ਲਹਿਰਾਗਾਗਾ (ਰਾਜ ਸਿੰਗਲਾ)। ਲਹਿਰਾਗਾਗਾ (Lehragaga News) ’ਚ ਵਾਰਡ ਨੰਬਰ 8 ਚੈਨਪੁਰ ਬਸਤੀ ਵਾਲਮੀਕਿ ਮੰਦਿਰ ਦੀ ਬੈਕ ਸਾਈਡ ਵਾਲੀ ਗਲੀ ’ਚ ਲੰਮੇ ਸਮੇਂ ਤੋਂ ਸੀਵਰੇਜ ਦੀ ਹੋਦੀ ਦੀ ਟੁੱਟ ਭੱਜ ਅਤੇ ਨਾਲੀਆਂ, ਗਲੀਆਂ ਦੇ ਮਾੜੇ ਹਾਲ ਨੂੰ ਵੇਖ ਮੁਹੱਲਾ ਵਾਸੀ ਕਾਫੀ ਸਮੇਂ ਤੋਂ ਪ੍ਰੇਸ਼ਾਨ ਹਨ ਸੀਵਰੇਜ ਦਾ ਮੇਨ ਹਾਲ ’ਚ ਡਾਇਰੈਕਟ ਨਾਲੀਆਂ ਦਾ ਪਾਣੀ ਜਾ ਰਿਹਾ ਹੈ ਜਿਸ ਨਾਲ ਸੜਕ ਬੈਠ ਗਈ ਹੈ। ਇਸ ਕਰਕੇ ਕੋਈ ਵੀ ਵਹੀਕਲ ਨਹੀਂ ਲੰਘ ਸਕਦਾ ਅਤੇ ਖੁੱਲ੍ਹੇ ਸੀਵਰੇਜ ਕਾਰਨ ਮੱਛਰ, ਮਲੇਰੀਆ ਫੈਲਣ ਕਾਰਨ ਲੋਕ ਬਿਮਾਰ ਹੋ ਰਹੇ ਹਨ।
ਵਾਰਡ ਵਾਸੀ ਅਰਜੁਨ ਗਿੱਲ ਨੇ ਦੱਸਿਆ ਕਿ ਕਈ ਵਾਰੀ ਮਾਮਲਾ ਨਗਰ ਕੌਂਸਲ ਦੇ ਧਿਆਨ ਹਿਤ ਲਿਆਂਦਾ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਇਥੋਂ ਦੇ ਈਓ ਸਾਹਿਬ ਨੂੰ ਮੁਹੱਲਾ ਵਾਸੀ ਲਿਖਤੀ ਰੂਪ ’ਚ ਅਰਜ਼ੀ ਦੇ ਚੁੱਕੇ ਸਨ ਪਰ ਫੇਰ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ। ਅਰਜਨ ਗਿੱਲ ਨੇ ਕਿਹਾ ਕਿ ਗੇੜੇ ਮਾਰ-ਮਾਰ ਥੱਕ ਚੁੱਕੇ ਹਾਂ ਪਰ ਦਫ਼ਤਰ ਵਾਲੇ ਕਹਿ ਦਿੰਦੇ ਹਨ ਕਿ ਕੱਲ੍ਹ ਕਰਵਾ ਦਿਆਂਗੇ ਇਹ ਮਸਲਾ ਤਕਰੀਬਨ ਲਗਾਤਾਰ ਇਕ ਮਹੀਨੇ ਤੋਂ ਚੱਲ ਰਿਹਾ ਹੈ। ਜਦੋਂ ਇੱਥੋਂ ਦੇ ਜੇਈ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਵੀ ਲਾਰਿਆਂ ਤੋਂ ਬਿਨਾ ਕੁਝ ਨਾ ਕੀਤਾ। ਇੱਕ ਪਾਸੇ ਠੇਕੇਦਾਰ ਲੱਖਾਂ ਰੁਪਏ ਦੇ ਬਿੱਲ ਪਾਸ ਕਰਵਾ ਰਿਹਾ ਪਰ ਨਾਲੀਆਂ, ਗਲੀਆਂ ਲਈ ਵਾਰ ਵਾਰ ਨਗਰ ਕੌਂਸਲ ਦੇ ਤਰਲੇ ਮਿੰਨਤਾਂ ਕਰਨੇ ਪੈਂਦੇ ਹਨ। (Lehragaga News)
ਘਟਨਾ ਦਾ ਇੰਤਜ਼ਾਰ | Lehragaga News
ਇਸ ਸਬੰਧੀ ਮੁਹੱਲਾ ਵਾਸੀਆਂ ਨੇ ਕਿਹਾ ਪ੍ਰਸ਼ਾਸਨ ਇਸ ਸਮੇਂ ਕਿਸੇ ਅਣਹੋਣੀ ਘਟਨਾ ਦਾ ਇੰਤਜ਼ਾਰ ਕਰ ਰਿਹਾ ਹੈ।ਕਈ ਦਿਨ ਪਹਿਲਾਂ ਇਕ ਮੋਟਰ ਸਾਇਕਲ ਸਵਾਰ ਇਸ ਖੱਡੇ ’ਚ ਡਿੱਗ ਗਿਆ ਸੀ, ਓਹ ਨੌਜਵਾਨ ਬਾਹਰ ਤੋਂ ਸੀ ਉਸਨੂੰ ਨਹੀਂ ਪਤਾ ਸੀ ਕਿ ਇਹ ਸੜਕ ਦੀ ਟੁੱਟ ਭੱਜ ਹੈ। ਇਸ ਨੂੰ ਨਗਰ ਕੌਂਸਲ ਦੇ ਧਿਆਨ ਹਿੱਤ ਲਿਆਂਦਾ ਗਿਆ। ਜੇਈ ਸਾਹਿਬ ਨੇ ਇਸ ਖੱਡੇ ਨੂੰ ਬੰਦ ਕਰਵਾ ਦਿੱਤਾ ਸੀ ਪਰ ਫੇਰ ਵੀ ਕੰਮ ਨੂੰ ਅਧੂਰਾ ਛੱਡ ਦਿੱਤਾ, ਜਿਸ ਨਾਲ ਆਮ ਲੋਕਾਂ ਦਾ ਲੰਘਣ ਵਾਲਾ ਰਸਤਾ ਵੀ ਬੰਦ ਹੋ ਗਿਆ।
ਕੰਮ ਜਲਦੀ ਨੇਪਰੇ ਚਾੜ੍ਹ ਦਿੱਤਾ ਜਾਵੇਗਾ
ਜਦੋਂ ਇਸ ਸਬੰਧੀ ਵਾਰਡ ਦੇ ਐਮਸੀ ਸੁਰਿੰਦਰ ਕੁਮਾਰ ਜੱਗੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਦੇ ਧਿਆਨ ’ਚ ਇਹ ਗੱਲ ਵਾਰ-ਵਾਰ ਲਿਆ ਦਿੱਤੀ ਗਈ ਹੈ ਤੇ ਜਲਦੀ ਹੀ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ। ਕੁਝ ਕੁ ਕੰਮ ਠੇਕੇਦਾਰਾਂ ਵੱਲੋਂ ਕਰ ਦਿੱਤਾ ਗਿਆ ਬਾਕੀ ਰਹਿੰਦਾ ਕੰਮ ਵੀ ਬਹੁਤ ਜਲਦੀ ਨੇਪਰੇ ਚਾੜ੍ਹ ਦਿੱਤਾ ਜਾਵੇਗਾ। ਮੁਹੱਲਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਵਾਰਡ ਨੰਬਰ ਅੱਠ ’ਚ ਵਿਸ਼ੇਸ਼ ਤੌਰ ’ਤੇ ਸਫਾਈ ਅਤੇ ਜੋ ਵੀ ਖੱਡੇ ਖੁੱਲ੍ਹੇ ਹਨ ਉਨ੍ਹਾਂ ਉੱਤੇ ਢੱਕਣ ਲਾਏ ਜਾਣਗੇ ਅਤੇ ਨਾਲੀਆਂ ਗਲੀਆਂ ਦਾ ਕੰਮ ਪੱਕੇ ਤੌਰ ’ਤੇ ਕੀਤਾ ਜਾਵੇਗਾ।