17th Letter of Saint Dr. MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 17ਵੀਂ ਰੂਹਾਨੀ ਚਿੱਠੀ ਭੇਜੀ ਹੈ। ਜੋ ਕਿ ਇਸ ਤਰ੍ਹਾਂ ਹੈ:-
ਸਾਡੇ ਪਿਆਰੇ ਬੱਚਿਓ ਟਰੱਸਟ ਪ੍ਰਬੰਧਕ ਸੇਵਾਦਾਰ ਤੇ ਸੇਵਾਦਾਰੋ, ਤੁਹਾਨੂੰ ਸਭ ਨੂੰ ‘‘ਮਹਾਂਪਰਉਪਕਾਰ ਭੰਡਾਰੇ’’ 33ਵੇਂ ਦੀ ਬਹੁਤ-2 ਵਧਾਈ ਤੇ ਬਹੁਤ-2 ਆਸ਼ੀਰਵਾਦ। ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’। ਅਖੰਡ ਸਿਮਰਨ ਤੇ ਹਫ਼ਤੇ ’ਚ ਦੋ ਵਾਰ ਨਾਮ ਚਰਚਾ ਜ਼ਰੂਰ ਕਰਿਆ ਕਰੋ।
ਸਾਡੇ ਕਰੋੜਾਂ ਪਿਆਰੇ ਬੱਚਿਓ, ਅੱਜ ਤੁਹਾਨੂੰ ਅਸੀਂ ਇਸ ‘‘ਭੰਡਾਰੇ’’ ਦੀ ਸ਼ੁਰੂਆਤ ਦੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ। 22.9.90 ਦੀ ਉਹ ਰੂਹਾਨੀ, ਨੂਰਾਨੀ ਸ਼ਾਮ, ਜਦੋਂ ਮੇਰੇ ‘‘ਕੁੱਲ ਮਾਲਕ ਸਤਿਗੁਰੂ ਜੀ’’, ‘‘ਸ਼ਾਹ ਸਤਿਨਾਮ ਜੀ ਦਾਤਾ’’ ਨੇ ਸਾਨੂੰ ‘‘ਨੂਰਾਨੀ ਗੁਫ਼ਾ’’ ’ਚ ਆਪਣੇ ਰੂ-ਬ-ਰੂ ਬਿਠਾਇਆ। ਸਭ ਤੋਂ ਪਹਿਲਾਂ ‘‘ਦਾਤਾ ਜੀ’’ ਨੇ ਬਚਨ ਫਰਮਾਏ ‘‘ਆਪ (ਦਾਸ ਨੂੰ) ਠੀਕ ਹੋ। ਸਾਰਾ ਪਰਿਵਾਰ ਠੀਕ ਹੈ?’’ ਦਾਸ ਨੇ ਕਿਹਾ ‘‘ਸਤਿਗੁਰੂ ਜੀ’’ ਆਪ ਜੀ ਦੀ ਕ੍ਰਿਪਾ ਹੈ। ਫਿਰ ‘‘ਦਾਤਾ ਜੀ’’ ਨੇ ਬਾਪੂ ਜੀ ਨੂੰ ਫਰਮਾਇਆ ‘‘ਤੁਸੀਂ ਕੁਝ ਕਹਿਣਾ ਹੈ?’’ ਬਾਪੂ ਜੀ ਹੱਥ ਜੋੜ ਕੇ ਕਹਿਣ ਲੱਗੇ ‘‘ਪਿਤਾ ਜੀ, ਮੇਰਾ ਸਭ ਕੁਝ ਤਾਂ ‘ਇਹ’ (ਦਾਸ) ਹੀ ਹੈ ‘ਇਹ’ ਹੁਣ ਤੁਹਾਡੇ ਹੋ ਗਏ ਤਾਂ ਆਪ ਜੀ ਸਾਡਾ ਘਰ, ਜ਼ਮੀਨ ਜਾਇਦਾਦ ਸਭ ਲੈ ਲਓ ਜੀ ਅਤੇ ਡੇਰੇ ’ਚ ਇੱਕ ਕਮਰਾ ਦੇ ਦਿਓ ਜੀ। ਅਸੀਂ ਵੀ ਇੱਥੇ ਹੀ ਰਹਿ ਕੇ ਸੁਭ੍ਹਾ ਸ਼ਾਮ ਆਪ ਜੀ ਦੇ ਤੇ ਇਨ੍ਹਾਂ ਦੇ ਦਰਸ਼ਨ ਕਰਦੇ ਰਹਾਂਗੇ।
ਇਹ ਸਾਰੀਆਂ ਗੱਲਾਂ ਸੁਣ ਕੇ ‘‘ਦਾਤਾ ਜੀ’’ ਬਹੁਤ ਖੁਸ਼ ਹੋਏ ਤੇ ਵੈਰਾਗ ਵਿੱਚ ਆ ਕੇ ਬਚਨ ਫਰਮਾਏ ‘‘ਬੇਟਾ (ਬਾਪੂ ਜੀ ਨੂੰ) ਤੇਰਾ ਸਭ ਤੋਂ ਕੀਮਤੀ ਤੇ ਇਕਲੌਤਾ ਖਜ਼ਾਨਾ ਤਾਂ ਅਸੀਂ ਤੁਹਾਡੇ ਤੋਂ ਲੈ ਹੀ ਲਿਆ ਹੈ ਹੋਰ ਕੁਝ ਨਹੀਂ ਚਾਹੀਦਾ। ਤੁਸੀਂ ਇਨ੍ਹਾਂ ਛੋਟੇ-2 ਬੱਚਿਆਂ ਦੀ ਸੰਭਾਲ ਕਰਨੀ ਹੈ। ਆਪ ਜਦੋਂ ਵੀ ਸਾਨੂੰ (ਆਪਣੇ ਅਤੇ ਦਾਸ ਵੱਲ ਇਸ਼ਾਰਾ ਕਰਕੇ) ਬੁਲਾਉਂਗੇ ਜਾਂ ਯਾਦ ਕਰੌਂਗੇ ਤਾਂ ਅਸੀਂ ਤੁਹਾਡੇ ਕੋਲ ਆ ਜਾਇਆ ਕਰਾਂਗੇ। ਫਿਰ ‘‘ਦਾਤਾ ਜੀ’’ ਨੇ ਦਾਸ ਨੂੰ ਆਪਣੇ ਕੋਲ ਬਿਠਾ ਕੇ ਆਸ਼ੀਰਵਾਦ ਦਿੰਦੇ ਹੋਏ ਫਰਮਾਇਆ ਕਿ ‘‘ਅੱਜ ਤੋਂ ਹੀ ਅਸੀਂ ਇਨ੍ਹਾਂ ਨੂੰ ਦੋਹਾਂ ਜਹਾਨਾਂ ਦਾ ਰੂਹਾਨੀ ਖਜ਼ਾਨਾ ਦੇ ਕੇ ਇਨ੍ਹਾਂ ਨੂੰ ਰੂਹਾਨੀਅਤ ਨਾਲ ਮਾਲਾਮਾਲ ਕਰਦੇ ਹਾਂ। ਅੱਜ ਤੋਂ ‘ਇਹ’ ਹੀ ਸਾਰਾ ‘ਰੂਹਾਨੀਅਤ’ ਦਾ ਕੰਮ ਕਰਿਆ ਕਰਨਗੇ।’’ ਇਹ ਫਰਮਾ ਕੇ ‘‘ਦਾਤਾ ਜੀ’’ ਨੇ ਦਾਸ ਦੇ ਸਿਰ ’ਤੇ ਆਪਣਾ ‘ਕਰ ਕਮਲ’ ਰੱਖਿਆ ਅਤੇ ਮੋਢਾ ਥਪਥਪਾਇਆ।
ਦਾਸ ਇਹ ਸਭ ਸੁਣ ਅਤੇ ਦੇਖ ਕੇ ਵੈਰਾਗ ’ਚ ਆ ਗਿਆ। ਫਿਰ ਦਾਸ ਨੇ ‘‘ਦਾਤਾ ਜੀ’’ ਨੂੰ ਅਰਜ਼ ਕੀਤੀ ਕਿ ਦਾਸ ਤਾਂ ਅਜੇ ਬਹੁਤ ਛੋਟਾ ਹੈ ਇਸ ਲਈ ‘ਆਪ ਜੀ’ ਨਾਲ ਰਹਿ ਕੇ, ਨਾਲ ਬੈਠ ਕੇ ਸਾਰੇ ਕੰਮ ਕਰਵਾਓ ਜੀ। ‘‘ਦਾਤਾ ਜੀ’’ ਨੇ ਖੁਸ਼ ਹੋ ਕੇ ਫਰਮਾਇਆ ‘‘ਅਸੀਂ ਤੇਰੇ ਨਾਲ ਬੈਠ ਕੇ ਸਭ ਕੰਮ ਕਰਵਾਵਾਂਗੇ। ਫਿਕਰ ਨਾ ਕਰ ਆਪਾਂ ਹੀ ਸਭ ਕੰਮ ਕਰਾਂਗੇ।’’ ਫਿਰ 23.9.90 ਨੂੰ ‘‘ਦਾਤਾ ਜੀ’’ ਨੇ ਸਾਧ-ਸੰਗਤ ਦੇ ਸਾਹਮਣੇ ‘‘ਨੂਰਾਨੀ ਕਰ ਕਮਲਾਂ’’ ਨਾਲ ਦਾਸ ਦੇ ਗਲੇ ’ਚ ਹਾਰ ਪਾਇਆ ਅਤੇ ਪ੍ਰਸ਼ਾਦ ਖਵਾਉਂਦੇ ਸਮੇਂ ਬਚਨ ਕੀਤੇ ‘‘ਹੁਣ ਤੋਂ ਤੂੰ ਨਹੀਂ ਤੇਰੇ ’ਚ ‘‘ਅਸੀਂ’’ ਕੰਮ ਕਰਾਂਗੇ। ਅਸੀਂ ਸਾਂ ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ।’’ ਇਹ ਬਚਨ ‘‘ਦਾਤਾ ਜੀ’’ ਨੇ ਕਈ ਵਾਰ ਸੇਵਾਦਾਰਾਂ ਅਤੇ ਸਾਧ-ਸੰਗਤ ਨੂੰ ਕੀਤੇ ਅਤੇ ਇਹ ਵੀ ਬਚਨ ਕੀਤੇ ‘‘ਇਸ Body(ਦਾਸ) ’ਚ ਅਸੀਂ ਘੱਟ ਤੋਂ ਘੱਟ 50-60 ਸਾਲ ਰੂਹਾਨੀਅਤ ਦਾ ਕੰਮ ਕਰਾਂਗੇ।’’
ਤਾਂ ਸਾਡੇ ਕਰੋੜਾਂ ਪਿਆਰੇ ਬੱਚਿਓ ਅਸੀਂ ਤੁਹਾਡੇ ਐੱਮਐੱਸਜੀ ਗੁਰੂ ਤੁਹਾਨੂੰ ਬਚਨ ਦਿੰਦੇ ਹਾਂ ਕਿ ‘‘ਅਸੀਂ ਸਤਿਗੁਰੂ ਰਾਮ ਤੋਂ ਖੁਸ਼ੀਆਂ ਦੇ ਸਮੁੰਦਰ, ਤੁਹਾਡੀ ਸਭ ਤੋਂ ਵੱਡੀ ‘‘ਮੰਗ’’ ਅਤੇ ਏਕਤਾ ਦੀ ਗੱਲ (ਤੁਹਾਡੇ ਵਿੱਚ ਆ ਕੇ ਪੂਰੀ ਕਰਾਂਗੇ ਤੇ ਕਰਵਾਵਾਂਗੇ। ਰਾਮ ਜੀ ਛੇਤੀ ਹੀ ਪੂਰੀ ਕਰਨਗੇ। ਆਸ਼ੀਰਵਾਦ।
ਤੁਹਾਡਾ ਐੱਮਐੱਸਜੀ ਗੁਰੂ
ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
22.09.2023
M
S
G