ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਤੋਂ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਸਥਾਨਕ ਬੱਦੋਵਾਲ ਸਥਿੱਤ ਸਰਕਾਰੀ ਸਕੂਲ ਵਿੱਚ ਉਸ ਸਮੇਂ ਹਫੜਾ ਦਫ਼ੜੀ ਮੱਚ ਗਈ ਜਦੋਂ ਸਰਕਾਰੀ ਸਮਾਰਟ ਸਕੂਨ ਦੀ ਉਸਾਰੀ ਅਧੀਨ ਬਿਲਡਿੰਗ ਦੀ ਛੱਤ ਡਿੱਗ ਗਈ। ਛੱਤ ਡਿੱਗਣ ਨਾਲ ਚਾਰ ਅਧਿਆਪਕਾਵਾਂ ਤੇ ਕੁਝ ਹੋਰ ਲੋਕ ਮਲਬੇ ਹੇਠ ਆ ਗਏ। ਜਿਸ ਵਿੱਚੋਂ ਚਾਰਾਂ ਅਧਿਆਪਕਾਵਾਂ ਨੂੰ ਲੋਕਾਂ ਨੇ ਬਚਾ ਲਿਆ। ਇਸ ਦੇ ਨਾਲ ਹੀ ਮਲਬੇ ਵਿੱਚ ਦਬੇ ਬਾਕੀ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। (Baddowal News Today)
ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕਾਂ ਦੇ ਸਟਾਫ਼ ਰੂਮ ਦਾ ਲੈਂਟਰ ਡਿੱਗ ਗਿਆ ਹੈ। ਘਟਨਾ ਤੋਂ ਬਾਅਦ ਆਪ ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਅਰੰਭ ਦਿੱਤੇ। ਬਚਾਈਆਂ ਗਈਆਂ ਅਧਿਆਪਕਾਵਾਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਘਟਨਾ ਸਮੇਂ ਬੱਚੇ ਵੀ ਸਕੂਲ ਵਿੱਚ ਮੌਜ਼ੂਦ ਸਨ। ਜਖਮੀ ਅਧਿਆਪਕਾਵਾਂ ਦੀ ਪਛਾਣ ਨਰਿੰਦਰ ਜੀਤ ਕੌਰ, ਰਵਿੰਦਰ ਕੌਰ, ਇੰਦੂ ਰਾਣੀ ਤੇ ਸੁੁਰਜੀਤ ਕੌਰ ਵਜੋਂ ਹੋਈ ਹੈ।
ਹਾਦਸੇ ਤੋਂ ਤੁਰੰਤ ਬਾਅਦ ਲੁਧਿਆਣਾ ਜ਼ਿਲ੍ਹਾਂ ਪ੍ਰਸ਼ਾਸਨ ਨੇ ਐੱਨਡੀਆਰਐੱਫ਼ ਟੀਮ ਨੂੰ ਸੂਚਿਤ ਕੀਤਾ। ਐੱਨਡੀਆਰਐੱਫ਼ ਦੀ ਟੀਮ ਦੇ 18 ਜਵਾਨ ਮੌਕੇ ’ਤੇ ਪਹੰੁਚੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਚਾਰ ਅਧਿਆਪਕਾਵਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ। ਮਲਬੇ ਹੇਠ ਅਜੇ ਵੀ ਕਈ ਲੋਕਾਂ ਦੇ ਦਬੇ ਦੀ ਦੀ ਸੰਭਾਵਨਾ ਹੈ। ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਜਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ। ਸਕੂਲ ਨੂੰ ਹਰ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਇਮਾਰਤ ਵਿੱਚ ਐੱਨਡੀਆਰਐੱਫ਼ ਟੀਮ ਬਚਾਅ ਕਾਰਜ ਚਲਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਚਾਰ ਅਧਿਆਪਕਾਵਾਂ ਵਿੱਚੋਂ ਇੱਕ ਅਧਿਆਪਕਾ ਦੀ ਇਲਾਜ ਅਧੀਨ ਮੌਤ ਹੋ ਚੁੱਕੀ ਹੈ। ਮਿ੍ਰਤਕ ਅਧਿਆਪਕਾ ਦੀ ਪਛਾਣ ਰਵਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਕੁਝ ਦਿਨ ਪਹਿਲਾਂ ਹੀ ਨੂਰਪੁਰ ਬੇਟ ਤੋਂ ਬਦਲੀ ਹੋਣ ਕਾਰਨ ਬੱਦੋਵਾਲ ਸਕੂਲ ਤਾਇਨਤ ਹੋਈ ਸੀ।
ਸਿੱਖਿਆ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ | Baddowal News Today
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਾਪਰੀ ਘਟਨਾਂ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਸਮੇਤ ਜ਼ਿਲਾ ਪ੍ਰਸ਼ਾਸਨ ਨੂੰ ਤੁਰੰਤ ਹਰ ਸੰਭਵ ਸਹਾਇਤਾ ਪਹੁੰਚਾਉਣ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦੀ ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ 4 ਅਧਿਆਪਕ ਮਲਬੇ ਹੇਠਾਂ ਦਬ ਗਏ। ਜਿੰਨਾਂ ਵਿੱਚੋਂ ਇੱਕ ਮਹਿਲਾ ਅਧਿਆਪਕ ਦੀ ਹਸਪਤਾਲ ਵਿਖੇ ਇਲਾਜ਼ ਦੌਰਾਨ ਮੌਤ ਹੋ ਗਈ। ਮਿ੍ਰਤਕ ਅਧਿਆਪਕਾ ਦੀ ਪਹਿਚਾਣ ਰਵਿੰਦਰ ਕੌਰ ਵਜੋਂ ਹੋਈ ਹੈ ਜੋ ਕੁੱਝ ਦਿਨ ਪਹਿਲਾਂ ਹੀ ਨੂਰਪੁਰ ਬੇਟ ਤੋਂ ਬਦਲੀ ਹੋਣ ਕਾਰਨ ਬੱਦੋਵਾਲ ਸਕੂਲ ਤਾਇਨਾਤ ਹੋਈ ਸੀ।