ਜਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਵੱਡਾ ਉਤਸ਼ਾਹ | Amritsar News
ਅੰਮ੍ਰਿਤਸਰ (ਰਾਜਨ ਮਾਨ)। ਕਿਸਾਨੀਂ ਮੰਗਾਂ ਨੂੰ ਲੈ ਕੇ ਉੱਤਰ ਭਾਰਤ ਦੀਆਂ 16 ਜਥੇਬੰਦੀਆਂ ਵੱਲੋ 28 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਰੇਲ ਰੋਕੋ ਮੋਰਚੇ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਅਤੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲਾਮਬੰਦ ਕੀਤਾ ਜਾ ਰਿਹਾ ਹੈ। (Amritsar News)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਸਰਵਣ ਸਿੰਘ ਪੰਧੇਰ, ਜਰਮਨਜੀਤ ਸਿੰਘ ਬੰਡਾਲਾ ਅਤੇ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਣਜੀਤ ਸਿੰਘ ਕਲੇਰ ਦੀ ਅਗਵਾਹੀ ਹੇਠ ਜਿਲ੍ਹੇ ਅੰਦਰ ਉੱਤਰ ਭਾਰਤ ਦੀਆਂ 16 ਜਥੇਬੰਦੀਆਂ ਵੱਲੋ ਕੇਂਦਰ ਸਬੰਧਿਤ ਮੰਗਾਂ ਨੂੰ ਲੈ ਕੇ 28 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਰੇਲ ਰੋਕੋ ਮੋਰਚੇ ਦੀਆਂ ਤਿਆਰੀਆਂ ਨੂੰ ਲੈ ਕੇ ਤਿਆਰੀ ਦੇ ਚਲਦੇ ਪਿੰਡ ਪੱਧਰੀ ਮੀਟਿੰਗਾਂ ਦਾ ਦੌਰ ਸ਼ੁਰੂ ਕਰਦੇ ਹੋਏ ਪਹਿਲੇ ਦਿਨ ਇੱਕ ਸੈਕੜੇ ਦੇ ਕਰੀਬ ਮੀਟਿੰਗਾਂ ਕਰਵਾਈਆਂ ਗਈਆਂ ।
ਆਗੂਆਂ ਨੇ ਮੀਟਿੰਗਾਂ ਅੰਦਰ ਮਜੂਦ ਕਿਸਾਨਾਂ ਮਜਦੂਰਾਂ ਨੂੰ ਕੇਂਦਰ ਸਰਕਾਰ ਤੋਂ ਐਮ .ਐਸ. ਪੀ. ਗਰੰਟੀ ਕਨੂੰਨ ਬਣਾਉਣ, ਮਨਰੇਗਾ ਸਕੀਮ ਤਹਿਤ ਹਰ ਸਾਲ 200 ਦਿਨ ਰੁਜਗਾਰ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕਿਸਾਨਾ ਅਤੇ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਉੱਤਰ ਭਾਰਤ ਵਿਚ ਹੜ੍ਹਾਂ ਨਾਲ਼ ਹੋਏ ਨੁਕਸਾਨ ਦਾ ਕੇਂਦਰ ਸਰਕਾਰ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰਨ ਅਤੇ ਦਿੱਲੀ ਮੋਰਚੇ ਦੌਰਾਨ ਪਾਏ ਪੁਲਿਸ ਕੇਸ ਰੱਦ ਕਰਨ ਆਦਿ ਮੰਗਾਂ ਦੀ ਅਹਿਮੀਅਤ ਨੂੰ ਸਮਝਾਉਣ ਤੇ ਜ਼ੋਰ ਦਿੱਤਾ ਗਿਆ।
ਓਹਨਾ ਕਿਹਾ ਕਿ ਪਿੰਡਾਂ ਵਿੱਚ ਇਹਨਾਂ ਮੁੱਦਿਆਂ ਪ੍ਰਤੀ ਲੋਕਾਂ ਦੀ ਸਮਝ ਵਿਕਸਿਤ ਹੋ ਰਹੀ ਹੈ ਅਤੇ ਲੋਕ ਹੱਕਾਂ ਖਾਤਿਰ ਦਿੱਲੀ ਮੋਰਚੇ ਵਾਂਙ ਲੜਨ ਲਈ ਤਿਆਰ ਹਨ, ਅਗਰ ਕੇਂਦਰ ਸਰਕਾਰ ਇਹਨਾਂ ਮੰਗਾਂ ਦੇ ਹੱਲ ਵੱਲ ਕਦਮ ਨਹੀਂ ਵਧਾਉਂਦੀ ਤਾਂ ਇਹਨਾਂ ਦੀ ਪੂਰਤੀ ਲਈ 28 ਸਤੰਬਰ ਤੋਂ ਰੇਲਾਂ ਜਾਮ ਕੀਤੀਆਂ ਜਾਣਗੀਆਂ । ਓਹਨਾ ਦੱਸਿਆ ਕਿ ਇਹ ਪਿੰਡ ਪੱਧਰੀ ਮੀਟਿੰਗਾਂ ਦਾ ਦੌਰ 3 ਤੋਂ 4 ਦਿਨ ਚਲੇਗਾ । ਇਹਨਾਂ ਮੀਟਿੰਗਾਂ ਵਿੱਚ ਵੱਖ ਵੱਖ ਜਿਲ੍ਹਾ ਅਤੇ ਜੋਨ ਪੱਧਰੀ ਆਗੂਆਂ ਨੇ ਸੰਬੋਧਨ ਕੀਤਾ ਅਤੇ ਹਜ਼ਾਰਾਂ ਕਿਸਾਨ ਮਜਦੂਰ ਅਤੇ ਔਰਤਾਂ ਹਾਜ਼ਿਰ ਰਹੇ ।