ਮਹਿਜ਼ 8 ਮਹੀਨਿਆਂ ਵਿੱਚ 1.25 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਈ ਰਿਟੇਲ ਸਬਜ਼ੀ ਮੰਡੀ | Aman Arora
- ਉਦਘਾਟਨੀ ਸਮਾਗਮ ਦੌਰਾਨ 116 ਰੇਹੜੀ ਫੜੀ ਵਾਲਿਆਂ ਨੂੰ ਸੌਂਪੇ ਗਏ ਫੜ ਅਲਾਟਮੈਂਟ ਪੱਤਰ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੇ ਅੱਜ ਸੁਨਾਮ ਸ਼ਹਿਰ ਦੇ ਨਿਵਾਸੀਆਂ ਨੂੰ 1.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਰਿਟੇਲ ਸਬਜ਼ੀ ਮੰਡੀ ਸਮਰਪਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਹ ਹਲਕਾ ਸੁਨਾਮ ਦੇ ਕਾਇਆ ਕਲਪ ਲਈ ਨੇਕ ਨੀਅਤ ਤੇ ਇਮਾਨਦਾਰ ਸੋਚ ਦੇ ਆਧਾਰ ਤੇ ਹਰ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਰਿਟੇੇਲ ਸਬਜ਼ੀ ਮੰਡੀ ਦੇ ਉਦਘਾਟਨ ਦੀ ਰਸਮ ਅਦਾ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਰਿਟੇਲ ਸਬਜ਼ੀ ਮੰਡੀ ਉਨ੍ਹਾਂ ਦਾ ਡਰੀਮ ਪ੍ਰੋਜੈਕਟ ਹੈ ਅਤੇ ਮਹਿਜ਼ 8 ਮਹੀਨਿਆਂ ਵਿੱਚ ਇਸ ਨੂੰ ਸਾਕਾਰ ਕਰਨ ਨਾਲ ਪਹਿਲੇ ਪੜਾਅ ਵਜੋਂ ਸੁਨਾਮ ਸ਼ਹਿਰ ਦੇ ਅਜਿਹੇ ਸੈਂਕੜੇ ਰੇਹੜੀ ਫੜੀ ਵਾਲਿਆਂ ਨੂੰ ਰਾਹਤ ਮਿਲੀ ਹੈ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਮਾਤਾ ਮੋਦੀ ਚੌਂਕ ਤੋਂ ਸਿ਼ਵ ਨਿਕੇਤਨ ਚੌਂਕ ਤੱਕ ਸੜਕਾਂ ਦੇ ਕਿਨਾਰਿਆਂ ਤੇ ਘੰਟਿਆਂਬੱਧੀ ਖੜ੍ਹ ਕੇ ਆਪਣਾ ਰੋਜ਼ਗਾਰ ਚਲਾਉਣ ਨੂੰ ਮਜ਼ਬੂਰ ਸਨ।
ਉਦਘਾਟਨੀ ਸਮਾਗਮ ਦੌਰਾਨ 116 ਰੇਹੜੀ ਫੜੀ ਵਾਲਿਆਂ ਨੂੰ ਸੌਂਪੇ ਗਏ ਫੜ ਅਲਾਟਮੈਂਟ ਪੱਤਰ | Aman Arora
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੁਰਾਣੀ ਸਬਜ਼ੀ ਮੰਡੀ ਵਿੱਚ ਲੋਕਾਂ ਅਤੇ ਫੜੀ ਰੇਹੜੀ ਵਾਲਿਆਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਕਦੇ ਸਾਰ ਨਹੀਂ ਲਈ ਸੀ ਜਿਸ ਕਾਰਨ ਇਹ ਥਾਂ ਕਈ ਸਾਲ ਵੀਰਾਨ ਤੇ ਉਜਾੜ ਬਣੀ ਰਹੀ ਪਰ ਹੁਣ ਵਿਉਂਤਬੱਧ ਢੰਗ ਨਾਲ ਇਸ ਮੰਡੀ ਨੂੰ ਸ਼ਾਨਦਾਰ ਰਿਟੇਲ ਸਬਜ਼ੀ ਮੰਡੀ ਵਿੱਚ ਤਬਦੀਲ ਕਰਦਿਆਂ ਇਥੇ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਵਿਸ਼ਾਲ ਸਮਰੱਥਾ ਵਾਲੀ ਪਾਰਕਿੰਗ, ਵਾਸ਼ਰੂਮ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਬਹੁਤ ਜਲਦੀ ਹੀ ਫੜਾਂ ਉਤੇ ਸ਼ੈਡ ਪਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਸ਼੍ਰੀ ਅਰੋੜਾ ਨੇ 116 ਰੇਹੜੀ ਫੜੀ ਵਾਲਿਆਂ ਨੂੰ ਅਲਾਟਮੈਂਟ ਪੱਤਰਾਂ ਦੀ ਵੰਡ ਵੀ ਕੀਤੀ।ਕੈਬਨਿਟ ਮੰਤਰੀ ਨੇ ਮੁਬਾਰਕਬਾਦ ਭੇਟ ਕਰਦਿਆਂ ਕਿਹਾ ਕਿ 160 ਫੜਾਂ ਦਾ ਨਿਰਮਾਣ ਕਰਵਾ ਕੇ ਪੂਰੀ ਪਾਰਦਰਸ਼ੀ ਪ੍ਰਣਾਲੀ ਰਾਹੀਂ ਲੋੜਵੰਦਾਂ ਨੂੰ ਇਹ ਅਲਾਟਮੈਂਟ ਕੀਤੀ ਗਈ ਹੈ ਤਾਂ ਰੇਹੜੀ ਫੜੀ ਚਾਲਕਾਂ ਦੇ ਆਦਰ ਸਤਿਕਾਰ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ ਦੀ ਮੌਜ਼ੂਦਗੀ ਵਿੱਚ ਰਿਟੇਲ ਸਬਜ਼ੀ ਮੰਡੀ ਵਿੱਚ ਹੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ, ਸਰਕਾਰੀ ਨੌਕਰੀਆਂ, ਮੁਫ਼ਤ ਬਿਜਲੀ ਸਮੇਤ ਵੱਡੀ ਗਿਣਤੀ ਅਜਿਹੀਆਂ ਸੁਵਿਧਾਵਾਂ ਤੇ ਭਲਾਈ ਯੋਜਨਾਵਾਂ ਹਨ ਜਿਨ੍ਹਾਂ ਵਿੱਚ ਵੱਡੇ ਲੋਕ ਹਿੱਤਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਲਈ ਵੱਖ ਵੱਖ ਕਾਰਜਾਂ ਹਿੱਤ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀ ਗਈਆਂ ਹਨ ਜਿਸ ਤਹਿਤ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਦੇ ਨਵੀਨੀਕਰਨ ਉਤੇ 3 ਕਰੋੜ 28 ਲੱਖ ਰੁਪਏ ਖਰਚੇ ਜਾ ਰਹੇ ਹਨ ਅਤੇ ਇਹ ਕਾਰਜ 99 ਫੀਸਦੀ ਪੂਰਾ ਹੋ ਚੁੱਕਾ ਹੈ।
ਹਰ ਪ੍ਰੋਜੈਕਟ ਨੂੰ ਨੇਕ ਨੀਅਤ ਤੇ ਇਮਾਨਦਾਰ ਸੋਚ ਨਾਲ ਚੜ੍ਹਾਇਆ ਜਾਵੇਗਾ ਨੇਪਰੇ : ਅਮਨ ਅਰੋੜਾ
ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਸੁਵਿਧਾ ਲਈ ਸਰਕਾਰੀ ਆਈ.ਟੀ.ਆਈ ਵਿਖੇ ਹੀ ਬਣ ਰਹੇ ਖੇਡ ਸਟੇਡੀਅਮ ਦੀ ਉਸਾਰੀ 1 ਕਰੋੜ 87 ਲੱਖ, ਸੁਨਾਮ ਤੇ ਈਲਵਾਲ ਵਿਖੇ ਬਿਜਲੀ ਗਰਿੱਡਾਂ ਦਾ ਨਿਰਮਾਣ, ਰੇਲਵੇ ਦੇ ਦੋਵੇਂ ਪਾਸੇ ਇੰਦਰਾ ਬਸਤੀ ਤੇ ਬਹੁ ਗਿਣਤੀ ਸ਼ਹਿਰ ਵਾਸੀਆਂ ਨੂੰ ਫਾਇਦਾ ਦੇਣ ਲਈ ਤੰਗ ਸੜਕ ਨੂੰ ਚੌੜਾ ਕਰਨ ਦਾ ਪ੍ਰੋਜੈਕਟ, 62 ਲੱਖ ਦੀ ਲਾਗਤ ਨਾਲ ਨੇਚਰ ਪਾਰਕ ਸਮੇਤ ਅਨੇਕਾਂ ਅਜਿਹੇ ਪ੍ਰੋਜੈਕਟ ਹਨ ਜੋ ਤੇਜ਼ੀ ਨਾਲ ਮੁਕੰਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੁਨਾਮ ਸ਼ਹਿਰ ਵਿਖੇ 2 ਆਮ ਆਦਮੀ ਕਲੀਨਿਕਾਂ ਨੂੰ ਸਥਾਪਤ ਕਰਨ ਅਤੇ 2 ਸਕੂਲ ਆਫ਼ ਐਮੀਨੈਂਸ ਬਣਨ ਨਾਲ ਵੀ ਇਸ ਦੀ ਸ਼ਾਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਇਸ ਮੌਕੇ ਸਬਜ਼ੀ ਲਈ ਅਲਾਟ ਹੋਏ ਇੱਕ ਫੜ ਤੋਂ ਸਬਜ਼ੀ ਦੀ ਖਰੀਦ ਵੀ ਕੀਤੀ।
ਇਸ ਮੌਕੇ ਰੇਹੜੀ ਫੜੀ ਯੂਨੀਅਨ ਦੇ ਆਗੂ ਹੰਘੀ ਖਾਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵਿਸ਼ੇਸ ਧੰਨਵਾਦ ਕਰਦਿਆਂ ਕਿਹਾ ਕਿ ਰੇਹੜੀ ਫੜੀ ਵਾਲੇ ਸਰਕਾਰ ਦੀ ਇਸ ਦਰਿਆਦਿਲੀ ਤੋਂ ਕਾਫ਼ੀ ਖੁਸ਼ ਹਨ ਅਤੇ ਇਸ ਨਾਲ ਯਕੀਨੀ ਤੌਰ ਤੇ ਬਜ਼ਾਰ ਵਿੱਚ ਟਰੈਫਿਕ ਸਮੱਸਿਆ ਤੇ ਆਵਾਰਾ ਪਸ਼ੂਆਂ ਤੋਂ ਰਾਹਤ ਮਿਲੇਗੀ। ਸਮੂਹ ਮਾਰਕੀਟ ਦੁਕਾਨਦਾਰਾਂ ਵੱਲੋਂ ਇਸ ਪ੍ਰੋਜੈਕਟ ਨੂੰ ਸਾਕਾਰ ਰੂਪ ਦੇਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ ਨੂੰ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ : ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਆਸ਼ਾ ਬਜਾਜ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਜਸਪ੍ਰੀਤ ਸਿੰਘ, ਨਾਇਬ ਤਹਿਸੀਲਦਾਰ ਅਮਿਤ ਕੁਮਾਰ, ਕਾਰਜਸਾਧਕ ਅਫਸਰ ਅੰਮ੍ਰਿਤ ਲਾਲ ਸਮੇਤ ਕਈ ਸੀਨੀਅਰ ਆਗੂ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।