ਪੰਜਾਬ ਦੇ ਅੱਠ ਜਿਲ੍ਹਿਆਂ ਦਾ ਹੜ੍ਹ ਨੇ ਕੀਤੇ ਬੁਰਾ ਹਾਲ, ਮੁੱਖ ਮੰਤਰੀ ਨੇ ਲਿਆ ਜਾਇਜਾ

Flood

ਰੂਪਨਗਰ। ਪੰਜਾਬ ਦੇ ਅੱਠ ਜ਼ਿਲ੍ਹੇ ਹੜ੍ਹ (Flood) ਦੀ ਮਾਰ ਹੇਠ ਆ ਗਏ ਹਨ। ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ ਹੈ। ਜਿਸ ਦਾ ਅਸਰ ਰੋਪੜ ’ਤੇ ਪਿਆ ਹੈ। ਇਸੇ ਦੇ ਨਾਲ ਹੀ ਪੌਂਗ ਡੈਮ ਤੋਂ ਛੱਡੇ ਗਏ ਪਾਣੀ ਨੇ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਤੋਂ ਬਾਅਦ ਹੁਣ ਅੰਮਿ੍ਰਤਸਰ, ਤਰਨਤਾਰਨ ਅਤੇ ਫਿਰੋਜਪੁਰ ਨੂੰ ਇਸ ਦੀ ਲਪੇਟ ’ਚ ਲੈ ਲਿਆ ਗਿਆ ਹੈ। ਮੁੱਖ ਮੰਤਰੀ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜਾ ਲੈਣ ਲਈ ਦੁਪਹਿਰ ਵੇਲੇ ਹੁਸ਼ਿਆਰਪੁਰ ਪੁੱਜੇ।

ਪੌਂਗ ਡੈਮ ਤੋਂ ਛੱਡੇ ਗਏ ਪਾਣੀ ਦਾ ਸਭ ਤੋਂ ਵੱਧ ਅਸਰ ਗੁਰਦਾਸਪੁਰ ’ਚ ਦੇਖਣ ਨੂੰ ਮਿਲ ਰਿਹਾ ਹੈ। ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰਾ ’ਚ ਬਰਸਾਤੀ ਨਾਲੇ ਦਾ ਪਾਣੀ ਦੇਖਣ ਗਏ ਦੋ ਬੱਚੇ ਰੁੜ੍ਹ ਗਏ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਿਨ੍ਹਾਂ ਦੀ ਪਛਾਣ ਜਸਕਰਨ ਸਿੰਘ ਉਮਰ 14 ਸਾਲ ਅਤੇ ਦਿਲਪ੍ਰੀਤ ਸਿੰਘ ਉਮਰ 13 ਸਾਲ ਵਜੋਂ ਹੋਈ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਕਪੂਰਥਲਾ ਦੇ ਵਿਧਾਨ ਸਭਾ ਹਲਕਾ ਭੁਲੱਥ ਦੇ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਵਿੱਚ ਕਈ ਪਸ਼ੂ ਰੁੜ੍ਹ ਗਏ। ਇਸ ਦੇ ਨਾਲ ਹੀ ਬਿਆਸ ਦਾ ਅਸਰ ਅੰਮਿ੍ਰਤਸਰ, ਤਰਨਤਾਰਨ ਅਤੇ ਫਿਰੋਜਪੁਰ ਵਿੱਚ ਵੀ ਦਿਖਾਈ ਦੇਣ ਲੱਗਾ ਹੈ।

ਸਾਡੇ ਦੋ ਟੀਚੇ ਹਨ ਪਾਣੀ ਨੂੰ ਬਚਾਉਣਾ ਅਤੇ ਕੁਦਰਤ ਨਾਲ ਛੇੜਛਾੜ ਨਾ ਕਰਨਾ | Flood

ਪੰਜਾਬ ’ਚ ਬਿਜਲੀ ਸਮਝੌਤਿਆਂ ’ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ’ਚ ਹੜ੍ਹਾਂ ਦੀ ਸਥਿਤੀ ’ਤੇ ਚਿੰਤਾ ਪ੍ਰਗਟਾਈ ਹੈ। ਮੁੱਖ ਮੰਤਰੀ ਮਾਨ ਨੇ ਕਿਹਾ- ਹੜ੍ਹਾਂ ਅਤੇ ਕੁਦਰਤੀ ਆਫਤਾਂ ਤੋਂ ਸਿੱਖਣ ਦੀ ਲੋੜ ਹੈ। ਅਸੀਂ ਜਲ ਮਾਰਗਾਂ ’ਤੇ ਉਸਾਰੀਆਂ ਕੀਤੀਆਂ। ਕਈ ਉੱਚੇ-ਉੱਚੇ ਬੈਰੀਅਰ ਲਾਏ ਗਏ ਅਤੇ ਸੜਕਾਂ ਚੌੜੀਆਂ ਕਰਨ ਦੇ ਨਾਂਅ ’ਤੇ ਪਾਣੀ ਦਾ ਰਸਤਾ ਛੋਟਾ ਕਰ ਦਿੱਤਾ ਗਿਆ। ਪਰ ਪਾਣੀ ਨੇ ਦੱਸਿਆ ਕਿ ਮੈਂ ਇੱਥੋਂ ਚਲਾ ਜਾਵਾਂਗਾ। ਹੁਣ ਸਾਨੂੰ ਇਸ ਤੋਂ ਸਿੱਖਣ ਦੀ ਲੋੜ ਹੈ। ਇਸ ਦੇ ਨਾਲ ਹੀ ਪੰਜਾਬ ਲਈ ਦੂਜਾ ਟੀਚਾ ਪਾਣੀ ਬਚਾਉਣਾ ਹੈ। ਤੇਲੰਗਾਨਾ ਦੀ ਤਰਜ ’ਤੇ ਹੁਣ ਪੰਜਾਬ ’ਚ ਵੀ ਬਣਾਏ ਜਾਣਗੇ ਚੈੱਕ ਡੈਮ ਤਾਂ ਜੋ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਸਟੋਰ ਕੀਤਾ ਜਾ ਸਕੇ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਲੋੜ ਪੈਣ ’ਤੇ ਇਸ ਪਾਣੀ ਨੂੰ ਪੰਪਾਂ ਦੀ ਮੱਦਦ ਨਾਲ ਖੇਤਾਂ ਤੱਕ ਵੀ ਪਹੁੰਚਾਇਆ ਜਾ ਸਕਦਾ ਹੈ।

ਪੌਂਗ ਡੈਮ ਦੀ ਸਮਰੱਥਾ 1390 ਫੁੱਟ | Flood

ਸੀਐਮ ਨੇ ਕਿਹਾ ਕਿ ਹਿਮਾਚਲ ’ਚ ਮੀਂਹ ਦਾ ਅਸਰ ਪੰਜਾਬ ’ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਭਾਖੜਾ ਦੀ ਸਮਰੱਥਾ 1680 ਫੁੱਟ ਹੈ। ਪਰ ਇਸ ਦਾ ਚਾਰ ਫੁੱਟ ਹੇਠਾਂ ਪਾਣੀ ਦਾ ਪੱਧਰ 1676 ਫੁੱਟ ਹੈ। ਪੌਂਗ ਡੈਮ ਦੀ ਸਮਰੱਥਾ 1390 ਫੁੱਟ ਹੈ ਅਤੇ ਇਹ 1396 ਫੁੱਟ ਹੋ ਗਿਆ ਹੈ। ਇਸ ਵਿੱਚੋਂ ਕੱਲ੍ਹ ਤੱਕ 1.17 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਪਰ ਪਾਣੀ ਦੀ ਆਮਦ ਘੱਟ ਹੋਣ ਕਾਰਨ ਇਸ ਦੀ ਨਿਕਾਸੀ ਘਟ ਗਈ ਹੈ। ਸਾਮ ਤੱਕ 1 ਲੱਖ ਰੁਪਏ ਜਾਰੀ ਕਰ ਦਿੱਤੇ ਜਾਣਗੇ। ਘੱਗਰ ਅਤੇ ਰਾਵੀ ਸੁਰੱਖਿਅਤ ਹਨ। ਹਰੀਕੇ ਹੈੱਡ ਤੋਂ ਅੱਗੇ ਪਾਣੀ ਛੱਡਿਆ ਜਾ ਰਿਹਾ ਹੈ। ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ।

ਗੁਰਦਾਸਪੁਰ ਦੇ 50 ਪਿੰਡ ਹੜ੍ਹ ਦੀ ਲਪੇਟ ’ਚ

ਪੌਂਗ ਡੈਮ ਤੋਂ ਭਾਰੀ ਪਾਣੀ ਛੱਡਣ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ, ਗੁਰਦਾਸਪੁਰ ਅਤੇ ਕਾਹਨੂੰਵਾਨ ਖੇਤਰਾਂ ਦੇ ਕਰੀਬ 50 ਪਿੰਡ ਬਿਆਸ ਦਰਿਆ ਵਿੱਚ ਡੁੱਬ ਗਏ ਹਨ। ਜਿਨ੍ਹਾਂ ਵਿੱਚੋਂ 12 ਦੇ ਕਰੀਬ ਪਿੰਡ ਖਾਸ ਕਰਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। 15 ਕਿਸ਼ਤੀਆਂ ਨਾਲ ਟੀਮਾਂ ਨੇ 500 ਤੋਂ ਵੱਧ ਲੋਕਾਂ ਨੂੰ ਬਚਾਇਆ। ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ ਚੀਚੀਆ ਛਰੋਈਆ, ਪੱਖੋਵਾਲ, ਦਾਉਵਾਲ, ਖਹਿਰਾ, ਦਲੇਰਪੁਰ, ਪਡਾਣਾ, ਛੀਨਾ ਬੇਟ, ਨਡਾਲਾ, ਜਗਪੁਰ ਕਲਾਂ, ਕੋਹਲੀਆਂ ਅਤੇ ਖਾਰੀਆਂ ਸ਼ਾਮਲ ਹਨ। ਧੁੱਸੀ ਬੰਨ੍ਹ ਦੇ ਟੁੱਟਣ ਕਾਰਨ ਜਗਤਪੁਰ ਟਾਂਡਾ ਅਤੇ ਭੈਣੀ ਪਸਵਾਲ ਖੇਤਰ ਪ੍ਰਭਾਵਿਤ ਹੋਇਆ। ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਾਣੀ ਦਾ ਪੱਧਰ 9 ਇੰਚ ਘੱਟ ਗਿਆ ਹੈ। (Flood)

ਅੰਮਿ੍ਰਤਸਰ ਵਿੱਚ ਬਿਆਸ 744 ਗੇਜ ਤੱਕ ਪਹੁੰਚ ਗਿਆ ਹੈ

ਅੰਮਿ੍ਰਤਸਰ ਦੇ ਪਿੰਡ ਸੇਰੋਬਾਗਾ ਦੇ ਘਰ ਪਾਣੀ ਦੀ ਲਪੇਟ ਵਿੱਚ ਆ ਗਏ। ਜਿਸ ਤੋਂ ਬਾਅਦ ਦੀਆਂ ਟੀਮਾਂ ਨੇ ਸਾਮ ਨੂੰ 26 ਲੋਕਾਂ ਅਤੇ 30 ਪਾਲਤੂ ਜਾਨਵਰਾਂ ਨੂੰ ਬਚਾਇਆ। ਇਸ ਦੌਰਾਨ ਪਿੰਡ ਦੇ ਗੁਰੂਘਰ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਸਤਿਕਾਰ ਸਹਿਤ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ ਹੈ। ਅੰਮਿ੍ਰਤਸਰ ’ਚ ਬਿਆਸ ਦਰਿਆ 744 ਗੇਜ ਦੇ ਖਤਰੇ ਦੇ ਨਿਸਾਨ ਨੂੰ ਛੂਹ ਗਿਆ ਹੈ, ਜਦਕਿ ਬਿਆਸ ਦਰਿਆ ‘ਚ ਪਾਣੀ ਦਾ ਵਹਾਅ 1.40 ਲੱਖ ਕਿਊਸਿਕ ਹੋਣ ਦਾ ਅਨੁਮਾਨ ਹੈ। ਅੰਮਿ੍ਰਤਸਰ ਤੋਂ ਇਲਾਵਾ ਬਿਆਸ ਦਾ ਅਸਰ ਤਰਨਤਾਰਨ ਤੇ ਫਿਰੋਜਪੁਰ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਤਰਨਤਾਰਨ ਦੇ ਪਿੰਡ ਧੂੰਦਾ ਵਿੱਚ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ ਹੈ। ਜਿਸ ਕਾਰਨ 15 ਹਜ਼ਾਰ ਏਕੜ ਜਮੀਨ ਪਾਣੀ ਵਿੱਚ ਡੁੱਬ ਗਈ ਹੈ।

ਇਹ ਵੀ ਪੜ੍ਹੋ : ਕ੍ਰਿਸ਼ਨ ਚੰਦ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ