ਵੱਡੀ ਗਿਣਤੀ ਕਿਸਾਨਾਂ ਸਮੇਤ ਵੱਡੀ ਗਿਣਤੀ ‘ਚ ਸ਼ਾਮਿਲ ਹੋਈਆਂ ਔਰਤਾਂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਉਤੱਰੀ ਭਾਰਤ ਦੀਆਂ 18 ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੱਦੇ ਤਹਿਤ ਅੱਜ ਸੁਨਾਮ ਦੇ ਰੇਲਵੇ ਸਟੇਸ਼ਨ ਉੱਤੇ ਠੀਕ 12 ਵੱਜੇ ਹਜ਼ਾਰਾਂ ਕਿਸਾਨਾਂ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮੁੱਖ ਰੇਲਵੇ ਲਾਈਨ ਉੱਤੇ ਧਰਨਾਂ ਦੇ ਕੇ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। (Sunam Railway Station)
ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਦਿਲਬਾਗ ਸਿੰਘ ਹਰੀਗੜ੍ਹ ਤੇ ਸੂਬਾ ਔਰਤ ਆਗੂ ਬਲਜੀਤ ਕੌਰ ਕਿਲਾ ਭਰੀਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।ਉਸੇ ਤਰਜ਼ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ਼ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਉਤੱਰੀ ਭਾਰਤ ਦੀਆਂ 18 ਜੱਥੇਬੰਦੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਉਤੱਰੀ ਭਾਰਤ ਦੇ ਹੜ ਪ੍ਰਭਾਵਿਤ ਸੂਬਿਆਂ ਨੂੰ 50,000 ਪੰਜਾਹ ਹਜ਼ਾਰ ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਕਰਕੇ ਤਬਾਹ ਹੋਈਆਂ ਫਸਲਾਂ, ਡਿੱਗੇ ਘਰਾਂ, ਮਰੇ ਪਸ਼ੂਆਂ ਅਤੇ ਹੜਾਂ ਦੌਰਾਨ ਕੀਮਤੀ ਜਾਨਾਂ ਗੁਆ ਚੁੱਕੇ ਪਰਿਵਾਰਾਂ ਨੂੰ ਯੋਗ ਮੁਆਵਜ਼ੇ ਦਾ ਪ੍ਰਬੰਧ ਕਰੇ।
ਸਾਰੀਆਂ ਫਸਲਾਂ, ਫਲਾਂ ਅਤੇ ਸਬਜ਼ੀਆਂ ਦੇ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਅਤੇ ਖ੍ਰੀਦ ਦੀ ਗਰੰਟੀ ਕਰਨ ਵਾਲਾ ਕਨੂੰਨ ਅਮਲ ਵਿੱਚ ਲਿਆਂਦਾ ਜਾਵੇ। ਆਗੂਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਸਿਰ ਚੜੇ ਕਰਜ਼ੇ ਖ਼ਤਮ ਕੀਤੇ ਜਾਣ। ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਲਾਹੇਵੰਦ ਭਾਅ ਦੀ ਗਰੰਟੀ ਕੀਤੀ ਜਾਵੇ। ਮਨਰੇਗਾ ਸਕੀਮ ਤਹਿਤ ਸਾਲ ਵਿੱਚ 200 ਦਿਨ ਦਾ ਰੁਜ਼ਗਾਰ ਦਿੱਤਾ ਜਾਵੇ। ਉਤੱਰੀ ਭਾਰਤ ਦੇ ਸੂਬਿਆਂ ਅੰਦਰ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ ਸਿੰਥੈਟਿਕ ਨਸ਼ਿਆਂ ਨੂੰ ਰੋਕਣ ਲਈ ਲੋੜੀਂਦੇ ਅਤੇ ਢੁਕਵੇਂ ਪ੍ਰਬੰਧ ਕੀਤੇ ਜਾਣ। (Sunam Railway Station)
ਤਬਾਹ ਹੋਈਆਂ ਫਸਲਾਂ, ਡਿੱਗੇ ਘਰਾਂ, ਮਰੇ ਪਸ਼ੂਆਂ ਅਤੇ ਹੜਾਂ ਦੌਰਾਨ ਜਾਨਾਂ ਗੁਆ ਚੁੱਕੇ ਪਰਿਵਾਰਾਂ ਲਈ ਯੋਗ ਮੁਆਵਜ਼ੇ ਦੀ ਮੰਗ
ਦਿੱਲੀ ਅੰਦੋਲਨ ਦੌਰਾਨ ਵੱਖ ਵੱਖ ਸੂਬਿਆਂ ਅੰਦਰ ਦਰਜ਼ ਪਰਚੇ ਰੱਦ ਕਰਨ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਦੇਣ ਤੋਂ ਇਲਾਵਾ ਲਖੀਮਪੁਰ ਕਤਲਕਾਂਡ ਦੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਅਤੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣ ਰਹੇ ਸੜਕੀ ਮਾਰਗਾਂ ਲਈ ਅਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਰੇਟਾਂ ਵਿੱਚ 6 ਗੁਣਾਂ ਵਾਧਾ ਕਰਕੇ ਦੇਣ ਅਤੇ ਭਾਰਤ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਬਾਦ ਕੀਤੀਆਂ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦੇਣ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਅੱਜ ਪਹਿਲੇ ਪੜਾਅ ਵਿੱਚ ਪੰਜਾਬ ਅੰਦਰ ਲੱਗ ਭੱਗ 12 ਥਾਵਾਂ ਤੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ।
ਆਗੂਆਂ ਨੇ ਦੱਸਿਆ ਕਿ ਇਹ ਜਾਮ ਲਗਾਤਾਰ 30 ਸਤੰਬਰ ਤੱਕ ਜਾਰੀ ਰਹੇਗਾ। ਅੱਜ ਦੇ ਧਰਨੇ ਨੂੰ ਕੁਲਵਿੰਦਰ ਸੋਨੀ ਲੌਂਗੋਵਾਲ, ਹੈਪੀ ਨਮੋਲ, ਦਰਵਾਰਾ ਲੋਹਾਖੇੜਾ, ਸੁਖਦੇਵ ਲੌਂਗੋਵਾਲ, ਲੀਲਾ ਸਿੰਘ ਚੋਟੀਆਂ, ਮੱਖਣ ਪਾਪੜਾ, ਜਸਵੀਰ ਮੈਦੇਵਾਸ, ਸੁਖਦੇਵ ਸ਼ਰਮਾ, ਬਿੰਦਰ ਦਿੜ੍ਹਬਾ, ਜਸਪ੍ਰੀਤ ਬੱਬੂ ਹਰੀਗੜ੍ਹ, ਗੁਰਮੇਲ ਕੈਪਰ,ਸੰਤ ਰਾਮ ਛਾਜਲੀ ਨੇ ਸੰਬੋਧਨ ਕੀਤਾ।