ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੇਣ ਲਈ ਕੀਤੀ ਜਾਵੇਗੀ ਹਰ ਸੰਭਵ ਕੋਸਿ਼ਸ਼ : ਡਾ. ਦੀਪਕ ਚੰਦਰ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸਿਹਤ ਸੇਵਾਵਾਂ ਨੂੰ ਬੇਹਤਰੀਨ ਢੰਗ ਨਾਲ ਆਮ ਲੋਕਾਂ ਨੂੰ ਮੁਹਈਆ ਕਰਵਾਉਣ ਦੇ ਲਈ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇਗੀ ਅਤੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਇਲਾਜ ਲਈ ਦਿੱਕਤ ਨਾ ਆਵੇ ਇਸ ਦਾ ਪੂਰਾ ਖਿ਼ਆਲ ਰੱਖਿਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ: ਦੀਪਕ ਚੰਦਰ ਵੱਲੋਂ ਅੱਜ ਸੀ.ਅੇੈਚ.ਸੀ. ਫਿਰੋਜ਼ਸ਼ਾਹ ਵਿਖੇ ਐਸ.ਐਮ.ਓ. ਦਾ ਚਾਰਜ ਸੰਭਾਲਣ ਮੌਕੇ ਕੀਤਾ ਗਿਆ।
ਇਸ ਮੌਕੇ ਸੀ.ਐਚ.ਸੀ. ਵਿਖੇ ਸਟਾਫ ਨਾਲ ਮੀਟਿੰਗ ਕਰਦਿਆਂ ਡਾ. ਦੀਪਕ ਚੰਦਰ ਨੇ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਚਲਾਈਆਂ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਹਦਾਇਤ ਕੀਤੀ।ਉਹਨਾਂ ਕਿਹਾ ਕਿ ਹਸਪਤਾਲ ਵਿੱਚ ਇਲਾਜ਼ ਕਰਵਾਉਣ ਵਾਲੇ ਸਾਰੇ ਮਰੀਜ਼ਾ ਨੂੰ ਸਰਕਾਰ ਵਲੋ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤੀ ਜਾਵੇ। ਇਸ ਮੌਕੇ ਉਨ੍ਹਾਂ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਵਿਚ ਜਾ ਕੇ ਜਿਥੇ ਗਰਭਵਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੁਆਉਣ ਉਥੇ ਸਮੇਂ-ਸਮੇਂ ‘ਤੇ ਮੌਸਮ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਉਣ ਤਾਂ ਜੋ ਇਲਾਕੇ ਵਿਚ ਕੋਈ ਬਿਮਾਰੀ ਫੈਲਣ ਤੋਂ ਬਚਾਓ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਮਾਮਲਾ ਵਿਦਿਆਰਥਣ ਦੀ ਮੌਤ ਦਾ : ਪੰਜਾਬੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਦਾ ਧਰਨਾ ਜਾਰੀ
ਇਸ ਤੋਂ ਇਲਾਵਾ ਸੀ.ਐਚ.ਓਜ਼ ਨੂੰ ਆਯੂਸਮਾਨ ਮੁਹਿੰਮ ਦੇ ਤਹਿਤ 17 ਸਤੰਬਰ ਤੋਂ 2 ਅਕਤੂਬਰ 2023 ਤੱਕ ਚੱਲਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਗਈ ਜਿਸ ਤਹਿਤ ਸਮੂਹ ਸੀ.ਐਚ.ਓਜ਼ ਨੂੰ ਹਦਾਇਤ ਕੀਤੀ ਗਈ ਕਿ 5 ਸਾਲ ਤੋਂ ਉਪਰ ਜਿੰਨੇ ਵੀ ਵਿਅਕਤੀ ਰਹਿ ਗਏ ਹਨ ਉਹਨਾਂ ਦੇ ਆਯੂਸ਼ਮਾਨ ਕਾਰਡ, ਆਭਾ ਆਈ.ਡੀ. ਬਣਾਈਆਂ ਜਾਣ ਨਾਲ ਹੀ ਹੈਲਥ ਮੇਲਿਆਂ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸਕਰੀਨਿੰਗ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੇ ਨਾਲ—ਨਾਲ ਆਧੁਨਿਕ ਕਿਸਮ ਦੀਆਂ ਮਸ਼ੀਨਾਂ ਨਾਲ ਮਰੀਜ਼ਾਂ ਦਾ ਚੈਕਅਪ ਕੀਤਾ ਜਾਂਦਾ ਹੈ ਅਤੇ ਬਹੁਤੀਆਂ ਬਿਮਾਰੀਆਂ ਦੀ ਦਵਾਈ ਹਸਪਤਾਲ ਕੈਂਪਸ ਵਿਚ ਮੁਫਤ ਦੇ ਕੇ ਮਰੀਜ਼ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਜਾਂਦੀ ਹੈ।