ਤਿੰਨ ਦੇ ਕਰੀਬ ਜ਼ਖ਼ਮੀ (Fire)
(ਰਾਜਨ ਮਾਨ) ਅੰਮ੍ਰਿਤਸਰ। ਮਜੀਠਾ ਤੋਂ ਅੰਮ੍ਰਿਤਸਰ ਸੜਕ ‘ਤੇ ਪਿੰਡ ਨਵੇਂ ਨਾਗ ਵਿਖੇ ਸਥਿਤ ਦਵਾਈਆਂ ਦੀ ਫੈਕਟਰੀ ਕਵਾਲਟੀ ਫਾਰਮਾਸਿਊਟੀਕਲਜ਼ ‘ਚ ਬੀਤੀ ਸ਼ਾਮ ਭਿਆਨਕ ਅੱਗ ਲੱਗਣ ਕਾਰਨ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਦੇ ਕਰੀਬ ਲੋਕ ਜ਼ਖਮੀਂ ਹੋਏ ਹਨ। ਅੱਗ (Fire) ਲੱਗਣ ਨਾਲ ਫੈਕਟਰੀ ਦਾ ਕਰੋੜਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਉਕਤ ਫੈਕਟਰੀ ਦੇ ਸਟੋਰ ਜਿਸ ਵਿੱਚ ਕੈਮੀਕਲ ਰੱਖੇ ਹੋਏ ਸਨ ਵਿਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਇੰਨੀਂ ਭਿਆਨਕ ਸੀ ਕਿ ਕੁਝ ਪਲਾਂ ਵਿੱਚ ਉਸਨੇ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਨਾਲ ਕੈਮੀਕਲ ਵਾਲੇ ਡਰੰਮ ਜਿਵੇਂ ਜਿਵੇਂ ਫੱਟਦੇ ਸਨ ਤਾਂ ਭਾਰੀ ਧਮਾਕਾ ਹੁੰਦਾ ਸੀ। ਜਿਸ ਵਕਤ ਅੱਗ ਲੱਗੀ ਸੀ ਉਸ ਵਕਤ ਫੈਕਟਰੀ ਦੀ ਉਪਰਲੀ ਮੰਜ਼ਿਲ ਵਿਚ ਕੁਝ ਮਜ਼ਦੂਰ ਮੌਜੂਦ ਸਨ। ਅੱਗ ਨਾਲ ਪੈਦਾ ਹੋਏ ਧੂਏਂ ਕਾਰਨ ਚਾਰ ਵਿਅਕਤੀਆਂ ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਸੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰਿਸ਼ਵਤ ਲੈਂਦਾ ਐੱਸਐੱਚਓ ਵਿਜੀਲੈਂਸ ਵੱਲੋਂ ਕਾਬੂ
ਮਿਰਤਕਾਂ ਦੀ ਪਹਿਚਾਣ ਸੁਖਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਭਾਰਥਵਾਲੀ ਬਟਾਲਾ ਜਿਲ੍ਹਾ ਗੁਰਦੁਾਸਪੁਰ, ਗੁਰਭੇਜ਼ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਵੇਰਕਾ, ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਆਬਾਦੀ ਰੋੜੀ ਮਜੀਠਾ, ਰਾਣੀ ਪਤਨੀ ਲੱਕੀ ਵਾਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ। ਅੱਗ ਇੰਨੀਂ ਭਿਆਨਕ ਸੀ ਕਿ ਦਰਜਨਾਂ ਦੇ ਕਰੀਬ ਅੱਗ ਬੁਝਾਊ ਗੱਡੀਆਂ ਨੇ ਕਈ ਘੰਟਿਆਂ ਬਾਅਦ ਕਰੀਬ ਰਾਤ 12 ਵਜੇ ਦੇ ਇਸ ਉਪਰ ਕਾਬੂ ਪਾਇਆ। ਅੱਗ ਉਪਰ ਕਾਬੂ ਪਾਉਣ ਤੋਂ ਬਾਅਦ ਫੈਕਟਰੀ ਦੀ ਜਾਂਚ ਕਰਨ ਤੇ ਫੈਕਟਰੀ ਦੀ ਉਪਰਲੀ ਮੰਜ਼ਿਲ ਤੋਂ ਮਿਰਤਕ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀ ਗਈਆਂ ਹਨ। ਇਹ ਸਾਰੇ ਵਿਅਕਤੀ ਧੂਏਂ ਕਾਰਨ ਸਾਹ ਘੁੱਟਣ ਕਾਰਨ ਮਾਰੇ ਗਏ ਦੱਸੇ ਜਾ ਰਹੇ ਹਨ। ਇਨ੍ਹਾਂ ਮੌਤਾਂ ਦੀ ਪੁਸ਼ਟੀ ਫੈਕਟਰੀ ਦੇ ਮਾਲਕ ਰਮੇਸ਼ ਅਰੋੜਾ ਅਤੇ ਐਸ ਡੀ ਐਮ ਮਜੀਠਾ ਡਾ. ਹਰਨੂਰ ਕੌਰ ਢਿੱਲੋਂ ਵਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਖ਼ਮੀ ਵਰਕਰਾਂ ਦਾ ਇਲਾਜ ਕਰਵਾਕੇ ਉਹਨਾਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਹੈ।