ਚੇਨਈ (ਏਜੰਸੀ)। ਚੰਦਰਮਾ ’ਤੇ ਜਿੱਤ ਪ੍ਰਾਪਤ ਕਰਨ ਲਈ ਨਿਕਲੇ ਚੰਦਰਯਾਨ-3 (Chandrayaan-3) ਨੇ ਵੀਰਵਾਰ ਨੂੰ ਆਪਣੇ ਮਿਸਨ ਦਾ ਇਕ ਹੋਰ ਬਹੁਤ ਮਹੱਤਵਪੂਰਨ ਮੀਲ ਪੱਥਰ ਪਾਰ ਕੀਤਾ, ਜਿਸ ਵਿਚ ਵਿਕਰਮ ਲੈਂਡਰ ਮਾਡਿਊਲ ਸਫਲਤਾਪੂਰਵਕ ਪ੍ਰੋਪਲਸਨ ਮਾਡਿਊਲ ਤੋਂ ਵੱਖ ਹੋ ਗਿਆ ਅਤੇ ਆਪਣੀ ਅੱਗੇ ਦੀ ਯਾਤਰਾ ਸ਼ੁਰੂ ਕਰ ਦਿੱਤੀ।
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸਨ (ਇਸਰੋ) ਦੇ ਅਨੁਸਾਰ, ਹੁਣ ਲੈਂਡਰ ਰੋਵਰ ਦੇ ਨਾਲ ਇਕੱਲੇ ਯਾਤਰਾ ਕਰੇਗਾ ਅਤੇ 23 ਅਗਸਤ ਦੀ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ ਦੀ ਸਤ੍ਹਾ ’ਤੇ ਉਤਰੇਗਾ। ਇਸ ਦੇ ਲਈ ਸਾਰੇ ਅਭਿਆਸ ਮੁਕੰਮਲ ਕਰ ਲਏ ਗਏ ਹਨ। ਇਸਰੋ ਦੇ ਅਨੁਸਾਰ, ਇਸ ਪੜਾਅ ਦੇ ਸਫਲਤਾਪੂਰਵਕ ਪੂਰਾ ਹੋਣ ਦਾ ਮਤਲਬ ਹੈ ਕਿ ਚੰਦਰਯਾਨ-3 (Chandrayaan-3) ਦੇ ਸਾਰੇ ਸਿਸਟਮ ਸਹੀ ਢੰਗ ਨਾਲ ਕੰਮ ਕਰ ਰਹੇ ਹਨ।
ਚੰਦਰਯਾਨ 3 (Chandrayaan-3) ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿੱਤ ਸਤੀਸ਼ ਧਵਨ ਸਪੇਸ ਸੈਂਟਰ ਤੋਂ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਚੰਦਰਮਾ ਦੀ ਸਤ੍ਹਾ ’ਤੇ ਉਤਰਨ ਤੋਂ ਬਾਅਦ, ਰੋਵਰ ਲੈਂਡਰ ਤੋਂ ਬਾਹਰ ਨਿਕਲੇਗਾ ਅਤੇ ਮਿਸ਼ਨ ਦੇ ਉਦੇਸ਼ਾਂ ਨੂੰ ਪੂਰਾ ਕਰੇਗਾ। ਇਸ ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤ ਇਹ ਉਪਲੱਬਧੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਹੁਣ ਤੱਕ ਸਿਰਫ਼ ਅਮਰੀਕਾ, ਰੂਸ ਅਤੇ ਚੀਨ ਨੇ ਹੀ ਇਹ ਉਪਲੱਬਧੀ ਹਾਸਲ ਕੀਤੀ ਹੈ। ਚੰਦਰਯਾਨ 3 ਨੇ ਪਿਛਲੇ ਤਿੰਨ ਹਫਤਿਆਂ ਵਿੱਚ ਕਈ ਪੜਾਵਾਂ ਵਿੱਚੋਂ ਲੰਘ ਕੇ ਅਤੇ ਚੰਦਰਮਾ ਦੇ ਵੱਖ-ਵੱਖ ਚੱਕਰਾਂ ਵਿੱਚ ਦਾਖਲ ਹੋ ਕੇ ਇਸ ਮਹੱਤਵਪੂਰਨ ਕਦਮ ਨੂੰ ਪੂਰਾ ਕੀਤਾ ਹੈ।