ਪਾਵਰਕੌਮ ਨੂੰ ਰਾਹਤ : ਸੂਬੇੇ ’ਚ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ’ਤੇ ਪੁੱਜੀ, 6 ਹਜ਼ਾਰ ਮੈਗਾਵਾਟ ਤੋਂ ਵੱਧ ਮੰਗ ਘਟੀ

Change in Weather

ਪਾਵਰਕੌਮ ਵੱਲੋਂ ਆਪਣੇ ਥਰਮਲਾਂ ਦੇ 7 ਯੂਨਿਟ ਬੰਦ | Powercom

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ ਅੰਦਰ ਬਿਜਲੀ ਦੀ ਮੰਗ 8 ਹਜਾਰ ਮੈਗਾਵਾਟ ਤੇ ਪੁੱਜ ਗਈ ਹੈ। ਇਸ ਤੋਂ ਪਹਿਲਾ ਇਹ ਮੰਗ 14500 ਹਜ਼ਾਰ ਮੈਗਾਵਾਟ ਤੋਂ ਪਾਰ ਚੱਲ ਰਹੀ ਸੀ। ਬਿਜਲੀ ਦੀ ਮੰਗ ਡਿੱਗਣ ਕਾਰਨ ਪਾਵਰਕੌਮ ਵੱਲੋਂ 7 ਯੂਨਿਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਅੰਦਰ ਪਿਛਲੇ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਹੁੰਮਸ ਭਰੀ ਗਰਮੀ ਤੋਂ ਆਮ ਜਨ ਨੂੰ ਰਾਹਤ ਮਿਲੀ ਹੈ ਤੇ ਪਾਰਾ ਵੀ ਡਿੱਗ ਗਿਆ ਹੈ। ਭਾਦੋਂ ਦੇ ਮਹੀਨੇ ’ਚ ਵੀ ਬਿਜਲੀ ਦੀ ਮੰਗ ਨੇ ਲਗਾਤਾਰ ਰਫ਼ਤਾਰ ਫੜੀ ਹੋਈ ਸੀ ਤੇ ਇਹ ਮੰਗ 14500 ਤੋਂ ਪਾਰ ਚੱਲ ਰਹੀ ਸੀ ਤੇ ਪਾਵਰਕੌਮ ਵੱਲੋਂ ਅਣਐਲਾਨੇ ਕੱਟ ਲਗਾਏ ਜਾ ਰਹੇ ਸਨ। ਮੀਂਹ ਪੈਣ ਕਾਰਨ ਸੂਬੇ ਅੰਦਰ ਅੱਜ ਬਿਜਲੀ ਦੀ ਮੰਗ ਸ਼ਾਮ ਨੂੰ 8 ਹਜ਼ਾਰ ਮੈਗਾਵਾਟ ਤੇ ਪੁੱਜ ਗਈ ਹੈ ਅਤੇ ਇਹ ਮੰਗ ਸਿੱਧਾ 6 ਹਜਾਰ ਮੈਗਾਵਾਟ ਤੋਂ ਜਿਆਦਾ ਡਿੱਗ ਗਈ ।

ਬਿਜਲੀ ਉਤਪਾਦਨ

ਮੰਗ ਡਿੱਗਣ ਕਾਰਨ ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ ਸਿਰਫ਼ 2 ਯੂਨਿਟ ਹੀ ਚਾਲੂ ਹਨ ਜਦਕਿ 6 ਯੂਨਿਟ ਬੰਦ ਚੱਲ ਰਹੇ ਹਨ। ਰੋਪੜ ਥਮਰਲ ਪਲਾਂਟ ਦਾ ਇੱਕ ਯੂਨਿਟ ਚਾਲੂ ਹੈ ਅਤੇ ਇੱਥੋਂ 158 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਚਾਲੂ ਹੈ। ਇਸ ਥਰਮਲ ਪਲਾਂਟ ਤੋਂ 168 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪ੍ਰਾਈਵੇਟ ਥਰਮਲ ਰਾਜਪੁਰਾ ਵੱਲੋਂ ਵੀ ਆਪਣੀ ਪੈਦਾਵਾਰ ਘਟਾ ਦਿੱਤੀ ਗਈ ਹੈ ਅਤੇ ਇਸ ਦੇ ਦੋਵੇਂ ਯੂਨਿਟਾਂ ਤੋਂ 980 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਸਭ ਤੋਂ ਵੱਡੇ ਥਮਰਲ ਪਲਾਂਟ ਤਲਵੰਡੀ ਸਾਬੋਂ ਦੇ ਭਾਵੇਂ ਤਿੰਨੇ ਯੂਨਿਟ ਚਾਲੂ ਹਨ, ਪਰ ਇੱਥੋਂ ਸਿਰਫ਼ 955 ਮੈਗਾਵਾਟ ਹੀ ਬਿਜਲੀ ਹਾਸਲ ਕੀਤੀ ਜਾ ਰਹੀ ਹੈ।

ਇਹ ਥਮਰਲ ਪਲਾਂਟ ਆਪਣੀ ਅੱਧੀ ਸਮਰੱਥਾ ਤੇ ਹੀ ਭਖਿਆ ਹੋਇਆ ਹੈ। ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਚਾਲੂ ਹੈ ਅਤੇ ਇੱਕ ਯੂਨਿਟ ਬੰਦ ਹੈ। ਇਹ ਥਰਮਲ ਪਲਾਂਟ 155 ਮੈਗਾਵਾਟ ਹੀ ਬਿਜਲੀ ਪੈਦਾ ਕਰ ਰਿਹਾ ਹੈ। ਮੀਂਹ ਪੈਣ ਕਾਰਨ ਕਿਸਾਨਾਂ ਦੀਆਂ ਮੋਟਰਾਂ ਵੀ ਹਨ, ਜਿਸ ਕਾਰਨ ਬਿਜਲੀ ਲੋਡ ਬਿਲਕੁੱਲ ਘੱਟ ਗਿਆ ਹੈ। ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਹੁਣ ਤੱਕ ਸਭ ਤੋਂ ਵੱਧ ਬਿਜਲੀ ਦੀ ਮੰਗ 15325 ਤੇ ਪੁੱਜੀ ਸੀ, ਜਿਸ ਨੂੰ ਪਾਵਰਕੌਮ ਵੱਲੋਂ ਆਪਣੇ ਪ੍ਰਬੰਧਾਂ ਤਹਿਤ ਪੂਰਾ ਕਰ ਲਿਆ ਗਿਆ ਸੀ। ਪਾਵਰਕੌਮ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਕਿਸੇ ਵੀ ਉਪਭੋਗਤਾ ਨੂੰ ਬਿਜਲੀ ਪੱਖੋਂ ਕੋਈ ਦਿੱਕਤ ਨਹੀਂ ਆਈ ਅਤੇ ਕਿਸਾਨਾਂ ਨੂੰ ਬਿਜਲੀ 10 ਘੰਟਿਆਂ ਤੋਂ ਵੀ ਵੱਧ ਮੁਹੱਈਆਂ ਕਰਵਾਈ ਗਈ ਹੈ।

ਪਣ ਪ੍ਰੋਜੈਕਟਾਂ ਤੋਂ ਵੀ ਬਿਜਲੀ ਉਤਪਾਦਨ ਘਟਿਆ

ਪਾਵਰਕੌਮ ਵੱਲੋਂ ਆਪਣੇ ਪਣ ਪ੍ਰੋਜੈਕਟਾਂ ਤੋਂ ਵੀ ਆਪਣਾ ਬਿਜਲੀ ਉਤਪਾਦਨ ਘਟਾ ਦਿੱਤਾ ਗਿਆ ਹੈ। ਹਾਈਡ੍ਰਲ ਪ੍ਰੋਜੈਕਟਾਂ ਤੋਂ ਸਿਰਫ਼ 600 ਮੈਗਾਵਾਟ ਤੇ ਕਰੀਬ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਰਣਜੀਤ ਸਾਗਰ ਡੈਂਮ ਦੇ ਚਾਰ ਯੂਨਿਟਾਂ ਵਿੱਚੋਂ ਸਿਰਫ਼ ਇੱਕ ਚਾਲੂ ਹੈ ਅਤੇ ਇੱਥੋਂ 149 ਮੈਗਾਵਾਟ ਹੀ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਤੋਂ ਇਲਾਵਾ ਪਾਵਰਕੌਮ ਦੇ ਬਾਕੀ ਛੋਟੇ ਪਣ ਪ੍ਰੋਜੈਕਟਾਂ ਤੋਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਾਅਲੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਲੈਣ ਵਾਲਿਆਂ ਵਿਰੁੱਧ ਹੁਣ ਹੋਵੇਗੀ ਕਾਰਵਾਈ