ਆਪਣੀ ਮਿਹਨਤ ਤੇ ਹੌਂਸਲੇ ਨਾਲ ਡਿਗੂੰ-ਡਿਗੂੰ ਕਰਦੇ ਸਕੂਲਾਂ ਨੂੰ ਨਵੀਆਂ ਬਿਲਡਿੰਗਾਂ ’ਚ ਬਦਲ ਦਿੰਦੈ Gurmeet Singh
ਪਟਿਆਲਾ (ਖੁਸ਼ਵੀਰ ਸਿੰਘ ਤੂਰ) ਅਧਿਆਪਕ ਗੁਰਮੀਤ ਸਿੰਘ ਉਸ ਹੌਂਸਲੇ, ਹਿੰਮਤ ਅਤੇ ਸੰਘਰਸ਼ ਦਾ ਨਾਂਅ ਹੈ, ਜਿਸ ਨੇ ਦਿਵਿਆਂਗ ਹੋਣ ਦੇ ਬਾਵਜੂਦ ਵੀ ਨਾ ਤਾਂ ਆਪਣੇ-ਆਪ ਨੂੰ ਦਿਵਿਆਂਗ ਸਮਝਿਆ ਅਤੇ ਨਾ ਹੀ ਕਿਸੇ ਤੋਂ ਘੱਟ। ਉਹ ਜਿਹੜੇ ਵੀ ਸਰਕਾਰੀ ਸਕੂਲ ਵਿੱਚ ਜਾਂਦਾ, ਉਸ ਡਿਗੂੰ-ਡਿਗੂੰ ਕਰਦੇ ਸਕੂਲ ਦੀ ਨੁਹਾਰ ਬਦਲ ਦਿੰਦਾ। ਇੱਥੇ ਹੀ ਬੱਸ ਨਹੀਂ ਉਹ ਹਰ ਸਕੂਲ ’ਚ ਬੱਚਿਆਂ ਦੇ ਦਾਖਲੇ ਵਧਾ ਕੇ ਪ੍ਰਾਈਵੇਟ ਸਕੁੂਲਾਂ ਨੂੰ ਵੀ ਪਿੱਛੇ ਛੱਡ ਦਿੰਦਾ ਅਧਿਆਪਕ ਗੁਰਮੀਤ ਸਿੰਘ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਚਿੱਤਰਕਾਰੀ, ਗੀਤ ਮੁਕਾਬਲੇ, ਵਜੀਫ਼ਾ ਪ੍ਰੀਖਿਆ, ਸੁੰਦਰ ਲਿਖਾਈ ਆਦਿ ਮੁਕਾਬਲਿਆਂ ’ਚ ਵੀ ਬੱਚਿਆਂ ਲਈ ਆਪਣਾ-ਆਪ ਕੁਰਬਾਨ ਕਰ ਰਿਹਾ ਹੈ ਤੇ ਅਧਿਆਪਕ ਹੋਣ ਦਾ ਅਸਲੀ ਫਰਜ਼ ਨਿਭਾ ਰਿਹਾ ਹੈ।
ਜਿਹੜੇ ਸਕੂਲ ’ਚ ਪੈਰ ਧਰਿਆ, ਉਸੇੇ ਸਕੂਲ ’ਚ ਬੱਚਿਆਂ ਦੇ ਦਾਖ਼ਲੇ ’ਚ ਹੋ ਜਾਂਦਾ ਵਾਧਾ
ਜੀ ਹਾਂ, ਅਧਿਆਪਕ ਗੁਰਮੀਤ ਸਿੰਘ ਬਚਪਨ ’ਚ ਹੀ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਤੇ ਉਹ ਆਪਣੀਆਂ ਦੋਵਾਂ ਲੱਤਾਂ ਤੋਂ ਤੁਰਨ-ਫਿਰਨ ਤੋਂ ਅਸਮਰੱਥ ਹੈ। ਗੁਰਮੀਤ ਸਿੰਘ ਨੇ ਦਿਵਿਆਂਗ ਹੋਣ ਦੇ ਬਾਵਜੂਦ ਹਾਰ ਨਹੀਂ ਮੰਨੀ ਤੇ ਆਪਣੀ ਪੜ੍ਹਾਈ ਪੂਰੀ ਕਰਕੇ ਅਪਰੈਲ 2002 ਵਿੱਚ ਅਧਿਆਪਨ ਕਿੱਤੇ ਦਾ ਸਫ਼ਰ ਸ਼ੁਰੂ ਕੀਤਾ। ਉਸ ਨੂੰ ਆਪਣਾ ਪਹਿਲਾ ਸਰਕਾਰੀ ਐਲੀਮੈਂਟਰੀ ਸਕੂਲ ਲੌਟ ਮਿਲਿਆ, ਜਿੱਥੇ ਕਿ ਟੋਭੇ ਦਾ ਪਾਣੀ ਪੈਂਦਾ ਸੀ ਤੇ ਸਕੂਲ ਘੱਟ ਛੱਪੜ ਜਿਆਦਾ ਦਿਖਾਈ ਦਿੰਦਾ ਸੀ ਤੇ ਬਿਲਡਿੰਗ ਵੀ ਡਿਗੂੰ-ਡਿਗੂੰ ਕਰ ਰਹੀ ਸੀ। ਗੁਰਮੀਤ ਸਿੰਘ ਨੇ ਸਕੂਲ ਦੀ ਨੁਹਾਰ ਬਦਲਣ ਦੀ ਧਾਰੀ ਅਤੇ ਸਿੱਖਿਆ ਵਿਭਾਗ, ਪੰਚਾਇਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਵੇਂ ਸਿਰੇ ਤੋਂ ਸਕੂਲ ਦੀ ਬਿਲਡਿੰਗ ਉਸਾਰ ਦਿੱਤੀ।
ਅਧਿਆਪਕ ਗੁਰਮੀਤ ਸਿੰਘ ਦੱਸਦੇ ਹਨ ਕਿ ਇਸ ਸਕੂਲ ’ਚ 300 ਟਰਾਲੀ ਤਾਂ ਮਿੱਟੀ ਦੀ ਹੀ ਪਈ ਅਤੇ ਇਹ ਬਿਲਡਿੰਗ ਉੱਚੀ ਕਰਕੇ ਬਣਾਈ ਗਈ। ਇਸ ਤੋਂ ਬਾਅਦ ਸਰਕਾਰੀ ਐਲੀਮੈਂਟਰੀ ਸਕੂਲ ਧਨੌਰੀ ਵਿਖੇ ਬਦਲੀ ਹੋਈ ਤੇ ਇੱਥੇ ਵੀ ਸਕੂਲ ਦੀ ਛੱਤ ਗਾਰਡਰ ਬਾਲਿਆਂ ਵਾਲੀ ਸੀ ਅਤੇ ਇੱਥੇ ਵੀ ਪੰਚਾਇਤ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੰਕਰੀਟ ਵਾਲੀ ਛੱਤ ਤੇ ਨਵੇਂ ਕਮਰਿਆਂ ਦੀ ਉਸਾਰੀ ਕਰਵਾਈ ਗਈ। ਇਸ ਤੋਂ ਬਾਅਦ ਪਿੰਡ ਲਚਕਾਣੀ ਦੇ ਸਕੂਲ ਵਿੱਚ ਵੀ ਇੱਕ ਕਮਰਾ ਬਣਵਾਇਆ। ਸਾਲ 2016 ਦੇ ਵਿੱਚ ਗੁਰਮੀਤ ਸਿੰਘ ਮੁੱਖ ਅਧਿਆਪਕ ਬਣੇ ਅਤੇ ਮੌਜੂਦਾ ਸਮੇਂ ਉਹ ਸਰਕਾਰੀ ਐਲੀਮੈਂਟਰੀ ਸਕੂਲ ਕਨਸੂਹਾ ਵਿਖੇ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਇਹ ਸਕੂਲ ਪੂਰੀ ਤਰ੍ਹਾਂ ਏਅਰਕੰਡੀਸ਼ਨਰ ਹੈ।
Gurmeet Singh
ਇਸ ਸਕੂਲ ਦੀ ਬਿਲਡਿੰਗ ਅਤੇ ਕਮਰਿਆਂ ’ਚ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਲਿਖਾਈ ਗਈ ਸਮੱਗਰੀ ਬੱਚਿਆਂ ਨੂੰ ਆਪਣੇ-ਆਪ ਹੀ ਸਿੱਖਿਆ ਦੇ ਮੰਦਰ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਗੁਰਮੀਤ ਸਿੰਘ ਦੱਸਦੇ ਹਨ ਕਿ ਸਿੱਖਿਆ ਵਿਭਾਗ ਵੱਲੋਂ ਜਿਸ ਵੀ ਸਕੂਲ ਦੀ ਸੇਵਾ ਦਿੱਤੀ ਗਈ, ਉੱਥੇ ਹੀ ਹਿੰਮਤ ਅਤੇ ਪਿੰਡ ਦੇ ਪਤਵੰਤਿਆਂ ਦੇ ਸਹਿਯੋਗ ਹਨ ਬੱਚਿਆਂ ਦੀ ਗਿਣਤੀ ਵਿੱਚ 10 ਫੀਸਦੀ ਵਾਧਾ ਕੀਤਾ। ਮੁੱਖ ਅਧਿਆਪਕ ਗੁਰਮੀਤ ਸਿੰਘ ਨੇ ਕਿਹਾ ਕਿ ਉਸ ਨੇ ਕਦੇ ਵੀ ਆਪਣੇ-ਆਪ ਨੂੰ ਦਿਵਿਆਂਗ ਸਮਝਿਆ ਹੀ ਨਹੀਂ ਅਤੇ ਨਾ ਹੀ ਕੋਈ ਸ਼ਿਕਵਾ ਕੀਤਾ ਹੈ। ਉਸ ਨੇ ਕਿਹਾ ਕਿ ਮਨੁੱਖ ਕਦੇ ਵੀ ਕਿਸੇ ਸਰੀਰਕ ਕਮਜੋਰੀ ਕਾਰਨ ਹਾਰ ਨਾ ਮੰਨੇ, ਸਗੋਂ ਆਪਣੀ ਮਿਹਨਤ, ਲਗਨ ਤੇ ਦਿ੍ਰੜ ਇਰਾਦੇ ਨਾਲ ਅੱਗੇ ਵਧੇ ਤਾਂ ਕਾਮਯਾਬੀ ਖੁਦ ਤੁਹਾਡੇ ਕਦਮਾਂ ’ਚ ਆ ਕੇ ਖੜ੍ਹੀ
ਹੋ ਜਾਵੇਗੀ।
ਬੱਚਿਆਂ ਨੂੰ ਦਿਵਾਈਆਂ ਅਨੇਕਾਂ ਪੁਜੀਸ਼ਨਾਂ
ਅਧਿਆਪਕ ਗੁਰਮੀਤ ਸਿੰਘ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ, ਸੁੰਦਰ ਲਿਖਾਈ, ਗੀਤ ਮੁਕਾਬਲੇ, ਚਿੱਤਰਕਾਰੀ, ਵਜੀਫਾ ਪ੍ਰੀਖਿਆ, ਵਿਭਾਗੀ ਪ੍ਰੀਖਿਆ ਵਿੱਚ ਬਲਾਕ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਅਨੇਕਾਂ ਬੱਚਿਆਂ ਨੂੰ ਪੁਜੀਸ਼ਨਾਂ ਪ੍ਰਾਪਤ ਕਰਨ ਵਿੱਚ ਆਪਣਾ ਯੋਗਦਾਨ ਦੇ ਚੁੱਕੇ ਹਨ। ਉਹ ਦੱਸਦੇ ਹਨ ਕਿ ਬੱਚਿਆਂ ਦੀ ਹਰ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਪਣੀ ਪੂਰੀ ਵਾਹ ਲਾਉਂਦੇ ਹਨ ਇਸ ਤੋਂ ਇਲਾਵਾ ਉਹ ਹਰੇਕ ਸਕੂਲ ਅੰਦਰ ਆਪਣੇ ਬਲਬੂਤੇ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਬੱਚਿਆਂ ਲਈ ਖੇਡ ਕਿੱਟਾਂ, ਇਨਵਰਟਰ, ਵਾਟਰ ਕੂਲਰ, ਟਰਾਈਸਾਈਕਲ, ਹਰਮੋਨੀਅਮ ਆਦਿ ਚੀਜ਼ਾਂ ਦਾ ਪ੍ਰਬੰਧ ਕਰਵਾ ਚੁੱਕੇ ਹਨ।
ਐਵਾਰਡਾਂ ਵਿੱਚ ਵੀ ਸਿਰਤਾਜ਼
ਅਧਿਆਪਕ ਗੁਰਮੀਤ ਸਿੰਘ ਨੂੰ ਉਨ੍ਹਾਂ ਦੀ ਹਰ ਖੇਤਰ ਵਿੱਚ ਕਾਰਗੁਜ਼ਾਰੀ ਸਦਕਾ ਸਟੇਟ ਐਵਾਰਡ, ਜ਼ਿਲ੍ਹਾ ਪੱਧਰ ’ਤੇ ਐਵਾਰਡ, ਸਮਾਰਟ ਸਕੂਲ ਐਵਾਰਡ, ਸਮਰ ਕੈਂਪ ’ਤੇ ਐਵਾਰਡ ਅਤੇ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਐਵਾਰਡ ਹਾਸਲ ਹੋ ਚੁੱਕੇ ਹਨ। ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਨਿਵਾਜ਼ਿਆ ਸੀ। ਪਿਛਲੇ ਦਿਨੀਂ ਹੀ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਇੱਕ ਚੈਰੀਟੇਬਲ ਟਰੱਸਟ ਵੱਲੋਂ ਐਕਸੀਲੈਂਸ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ ਅਤੇ ਪੰਜਾਬ ’ਚੋਂ ਸਿਰਫ਼ ਇਨ੍ਹਾਂ ਦੀ ਹੀ ਚੋਣ ਕੀਤੀ ਗਈ ਸੀ।