਦਾਨ ਨੂੰ ਵੇਖਦੇ ਹੋਏ ਕੇਂਦਰੀ ਸਰਕਾਰ ਨੇ ਇਸ ਨੂੰ ਕੌਮੀ ਸਹਿਕਾਰਤਾ ਵਿਕਾਸ ਨਿਗਮ (N.C.D.C) ਦਾ ਮੈਨੇਜਿੰਗ ਡਾਇਰੈੱਕਟਰ ਬਣਾਇਆ ਗਿਆ। ਇਸ ਦੀ ਰਹਿਨੁਮਾਈ ਹੇਠ ਬਹੁਤਾ ਝਾੜ ਦੇਣ ਵਾਲੀਆਂ ਕਣਕ ਅਤੇ ਝੋਨੇ ਦੀਆਂ ਕਿਸਮਾਂ ਪੈਦਾ ਕਰਨ ਵਿਚ ਪੰਜਾਬ ਦੇ ਖੇਤੀ ਸੈਕਟਰ ਨੇ ਵੱਡੀ ਪੁਲਾਂਘ ਪੁੱਟੀ। ਪੰਜਾਬ ਵਿਚ ਡਾ. ਗਿੱਲ ਦੇ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਵਿਸ਼ਵ ਬੈਂਕ ਵੱਲੋਂ ਇਸ ਨੂੰ ਨਾਈਜੀਰੀਆ ਦੇ ਸਕੇਟੋ ਖੇਤੀ-ਬਾੜੀ ਵਿਕਾਸ ਯੋਜਨਾ ਦਾ ਪ੍ਰੋਗਰਾਮ ਮੈਨੇਜਰ ਥਾਪਿਆ ਗਿਆ। ਇਸ ਪ੍ਰੋਗਰਾਮ ਦੇ ਘੇਰੇ ਵਿਚ ਕਾਨੂੰ, ਬਾਅਚੀ ਅਤੇ ਸਕੇਟੋ ਦੇ ਖੇਤਰ ਆਉਣੇ ਸਨ। ਇਸ ਪ੍ਰਾੱਜੈਕਟ ਦੀ ਮੈਨੇਜਰੀ ਤੇ ਤਾਇਨਾਤ ਹੋਣ ਵਾਲਾ ਇਹ ਪਹਿਲਾ ਗੈਰ ਗੋਰਾ ਅਧਿਕਾਰੀ ਸੀ। ਇਕ ਤਰ੍ਹਾਂ ਨਾਲ ਇਹ ਨਾਈਜੀਰੀਆ ਦੇ ਵਿਸ਼ਾਲ ਖੇਤਰ ਦਾ ਸੁਪਰ ਵਿਕਾਸ ਕਮਿਸ਼ਨਰ ਸੀ। ਇਸ ਨੇ ਨਾਈਜੀਰੀਆ ਵਰਗੇ ਗਰੀਬ ਦੇਸ਼ ਲਈ ਬਹੁਤ ਹੀ ਢੁੱਕਵੀਂ ਤੇ ਸਸਤੀ ਭਾਰਤੀ ਤਕਨੀਕ ਦੀ ਵਰਤੋਂ ਲਾਗੂ ਕੀਤੀ ਜਿਸ ਨਾਲ ਵਿੱਤੀ ਫਜ਼ੂਲ ਖਰਚੀ ਤੋਂ ਬਚਾਓ ਹੋ ਸਕਿਆ। ਵਿਸ਼ਵ ਬੈਂਕ ਨੇ ਇਸ ਵੱਲੋਂ ਲਾਗੂ ਕੀਤੇ ਮਾਡਲ ਨੂੰ ਫਾਦਮਾ ਦਰਿਆਈ ਵਾਦੀ ਵਿਚ ਵੀ ਲਾਗੂ ਕੀਤਾ।

    ਸੰਨ 1993 ਵਿਚ ਇਹ ਚੋਣ ਕਮਿਸ਼ਨਰ ਅਤੇ 1996 ਈ. ਵਿਚ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਹੋਇਆ। ਇਸ ਨੇ ਇਸ ਪਦਵੀ ਉੱਪਰ ਠਰ੍ਹੰਮੇ ਅਤੇ ਦ੍ਰਿੜਤਾ ਨਾਲ ਲਗਾਤਾਰ ਬੁਨਿਆਦੀ ਸੁਧਾਰਾਂ ਦਾ ਸਿਲਸਿਲਾ ਜਾਰੀ ਰੱਖਿਆ। ਕਰੋੜਾਂ ਵੋਟਰਾਂ ਨੂੰ ਵੋਟਰ ਪਛਾਣ ਪੱਤਰ ਬਣਵਾ ਕੇ ਦਿੱਤੇ ਗਏ। ਇਲੈਕਟ੍ਰਾੱਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਚਾਲੂ ਕੀਤੀ ਗਈ। ਵੋਟਾਂ ਦੌਰਾਨ ਧਨ ਦੀ ਵਰਤੋਂ ਘਟਾਉਣ ਲਈ ਚੋਣ ਪ੍ਰਚਾਰ ਦਾ ਸਮਾਂ ਘੱਟ ਕੀਤਾ ਗਿਆ। ਚੋਣਾਂ ਦੇ ਐਲਾਨ ਵਾਲੇ ਦਿਨ ਤੋਂ ਹੀ ਮਾਡਲ ਚੋਣਜ਼ਾਬਤਾ ਲਾਗੂ ਕੀਤਾ। ਰਾਜਨੀਤਕ ਦਲਾਂ ਦੀਆਂ ਅੰਦਰੂਨੀ ਚੋਣਾਂ ਸਮੇਂ ਸਿਰ ਕਰਨੀਆਂ ਲਾਜ਼ਮੀ ਕੀਤੀਆਂ।

    ਪਦਮ ਵਿਭੂਸ਼ਨ ਜਿਹੇ ਉੱਚ ਸਨਮਾਨ ਨਾਲ ਵੀ ਸਨਮਾਨਿਤ

    ਡਾ. ਗਿੱਲ ਦੇ ਵਡੇਰੇ ਮਾਝੇ ਦੇ ਪ੍ਰਸਿੱਧ ਪਿੰਡ ਅਲਾਦੀਨ ਪੁਰ (ਤਰਨਤਾਰਨ ) ਦੇ ਨਿਵਾਸੀ ਸਨ। ਇਸ ਦੇ ਪਿਤਾ ਸ. ਪਰਤਾਪ ਸਿੰਘ ਗਿੱਲ ਭਾਰਤੀ ਫ਼ੌਜ ਵਿਚੋਂ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਉਪਰੰਤ ਰਾਜਨੀਤੀ ਵਿਚ ਪੂਰੀ ਤਰ੍ਹਾਂ ਸਰਗਰਮ ਰਹੇ ਅਤੇ ਗੋਆ ਦੇ ਉਪ-ਰਾਜਪਾਲ ਵੀ ਰਹੇ। ਇਸ ਤਰ੍ਹਾਂ ਡਾ. ਗਿੱਲ ਨੂੰ ਦਲੇਰੀ, ਅਨੁਸ਼ਾਸਨ ਅਤੇ ਸਮਾਜਕ ਚੇਤਨਾ ਆਪਣੇ ਪਿਤਾ ਪਾਸੋਂ ਵਿਰਸੇ ਵਿਚ ਪ੍ਰਾਪਤ ਹੋਈ। ਸ਼ਾਇਦ ਇਸੇ ਲਈ ਇਸ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਸਮੇਂ ਨਿੱਜੀ ਹਿੱਤਾਂ ਨਾਲੋਂ ਵਿਆਪਕ ਸਮਾਜਕ ਅਤੇ ਰਾਸ਼ਟਰੀ ਹਿੱਤਾਂ ਨੂੰ ਸਦਾ ਸਾਹਮਣੇ ਰਖਿਆ।

    ਇਹ ਇਸ ਦੇ ਸਵੈ-ਅਨੁਸ਼ਾਸਨ ਦਾ ਕਮਾਲ ਹੈ ਕਿ ਆਪਣੇ ਲੰਬੇ ਪ੍ਰਬੰਧਕੀ ਕਾਰਜਕਾਲ ਦੌਰਾਨ ਇਹ ਕਦੇ ਵੀ ਬੇਲੋੜੇ ਵਿਵਾਦ ਦਾ ਕਾਰਨ ਨਹੀਂ ਬਣਿਆ ਸਗੋਂ ਕਈ ਅਤਿ ਨਾਜ਼ੁਕ ਫੈਸਲੇ ਲੈ ਕੇ ਇਸ ਨੇ ਆਪਣੀ ਜਾਤ ਨੂੰ ਕਦੇ ਵਿਵਾਦਾਸਪਦ ਨਹੀਂ ਬਣਨ ਦਿੱਤਾ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵੱਜੋਂ ਕਈ ਬਹੁਦਰਸ਼ੀ ਸੁਧਾਰ ਲਾਗੂ ਕਰ ਕੇ ਵੀ ਭਾਰਤ ਦੀ ਪੇਚਦਾਰ ਰਾਜਸੀ ਸੰਰਚਨਾ ਇਸ ਉੱਪਰ ਉਂਗਲ ਨਹੀ ਉਠਾ ਸਕੀ। 14 ਅਪ੍ਰੈਲ 2004 ਨੂੰ ਇਸ ਨੇ ਰਾਜ ਸਭਾ ਦੇ ਮੈਂਬਰ ਵੱਜੋਂ ਸੁਹੰ ਚੁੱਕੀ। ਪਦਮ ਵਿਭੂਸ਼ਨ ਜਿਹੇ ਉੱਚ ਸਨਮਾਨ ਨਾਲ ਸੁਸ਼ੋਭਿਤ ਪੰਜਾਬ ਦੇ ਇਸ ਹੋਣਹਾਰ ਪੁੱਤਰ ਦੀ ਲਿਆਕਤ ਤੋਂ ਦੇਸ਼ ਅਤੇ ਪੰਜਾਬੀਆਂ ਨੇ ਬਹੁਤ ਲਾਭ ਲਿਆ। ਆਪ ਦੀ ਅਗਵਾਈ ਹੇਠ ਹੀ ਨਵੀਂ ਦਿੱਲੀ ਵਿੱਚ ਕਾਮਨਵੈਲਥ ਖੇਡਾਂ ਹੋਈਆਂ।

    LEAVE A REPLY

    Please enter your comment!
    Please enter your name here