ਆਸਟਰੇਲੀਆ ਜਾਣ ਵੱਲ ਵਧ ਰਿਹੈ ਰੁਝਾਨ | India-Canada dispute
ਮੋਹਾਲੀ (ਐੱਮ. ਕੇ. ਸ਼ਾਈਨਾ)। ਕੈਨੇਡਾ ਤੇ ਭਾਰਤ ਵਿਚਾਲੇ ਚੱਲ ਰਹੇ ਵਿਵਾਦ ’ਚ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ’ਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਸਬੰਧਾਂ ਦਾ ਭਾਰਤ ਦੇ ਵਿਦਿਆਰਥੀਆਂ ’ਤੇ ਕੋਈ ਅਸਰ ਨਹੀਂ ਪਵੇਗਾ। ਵੀਜਿਆਂ ’ਤੇ ਲਾਈ ਗਈ ਆਰਜੀ ਰੋਕ ਦਾ ਵੀ ਭਾਰਤੀ ਵਿਦਿਆਰਥੀਆਂ ’ਤੇ ਕੋਈ ਅਸਰ ਨਹੀਂ ਪਵੇਗਾ, ਕੈਨੇਡਾ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਪਰ ਇਸ ਦੇ ਬਾਵਜ਼ੂਦ ਅਗਲੇ ਸਾਲ ਦੇ ਮਈ ਇਨਟੇਕ ਦੀ ਤਿਆਰੀ ਕਰ ਰਹੇ ਵਿਦਿਆਰਥੀ ਹੁਣ ਕੈਨੇਡਾ ਘੱਟ ਜਾ ਰਹੇ ਹਨ। ਆਈਲੈਟਸ ਕੇਂਦਰਾਂ ਤੋਂ ਸਟੱਡੀ ਵੀਜਾ ਕੇਂਦਰਾਂ ਤੱਕ, ਵਿਦਿਆਰਥੀ ਹੁਣ ਆਸਟ੍ਰੇਲੀਆ ਤੇ ਯੂਕੇ ’ਚ ਦਿਲਚਸਪੀ ਲੈ ਰਹੇ ਹਨ। (India-Canada dispute)
ਆਈਲੈਟਸ ਦੀ ਸਿਖਲਾਈ ਲੈ ਰਹੀ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੇ ਓਟਾਵਾ ਸਥਿਤ ਐਲਗੋਨਕੁਇਨ ਕਾਲਜ, ਜੋ ਕਿ ਇੱਕ ਸਰਕਾਰੀ ਕਾਲਜ ਹੈ, ਵਿੱਚ ਪੜ੍ਹਨ ਲਈ ਜਾਣਾ ਚਾਹੁੰਦੀ ਸੀ, ਪਰ ਕੈਨੇਡਾ ਦੇ ਮੌਜੂਦਾ ਹਾਲਾਤਾਂ ਕਾਰਨ ਉਸ ਨੇ ਹੁਣ ਆਸਟ੍ਰੇਲੀਆ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਏਅਰ ਕਾਰਪੋਰੇਟ ਦੇ ਐੱਮਡੀ ਰਮਨ ਕੁਮਾਰ ਦਾ ਕਹਿਣਾ ਹੈ ਕਿ ਕੈਨੇਡਾ ਦੀ ਆਰਥਿਕਤਾ ਅੰਤਰਰਾਸ਼ਟਰੀ ਵਿਦਿਆਰਥੀਆਂ ’ਤੇ ਨਿਰਭਰ ਹੈ। ਉੱਥੇ ਪਹਿਲਾਂ ਹੀ ਮੰਦੀ ਹੈ। ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ, ਖਰਚੇ ਵਧ ਗਏ ਹਨ। ਹੁਣ ਤਣਾਅ ਵਧ ਗਿਆ ਹੈ, ਇਸ ਲਈ ਇਸ ਦਾ ਅਸਰ ਵਿਦਿਆਰਥੀਆਂ ’ਤੇ ਜ਼ਿਆਦਾ ਪਵੇਗਾ। ਹੁਣ ਵਿਦਿਆਰਥੀ ਯੂਕੇ ਤੇ ਆਸਟ੍ਰੇਲੀਆ ਬਾਰੇ ਵਧੇਰੇ ਪੁੱਛਗਿੱਛ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜ ਹਜ਼ਾਰ ਸੋਸ਼ਲ ਮੀਡੀਆ ਸਮੱਗਰੀ ਨਿਰਮਾਤਾਵਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ
12ਵੀਂ ਦੇ ਨਾਲ-ਨਾਲ ਆਈਲੈਟਸ ਕਰ ਰਹੇ ਪਿ੍ਰੰਸ ਦਾ ਕਹਿਣਾ ਹੈ ਕਿ ਉਸ ਦੇ ਕਈ ਰਿਸ਼ਤੇਦਾਰ ਤੇ ਦੋਸਤ ਕੈਨੇਡਾ ਪੜ੍ਹਨ ਲਈ ਜਾ ਰਹੇ ਹਨ। ਉੱਥੇ ਪੀਆਰ ਲੈਣਾ ਆਸਾਨ ਹੈ ਪਰ ਮੌਜ਼ੂਦਾ ਹਾਲਾਤ ਨੇ ਇਸ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਤਰ੍ਹਾਂ ਉੱਥੇ ਕਤਲ ਹੋ ਰਹੇ ਹਨ ਤੇ ਨਸ਼ਾ ਫੈਲ ਰਿਹਾ ਹੈ ਉਹ ਕਾਫੀ ਚਿੰਤਾਜਨਕ ਹੈ। ਇਸ ਲਈ ਕੈਨੇਡਾ ਦੀ ਬਜਾਏ ਯੂਕੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਨਿਊ ਇਮੇਜ ਦੀ ਐੱਮਡੀ ਪੂਜਾ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ’ਚ ਰੁਝਾਨ ’ਚ ਬਦਲਾਅ ਆਇਆ ਹੈ। ਪਰਿਵਾਰ ਕੈਨੇਡਾ ਦੇ ਨਾਂਅ ਤੋਂ ਵੀ ਬਹੁਤ ਡਰਦੇ ਹਨ। ਵਿਦਿਆਰਥੀਆਂ ਦੀ ਪਹਿਲੀ ਪਸੰਦ ਕੈਨੇਡਾ ਸੀ ਪਰ ਹੁਣ 40 ਫੀਸਦੀ ਵਿਦਿਆਰਥੀ ਕੈਨੇਡਾ ਦਾ ਨਾਂਅ ਵੀ ਸੁਣਨਾ ਨਹੀਂ ਚਾਹੁੰਦੇ।
ਕੈਨੇਡਾ ਸੀ ਵਿਦਿਆਰਥੀਆਂ ਦੀ ਪਹਿਲੀ ਪਸੰਦ
ਬੈਂਚਮਾਰਕ ਇਮੀਗ੍ਰੇਸ਼ਨ ਦੇ ਪਰਮਪ੍ਰੀਤ ਸਿੰਘ ਦਾ ਕਹਿਣਾ ਹੈ ਕਿ 2022 ’ਚ ਲਗਭਗ 7.5 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਗਏ ਸਨ, 2022 ’ਚ 2,26,450 ਭਾਰਤੀ ਵਿਦਿਆਰਥੀ ਕੈਨੇਡਾ ਪੜ੍ਹਨ ਲਈ ਆਏ ਸਨ ਤੇ ਅਮਰੀਕਾ ਵਿਦਿਆਰਥੀਆਂ ਦੀ ਦੂਜੀ ਪਸੰਦ ਬਣ ਗਿਆ ਸੀ। 1,99,182 ਭਾਰਤੀ ਵਿਦਿਆਰਥੀਆਂ ਨੇ ਅਮਰੀਕਾ ’ਚ ਦਾਖਲਾ ਲਿਆ। ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ’ਚ ਬਿ੍ਰਟੇਨ ਤੀਜੇ ਸਥਾਨ ’ਤੇ ਰਿਹਾ। ਯੂਕੇ ਨੇ 1.4 ਲੱਖ ਭਾਰਤੀ ਵਿਦਿਆਰਥੀਆਂ ਨੂੰ ਵਿਦਿਆਰਥੀ ਵੀਜਾ ਜਾਰੀ ਕੀਤਾ, ਪਰ ਅਗਲੇ ਸਾਲ ਤਸਵੀਰ ਬਦਲਣ ਵਾਲੀ ਹੈ। ਹੁਣ ਵਿਦਿਆਰਥੀ ਕੈਨੇਡਾ ਬਾਰੇ ਜਿਆਦਾ ਨਹੀਂ ਪੁੱਛ ਰਹੇ, ਉਨ੍ਹਾਂ ਦੀ ਦਿਲਚਸਪੀ ਆਸਟ੍ਰੇਲੀਆ ’ਚ ਜਿਆਦਾ ਹੈ।