ਇਕ ਹਫਤੇ ਅੰਦਰ ਏਡਿਡ ਸਕੂਲਾਂ ਦੀਆਂ ਤਨਖਾਹਾਂ ਜਾਰੀ ਕਰਨ ਦਾ ਦਿੱਤਾ ਭਰੋਸਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਐਨ.ਐਨ.ਸੈਣੀ ਅਤੇ ਸੂਬਾ ਸਰਪ੍ਰਸਤ ਗੁਰਚਰਨ ਸਿੰਘ ਚਾਹਲ ਦੀ ਅਗਵਾਈ ਵਿਚ ਡੀ.ਪੀ.ਆਈ ਸੈਕੰਡਰੀ ਸ੍ਰੀ ਸੰਜੀਵ ਸ਼ਰਮਾ ਨਾਲ ਹੋਈ। ਇਸ ਮੀਟਿੰਗ ਵਿਚ ਯੂਨੀਅਨ ਆਗੂਆਂ ਵਲੋਂ ਏਡਿਡ ਸਕੂਲਾਂ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਤੇ ਛੇਵੇ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾ ਲਾਗੂ ਕਰਨ , ਪੰਜ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ, ਸੀ.ਐਂਡ.ਵੀ ਕੇਡਰ ਦੇ ਪੈਨਸ਼ਨਰਾਂ ਦੇ ਰੁਕੇ ਪੀ.ਪੀ.ਓ ਆਰਡਰ ਜਾਰੀ ਕਰਨ ਨੂੰ ਲੈ ਕੇ ਗੱਲਬਾਤ ਕੀਤੀ ਗਈ।
ਇਸ ਮੌਕੇ ਯੂਨੀਅਨ ਆਗੂਆਂ ਨੇ ਸਿੱਖਿਆ ਵਿਭਾਗ ਵਲੋਂ ਸੀ.ਐਂਡ.ਵੀ ਕਾਡਰ ਦੇ ਅਧਿਆਪਕਾਂ ਨੂੰ 4400 ਰੁਪਏ ਦੀ ਬਜਾਏ 3200 ਰੁਪਏ ਗਰੇਡ ਪੇ ਦੇਣ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਡੀ.ਪੀ.ਆਈ ਨੂੰ ਦੱਸਿਆ ਕਿ ਏਡਿਡ ਸਕੂਲਾਂ ਦੇ ਐਕਟ ਅਨੁਸਾਰ ਏਡਿਡ ਅਧਿਆਪਕਾਂ ਦੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਬਰਾਬਰ ਪੈਰਿਟੀ ਹੈ। ਇਸ ਕਈ ਜਦੋਂ ਤੱਕ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੇ ਇਸ ਕੇਡਰ ਦੇ ਅਧਿਆਪਕਾਂ ਨੂੰ 4400 ਰੁਪਏ ਗਰੇਡ ਪੇਅ ਦੇ ਰਿਹਾ ਹੈ ਉਦੋ ਤੱਕ ਏਡਿਡ ਸਕੂਲਾਂ ਦੇ ਸੀ.ਐਂਡ.ਵੀ ਅਧਿਆਪਕਾਂ ਨੂੰ ਵੀ ਇਹੀ ਗਰੇਡ ਤੋਂ ਬਿਨ੍ਹਾ ਤਨਖਾਹ ਜਾਰੀ ਨਹੀ ਕੀਤੀ ਜਾ ਸਕਦੀ। ਤਿੱਖੀ ਬਹਿਸ ਉਪਰੰਤ ਡੀ.ਪੀ.ਆਈ (ਸ) ਨੇ ਇਸ ਮੰਗ ਤੇ ਸਹਿਮਤੀ ਪ੍ਰਗਟ ਕਰਦਿਆਂ ਇਸ ਦੀ ਵਿਸ਼ੇਸ਼ ਸਕੱਤਰ ਸਿੱਖਿਆ ਤੋਂ ਪ੍ਰਵਾਨਗੀ ਲੈਣ ਉਪਰੰਤ ਤਨਖਾਹ 4400 ਰੁਪਏ ਗਰੇਡ ਪੇ ਨਾਲ ਜਾਰੀ ਕਰਨ ਦਾ ਭਰੋਸਾ ਦਿੱਤਾ।
ਤਨਖਾਹ ਗ੍ਰਾਂਟ ਜਾਰੀ ਨਾ ਹੋਣ ਦਾ ਸਖਤ ਨੋਟਿਸ | Pay Commission
ਇਸ ਮੌਕੇ ਡਾਇਰੈਕਟਰ ਸਿੱਖਿਆ ਵਿਭਾਗ ਨੇ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਕਰਮਚਾਰੀਆਂ ਦੀਆਂ ਮਾਰਚ 2023 ਤੋਂ ਰੁਕੀਆਂ ਤਨਖਾਹਾਂ ਨੂੰ ਇਕ ਹਫਤੇ ਅੰਦਰ ਜਾਰੀ ਕਰਨ ਦਾ ਭਰੋਸਾ ਦਿੱਤਾ। ਯੂਨੀਅਨ ਆਗੂਆਂ ਨੇ ਏਡਿਡ ਸਕੂਲਾਂ ਦੇ ਕਰਮਚਾਰੀਆਂ ਤੇ ਅਧਿਆਪਕਾਂ ਨੂੰ ਫਰਵਰੀ 2023 ਤੋਂ ਬਾਅਦ ਤਨਖਾਹ ਗ੍ਰਾਂਟ ਜਾਰੀ ਨਾ ਹੋਣ ਦਾ ਸਖਤ ਨੋਟਿਸ ਲੈਂਦਿਆ ਇਹ ਤਨਖਾਹਾਂ ਜਲਦ ਤੋਂ ਜਲਦ ਜਾਰੀ ਕਰਨ ਦੀ ਮੰਗ ਕੀਤੀ ਸੀ। ਜਿਸ ਤੇ ਡੀ.ਪੀ.ਆਈ (ਸ) ਨੇ ਸਹਾਇਕ ਡਾਇਰੈਕਟਰ ਸ੍ਰੀ ਮਹੇਸ਼ ਸ਼ਰਮਾ ਨੂੰ ਇਸ ਕੰਮ ਵਿਚ ਤੇਜ਼ੀ ਲਿਆਉਣ ਲਈ ਆਖਿਆ।
ਮੀਟਿੰਗ ਵਿਚ ਸਹਾਇਕ ਡਾਇਰੈਕਟਰ ਸ੍ਰੀ ਮਹੇਸ਼ ਸ਼ਰਮਾ , ਸ਼ੈਕਸ਼ਨ ਅਫਸਰ ਮੈਡਮ ਰਿਸ਼ੂ , ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਹਰਦੀਪ ਸਿੰਘ ਰੋਪੜ, ਦਲਜੀਤ ਸਿੰਘ ਮੁਹਾਲੀ, ਸ਼ਰਨਜੀਤ ਸਿੰਘ ਕੁਰਾਲੀ, ਯਾਦਵਿੰਦਰ ਕੁਮਾਰ ਕੁਰਾਲੀ, ਅਸ਼ੋਕ ਵਡੇਹਰਾ ਫਿਰੋਜ਼ਪੁਰ, ਅਸ਼ਵਨੀ ਮਦਾਨ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮਿਸ਼ਰਾ ਸਿੰਘ ਸੰਗਰੂਰ,ਪੁਰੀ ਤੇ ਪਵਨ ਕੁਮਾਰ ਮੰਡੀ ਅਹਿਮਦਗੜ੍ਹ, ਲਖਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ ਸਮੇਤ ਹੋਰ ਆਗੂ ਵੀ ਹਾਜ਼ਰ ਸਨ।