ਲੁਧਿਆਣਾ (ਜਸਵੀਰ ਸਿੰਘ ਗਹਿਲ)। ਹੈਰੋਇਨ ਤਸਕਰੀ ਦੇ ਮਾਮਲੇ ’ਚ ਜ਼ਿਲਾ ਲੁਧਿਆਣਾ ਦੀ ਅਦਾਲਤ ਨੇ ਇੱਕ ਪਤੀ- ਪਤਨੀ ਨੂੰ 20- 20 ਸਾਲ ਦੀ ਸ਼ਜਾ ਤੇ 2-2 ਲੱਖ ਰੁਪਏ ਜ਼ੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਮਾਮਲੇ ਦੇ ਪਿਛੋਕੜ ਸਬੰਧੀ ਜਾਣਕਾਰੀ ਦਿੰਦਿਆਂ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਨਸ਼ੇ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਪਾਰਟੀ ਸਨਅੱਤੀ ਸ਼ਹਿਰ ਲੁਧਿਆਣਾ ਦੇ ਸੇਰਪੁਰ ਬਾਈਪਾਸ ਦਿੱਲੀ ਜੀਟੀ ਰੋਡ ’ਤੇ ਮੌਜੂਦ ਸੀ। (Court)
ਜਿੱਥੇ ਖਾਸ ਮੁਖ਼ਬਰ ਪਾਸੋਂ ਇਤਲਾਹ ’ਤੇ ਮੁਹੰਮਦ ਅਰਬੀ ਤੇ ਜਮੀਲਾ ਬੇਗਮ ਵਾਸੀ ਪਿੰਡ ਜਲਾਲਾਬਾਦ (ਜੰਮੂ) ਦੇ ਖਿਲਾਫ਼ ਥਾਣਾ ਮੋਤੀ ਨਗਰ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਅਤੇ ਦੋਵਾਂ ਨੂੰ ਸਵਿਫ਼ਟ ਕਾਰ ਨੰਬਰੀ ਜੇ.ਕੇ.- 02 ਬੀਐਮ 8335 ਸਮੇਤ ਗਿ੍ਰਫ਼ਤਾਰ ਕੀਤਾ ਗਿਆ ਸੀ। ਜਿੰਨਾਂ ਦੇ ਕਬਜ਼ੇ ਵਿੱਚੋਂ ਪੁਲਿਸ ਨੂੰ 10 ਕਿੱਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਉਨਾਂ ਅੱਗੇ ਦੱਸਿਆ ਕਿ ਉਕਤਾਨ ਪਤੀ-ਪਤਨੀ ਖਿਲਾਫ਼ ਸ਼ਿਵ ਮੋਹਣ ਗਰਗ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਕੇਸ ਚੱਲਿਆ।
ਜਿਸ ’ਚ ਅਦਾਲਤ ਨੇ ਸਪੈਸ਼ਲ ਟਾਸਕ ਫੋਰਸ ਰੇਂਜ ਲੁਧਿਆਣਾ ਵੱਲੋਂ ਕੀਤੀ ਗਈ ਤਫ਼ਤੀਸ ਤੇ ਪੇਸ਼ ਕੀਤੀਆਂ ਗਈਆਂ ਗਵਾਹੀਆਂ ਦੇ ਅਧਾਰ ’ਤੇ ਮੁਹੰਮਦ ਅਰਬੀ ਅਤੇ ਉਸਦੀ ਪਤਨੀ ਜਮੀਲਾ ਬੇਗਮ ਨੂੰ 20- 20 ਸਾਲ ਦੀ ਕੈਦ ਅਤੇ 2-2 ਲੱਖ ਰੁਪਏ ਦਾ ਜ਼ੁਰਮਾਨੇ ਦੀ ਸ਼ਜਾ ਸੁਣਾਈ ਹੈ। (Court)