ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਵਿਖਾਈ ਹਿੰਮਤ
- ਸੂਏ ‘ਚ ਨਹਾਉਣ ਗਏ ਚਾਰ ਬੱਚਿਆਂ ‘ਚੋਂ 2 ਦੀ ਸੂਏ ‘ਚ ਡੁੱਬਣ ਨਾਲ ਮੌਤ
ਰਾਮਪੁਰਾ ਫੂਲ, (ਅਮਿਤ ਗਰਗ) ਸਥਾਨਕ ਬਾਈਪਾਸ ਰੋਡ ‘ਤੇ ਸਥਿੱਤ ਮਾਲ ਮੰਡੀ ਦੇ ਸਾਹਮਣੇ ਸੂਏ ਦੇ ਅਸਥਾਈ ਪੁਲ ਕੋਲ ਗਰਮੀ ਤੋਂ ਰਾਹਤ ਪਾਉਣ ਲਈ ਸੂਏ ਵਿੱਚ ਨਹਾਉਣ ਗਏ ਦੋ ਬੱਚਿਆਂ ਦੀ ਸੂਏ ਵਿੱਚ ਡੁੱਬਕੇ ਮੌਤ ਹੋ ਗਈ। ਜਦੋਂਕਿ ਉਹਨਾਂ ਦੇ ਦੋ ਹੋਰ ਸਾਥੀਆਂ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਸਹਾਰਾ ਗਰੁੱਪ ਪੰਜਾਬ ਦੇ ਮੈਂਬਰਾਂ ਵੱਲੋਂ ਮੌਕੇ ‘ਤੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਸੂਏ ਵਿੱਚੋਂ ਕੱਢ ਲਿਆ ਗਿਆ।
ਜਾਣਕਾਰੀ ਅਨੁਸਾਰ ਸਥਾਨਕ ਬੱਸ ਸਟੈਂਡ ਕੋਲ ਸਥਿਤ ਨਾਥਾ ਬਸਤੀ ਵਿੱਚ ਰਹਿਣ ਵਾਲੇ ਚਾਰ ਬੱਚੇ ਸਵੇਰੇ 10 ਵਜੇ ਦੇ ਕਰੀਬ ਸਥਾਨਕ ਬਾਈਪਾਸ ਰੋਡ ‘ਤੇ ਸਥਿੱਤ ਮਾਲ ਮੰਡੀ ਦੇ ਸਾਹਮਣੇ ਸੂਏ ਵਿੱਚ ਨਹਾਉਣ ਲਈ ਆਏ ਸਨ। ਸੂਏ ਦਾ ਪਾਣੀ ਡੂੰਘਾ ਹੋਣ ਕਾਰਨ ਉਕਤ ਬੱਚੇ ਅਚਾਨਕ ਸੂਏ ਵਿੱਚ ਡੁੱਬਣ ਲੱਗੇ। ਬੱਚਿਆਂ ਨੂੰ ਡੁੱਬਦਿਆਂ ਦੇਖ ਕੋਲ ਹੀ ਚੱਲ ਰਹੇ ਇੱਕ ਧਾਰਮਿਕ ਸਮਾਗਮ ਵਿੱਚ ਮੌਜੂਦ ਲੋਕਾਂ ਵੱਲੋਂ ਤੁਰੰਤ ਡੇਰਾ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸੂਚਿਤ ਕੀਤਾ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਧਰਮਾ ਇੰਸਾਂ, ਅਮਨਦੀਪ ਇੰਸਾਂ, ਬਲਜਿੰਦਰ ਇੰਸਾਂ, ਠੇਕੇਦਾਰ ਪਾਲੀ ਇੰਸਾਂ, ਗੁਰਤੇਜ ਇੰਸਾਂ, ਰੋਹਿਤ ਇੰਸਾਂ, ਲਾਲ ਮੁਕੇਸ਼ ਇੰਸਾਂ, ਛਿੰਦਾ ਇੰਸਾਂ ਆਦਿ ਨੇ ਮੌਕੇ ‘ਤੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਬੱਚਿਆਂ ਨੂੰ ਪਾਣੀ ਵਿੱਚੋਂ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇੱਕ ਬੱਚੇ ਨੂੰ ਕੁਝ ਸਮੇਂ ਬਾਅਦ ਹੀ ਸਹੀ ਸਲਾਮਤ ਸੂਏ ਵਿੱਚੋਂ ਕੱਢ ਲਿਆ ਗਿਆ ਜਦਕਿ ਬਾਕੀ ਤਿੰਨ ਬੱਚਿਆਂ ਨੂੰ ਕਰੀਬ ਦੋ ਘੰਟਿਆਂ ਦੀ ਜਦੋ-ਜਹਿਦ ਤੋਂ ਬਾਅਦ ਪਾਣੀ ਵਿੱਚੋਂ ਕੱਢ ਕੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਦੋ ਬੱਚਿਆਂ ਸੰਜੂ ਨਾਥ (7) ਪੁੱਤਰ ਆਲੂ ਨਾਥ ਅਤੇ ਸੰਟੀ ਨਾਥ (8) ਪੁੱਤਰ ਬਾਲੀ ਨਾਥ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦਕਿ ਉਹਨਾਂ ਦੇ ਤੀਜੇ ਸਾਥੀ ਰਾਹੁਲ ਨਾਥ (9) ਪੁੱਤਰ ਛਿੰਦਾ ਨਾਥ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਘਟਨਾ ਦੀ ਸੂਚਨਾ ਮਿਲਣ ‘ਤੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਮੌਕੇ ‘ਤੇ ਪਹੁੰਚ ਗਏ। ਉਕਤ ਬੱਚੇ ਸਥਾਨਕ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਹਨ।ਮ੍ਰਿਤਕ ਬੱਚਿਆਂ ਵਿੱਚੋਂ ਸੰਜੂ ਨਾਥ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਘਟਨਾਂ ਤੋਂ ਬਾਅਦ ਜਿੱਥੇ ਸਥਾਨਕ ਸਿਵਲ ਹਸਪਤਾਲ ਮ੍ਰਿਤਕ ਬੱਚਿਆਂ ਦੇ ਮਾਪਿਆਂ ਦੇ ਵਿਰਲਾਪ ਨਾਲ ਗੂੰਜ ਰਿਹਾ ਸੀ ਉੱਥੇ ਹੀ ਘਟਨਾ ਦੇ ਚੱਲਦਿਆਂ ਸ਼ਹਿਰ ਵਿੱਚ ਸੋਗ ਦੀ ਲਹਿਰ ਸੀ।
ਸੇਵਾਦਾਰਾਂ ਨੂੰ ਦਿੱਤੀ ਜਾਂਦੀ ਹੈ ਸਿਖਲਾਈ
ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਭਲਾਈ ਕਾਰਜ ਕਰਨ ਵਾਲੀ ਸੰਸਥਾ ਹੈ ਇਸ ਵਿੰਗ ਦੇ ਮੈਂਬਰਾਂ ਨੂੰ ਡੁੱਬਦਿਆਂ ਨੂੰ ਬਚਾਉਣ ਲਈ ਤੈਰਾਕੀ ਦੀ ਸਿਖਲਾਈ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਕਿਸੇ ਇਮਾਰਤ ਦੇ ਡਿੱਗਣ ਜਾਂ ਅੱਗ ਲੱਗਣ ‘ਤੇ ਮੁਸੀਬਤ ‘ਚ ਫਸੇ ਲੋਕਾਂ ਦੀ ਜਾਨ ਬਚਾਉਣ ਤੇ ਮੁੱਢਲੀ ਸਹਾਇਤਾ ਦੇਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਭਲਾਈ ਦੀ ਇਹ ਫੌਜ ਕੁਦਰਤੀ ਆਫ਼ਤਾਂ ਵੇਲੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹਜ਼ਾਰਾਂ ਜਾਨਾਂ ਬਚਾ ਚੁੱਕੀ ਹੈ