ਕੋਈ ਨਾ ਕੋਈ ਯਾਰ ਬੇਲੀ ਟੱਕਰਦਾ, ਗੱਲਾਂ ਖੁੱਲ੍ਹਦੀਆਂ ਤਾਂ ਪਤਾ ਲੱਗਦਾ ਕਿ ਆਪਣਾ ਫਲਾਣਾ ਬੰਦਾ ਡਿਪਰੈਸ਼ਨ ’ਚ ਆ। ਫਲਾਣੇ ਦੀ ਦਵਾਈ ਚੱਲਦੀ ਆ। ਫਲਾਣਾ ਚਿੰਤਾ ’ਚ ਰਹਿੰਦਾ। ਅਖਬਾਰਾਂ ਵਿੱਚ ਛਪੇ ਇਸ਼ਤਿਹਾਰਾਂ ਵਿੱਚ ਡਿਪਰੈਸ਼ਨ ਦੇ ਇਲਾਜ ਦੱਸੇ ਮਿਲਦੇ ਨੇ। ਇੱਕੋ-ਜਿਹੀ ਜ਼ਿੰਦਗੀ ਜਿਉਦਿਆਂ ਬੰਦਾ ਬੇਹਾ ਜਿਹਾ ਹੋ ਜਾਂਦਾ। ਬੁਢਾਪਾ ਚਿਹਰੇ ਤੋਂ ਝਾਤੀਆਂ ਮਾਰਨ ਲੱਗ ਜਾਂਦਾ। ਉਮਰ ਤੀਹਾਂ ਦੀ ਹੁੰਦੀ ਹੈ ਪਰ ਬੰਦਾ ਲੱਗਦਾ ਪੰਤਾਲੀਆਂ ਦਾ ਹੈ। (Friends)
ਜਿਹੜੇ ਨੱਬੇ ਦੇ ਜੰਮੇ ਆ, ਉਹਨਾਂ ਨੇ ਨਵੇਂ ਅਤੇ ਪੁਰਾਣੇ ਪੰਜਾਬ ਲਗਭਗ ਦੋਹਾਂ ਦੇ ਰੰਗ ਦੇਖੇ ਨੇ। ਡਿਪਰੈਸ਼ਨਾਂ ਦੇ ਇਲਾਜ , ਗੱਲਾਂ ’ਚ ਹੁੰਦੇ ਨੇ। ਯਾਰ ਯਾਰਾਂ ਦੀ ਦਾਰੂ ਹੁੰਦੇ ਹਨ। ਗੱਲਾਂ ਕਰਕੇ ਚਿੱਤ ਠੀਕ ਹੋ ਜਾਂਦੇ ਅਤੇ ਊਰਜਾ ਜਿਹੀ ਮਿਲ ਜਾਂਦੀ ਹੈ। ਸੂਏ ਅਤੇ ਕੱਸੀਆਂ ਦੇ ਪੁਲਾਂ ’ਤੇ ਸੰਘਣੇ ਬੋਹੜਾਂ ਅਤੇ ਪਿੱਪਲਾਂ ਹੇਠ ਕੋਈ ਨਾ ਕੋਈ ਬਜ਼ੁਰਗ ਬੈਠਾ ਹੁੰਦਾ ਸੀ। ਦੁਪਹਿਰਾਂ ਨੂੰ ਓਹਦੇ ਕੋਲ ਯੱਕੜ ਵੱਢਣ ਆਲੇ ਬੈਠੇ ਹੁੰਦੇ। ਮੀਹਾਂ ਦੀ ਔੜ ਲੱਗਣੀ, ਸਲਾਹ ਕਰਕੇ ਰੰਗ-ਬਰੰਗੇ ਚੌਲਾਂ ਦੇ ਕੜਾਹੇ ਬਣਾ ਕੇ ਵੰਡ ਛੱਡਣੇ, ਗੁੱਡੀਆਂ ਫੂਕ ਦੇਣੀਆਂ। ਇਹ ਪਲ ਜ਼ਿੰਦਗੀ ਨੂੰ ਨਿਰਾਸ਼ਾ ਤੋਂ ਕੋਹਾਂ ਦੂਰ ਰੱਖਦੇ। ਠਹਾਕਾ ਮਾਰ ਕੇ ਹੱਸਿਆ ਹਾਸਾ ਸਾਰੇ ਰੋਗ ਚੁਗ ਦਿੰਦਾ।
ਪਾਣੀ ਦੀਆਂ ਵਾਰੀਆਂ | Friends
ਤਿੱਖੜ ਦੁਪਹਿਰਿਆਂ ਵਿੱਚ ਸੱਥਾਂ ’ਚ ਪਿੰਡ ਬਾਰੇ ਗੱਲਾਂ ਚੱਲਦੀਆਂ, ਪਾਣੀ ਦੀਆਂ ਵਾਰੀਆਂ ਅਗਾਂਹ-ਪਿਛਾਂਹ ਲਾਉਣ ਦੇ ਸੁਨੇਹੇ ਲੱਗਦੇ। ਫਸਲਾਂ ’ਤੇ ਰੇਹ-ਸਪਰੇਅ ਦੇ ਚਰਚੇ ਛਿੜਦੇ। ਝਹੇਡਾਂ, ਮਖੌਲ, ਹਾਸਾ-ਠੱਠਾ ਹੁੰਦਾ, ਤਾਹਨੇ-ਮਿਹਣੇ ਵੱਜਦੇ। ਜ਼ਿੰਦਗੀ ਦਾ ਵਹਾਅ ਸ਼ਾਨਦਾਰ ਤਰੀਕੇ ਨਾਲ ਵਹਿੰਦਾ। ਬੰਦਾ ਗੱਲ ਦਾ ਮੋੜਵਾਂ ਜਵਾਬ ਦੇਣਾ ਸਿੱਖਦਾ, ਗੱਲ ਜਰਨੀ ਸਿੱਖਦਾ।
ਏਸੇ ਤਰ੍ਹਾਂ ਵਿਆਹਾਂ ’ਚ ਲੱਡੂਆਂ ਦੇ ਕੜਾਹੇ ਦੇ ਵਿਚਾਲੇ ਪਾਣੀ ਦਾ ਜੱਗ ਧਰ ਕੇ ਕੜਾਹੇ ਦੁਆਲੇ ਮੰਜੇ ਡਾਹ ਕੇ ਲੱਡੂ ਵੱਟੇ ਜਾਂਦੇ। ਵਿਆਂਹਦੜ ਚੋਬਰ ਨੂੰ ਟਿੱਚਰਾਂ-ਮਖੌਲ ਕੀਤੇ ਜਾਂਦੇ।
ਜਦੋਂ ਬੰਦੇ ਪਾਸੇ ਹੁੰਦੇ ਜਨਾਨੀਆਂ ਗਿੱਧੇ ’ਚ ਗੁੱਭ-ਗਲ੍ਹਾਟ ਕੱਢ ਲੈਂਦੀਆਂ। ਸੱਸਾਂ, ਜੇਠਾਂ ’ਤੇ ਬੋਲੀਆਂ ਪਾ ਕੇ ਮਨ ਹੌਲਾ ਹੋ ਜਾਂਦਾ। ਕੋਈ ਢਿੱਲਾ-ਮੱਠਾ ਹੁੰਦਾ ਸਾਰੇ ਪਤਾ ਲੈਣ ਆਉਦੇ। ਚੱਲ ਥੌਹਲੇ ਪਵਾ ਕੇ ਦੇਖਲਾ। ਕੋਈ ਪੜ੍ਹਿਆ-ਲਿਖਿਆ ਸਲਾਹ ਦਿੰਦਾ, ਚੰਡੀਗੜ੍ਹ ਦਿਖਾਓ ਪੀਜੀਆਈ ’ਚ। ਆਪੇ ਕਿਤੇ ਨਾ ਕਿਤੇ ਗੱਲ ਰਾਹ ਪੈ ਜਾਂਦੀ।
ਖੇਤਾਂ ’ਚ ਬੀਹੜੀਆਂ ਹੁੰਦੀਆਂ। ਦਸ-ਦਸ ਬੰਦੇ ਰਲ ਕੇ ਕਸੀਏ ਚੱਕ ਕੇ ਅੱਜ ਇਹਦੇ ਕੱਖ ਮਾਰਲੇ, ਓਹੀ ਬੰਦੇ ਰਲਕੇ ਕੱਲ੍ਹ ਅਗਲੇ ਦੇ ਖੇਤ ਜਾ ਲੱਗੇ। ਕਿਸੇ ਘਰ ਮੌਤ ਹੋ ਜਾਂਦੀ। ਸਾਰਾ ਸਰੀਕਾ ਵਾਰੀ ਨਾਲ ਉਹਨਾਂ ਘਰ ਗੇੜਾ ਰੱਖਦਾ, ਰਾਤ ਨੂੰ ਬਹਿੰਦਾ-ਪੈਂਦਾ।
ਮਤਲਬ ਜਿੱਥੇ ਚਾਰ ਬੰਦੇ ਹੋਣਗੇ, ਉੱਥੇ ਗੱਲਾਂ ਛਿੜਦੀਆਂ, ਗੱਲਾਂ ’ਚ ਮਸਲਿਆਂ ਦੇ ਹੱਲ ਹੁੰਦੇ ਬੰਦਾ ਦੁੱਖ ਭੁੱਲ ਕੇ ਹਾਸਾ-ਮਖੌਲ ਕਰਦਾ।
ਸਮਾਂ ਇੱਕੋ ਜਿਹਾ ਥੋੜ੍ਹੀ ਰਹਿੰਦਾ। ਬਦਲ ਗਈ ਦੁਨੀਆਂ ਅਤੇ ਇਹਦੇ ਤੌਰ-ਤਰੀਕੇ। ਤੇਜੀ ਨੇ ਸਕੂਨ ਦੇ ਪਲ ਨਿਗਲ ਲਏ ਹਨ। ਮਨੁੱਖ ਦੀ ਐਸੀ ਵਾਟ ਲੱਗੀ ਕਿ ਹੁਣ ਤੱਕ ਤੁਰਿਆ ਹੀ ਆ ਰਿਹਾ। ਵਿਹਲ ਜਾਂ ਫੁਰਸਤ ਜ਼ਿੰਦਗੀ ’ਚੋਂ ਮਨਫੀ ਹੋ ਗਈ। ਤੇਜੀ ਨਾਲ ਦੌੜਦੇ ਮਨੁੱਖ ਨੂੰ ਬਿਮਾਰੀਆਂ ਵੀ ਓਨੀ ਤੇਜੀ ਨਾਲ ਹੀ ਚਿੰਬੜੀਆਂ ਅਤੇ ਚੈਨ ਖੰਭ ਲਾ ਕੇ ਉੱਡ ਗਿਆ।
ਯਾਰ ਅਣਮੁੱਲੇ | Friends
ਉਸ ਦੌਰ ਦਾ ਮਨੁੱਖ ਹੁਣ ਫਿਰ ਨੱਬੇ ਦੇ ਦੌਰ ਵਿੱਚ ਪਰਤਣਾ ਚਾਹੁੰਦਾ ਪਰ ਲੰਘੇ ਸਮੇਂ ਕਦੇ ਵਾਪਿਸ ਨਹੀਂ ਪਰਤਦੇ। ਹਾਂ ਉਸ ਸਮੇਂ ਦੀ ਦੋਸਤੀ ਪਰਤ ਸਕਦੀ ਹੈ ਅਤੇ ਦੋਸਤ ਵੀ। ਯਾਰ ਅਣਮੁੱਲੇ 1997 ਨੈਸ਼ਨਲ ਕਾਲਜ ਭੀਖੀ ਵਿੱਚ ਤੀਜੀ ਵਾਰ ਗਰੀਨ ਹੋਟਲ ਭੀਖੀ ਵਿੱਚ ਜੁੜਦੇ ਹਨ। ਹਰਬੰਸ ਸਿੰਘ ਧਾਲੀਵਾਲ ਇੰਸਪੈਕਟਰ ਪੰਜਾਬ ਪੁਲਿਸ, ਤੇਜਿੰਦਰਪਾਲ ਸਿੰਘ ਬੀ ਡੀ ਪੀ ਓ ਭੀਖੀ, ਮਨਜੀਤ ਸਿੰਘ ਐਕਸਾਈਜ ਇੰਸਪੈਕਟਰ ਮਾਨਸਾ, ਹਰਮੀਤ ਸਿੰਘ ਅਧਿਆਪਕ, ਭੀਮ ਸਿੰਘ ਅਧਿਆਪਕ, ਰਾਵਿੰਦਰ ਖੁਰਮੀ ਪੱਤਰਕਾਰ ਅਤੇ ਮੈਂ 6 ਵਜੇ ਮਿਲਦੇ ਹਾਂ।
ਚਾਰ ਦੋਸਤ ਰੁਝੇਵੇਂ ਕਾਰਨ ਇਲ ਹੀ ਰਹਿ ਜਾਂਦੇ ਹਨ। ਜ਼ਿੰਦਗੀ ਇਲ ਤੋਂ ਚਿਲ ਬਣ ਜਾਂਦੀ ਹੈ। ਪੰਤਾਲੀ ਦੀ ਉਮਰ ਅਠਾਰਵੇਂ ਵਿੱਚ ਪਰਤ ਜਾਂਦੀ ਹੈ। ਸਭ ਕੁਝ ਤਰੋ-ਤਾਜਾ ਹੋ ਜਾਂਦਾ। ਕਾਲਜ ਦੀ ਜ਼ਿੰਦਗੀ ਦਾ ਪੂਰਾ ਵਰਕਾ ਖੁੱਲ੍ਹ ਜਾਂਦਾ। ਸਾਰੇ ਕਾਲਜ ਦੇ ਅਧਿਆਪਕ ਅਤੇ ਨਾਲ ਪੜ੍ਹਦੇ ਵਿਦਿਆਰਥੀ ਫੋਰੇ ਵਿੱਚ ਅੱਖਾਂ ਸਾਹਮਣਿਓਂ ਗੁਜ਼ਰਨ ਲੱਗਦੇ ਹਨ। ਕਾਲਜ ਦੇ ਆਨੰਦਤ ਪਲਾਂ ਵਿੱਚੋਂ ਲੰਘ ਕੇ ਸਕੂਨ ਦੇ ਬੂਹੇ ਦਸਤਕ ਦਿੱਤੀ ਜਾਂਦੀ ਹੈ। ਹਾਸੇ ਦੇ ਫੁਹਾਰੇ ਫੁੱਟਦੇ ਹਨ। ਉਹ ਬੋਲਿਆ ਜਾਂਦਾ ਜੋ ਦਿਲ ਵਿੱਚ ਹੁੰਦਾ। ਦਿਮਾਗ ਤਾਂ ਜਮੀਂ ਗੈਰ-ਹਾਜਰ ਹੋ ਜਾਂਦਾ। ਸਭ ਖੁੱਲ੍ਹ ਜਾਂਦੇ ਹਨ। ਅਧਿਆਪਕਾਂ ਦੀਆਂ ਨਕਲਾਂ ਉਤਾਰੀਆਂ ਜਾਂਦੀਆਂ ਹਨ। ਨਾਲ ਪੜ੍ਹਦੇ ਹੋਰ ਵਿਦਿਆਰਥੀ ਯਾਦ ਕੀਤੇ ਜਾਂਦੇ ਹਨ। ਸਭ ਸੋਚਦੇ ਹਨ ਕਿ ਪੈਸਾ ਵੱਡਾ ਕਿ ਇਹ ਪਲ? ਇਹ ਪਲਾਂ ਦੀ ਕੋਈ ਕੀਮਤ ਥੋੜੀ ਹੈ ਨਾ ਹੀ ਕੋਈ ਖਰੀਦ ਸਕਦਾ।
ਕਬੀਲਦਾਰੀ ਦੇ ਲਪੇਟੇ ਅਤੇ ਝਮੇਲਿਆਂ ਨੇ ਜ਼ਿੰਦਗੀ ਜਕੜ ਰੱਖੀ ਸੀ। ਇਸ ਵਿੱਚੋਂ ਨਿੱਕਲਣ ਦਾ ਇੱਕੋ-ਇੱਕ ਰਾਹ ਦੋਸਤੀ ਦਾ ਸੰਗ ਹੈ। ਦਿਲਾਂ ਵਾਲੇ ਬੰਦਿਆਂ ਵਿੱਚ ਬੈਠਣ ਦਾ ਫਾਇਦਾ ਇਹ ਹੁੰਦਾ ਕਿ ਦਿਲ ਸਲਾਹ ਸਹੀ ਦਿੰਦੇ ਹਨ। ਦਿਲ ਨੂੰ ਦਿਲ ਰਾਹ ਦਿੰਦਾ। ਦੋਸਤ ਡਾਕਟਰ ਬਣ ਜਾਂਦੇ ਹਨ ਅਤੇ ਬਿਮਾਰੀਆਂ ਮੁਸ਼ਕਿਲਾਂ ਦੀ ਮੱਲ੍ਹਮ।
ਪੰਜਾਹ ਸਾਲ ਬਾਅਦ 11 ਅਗਸਤ ਨੂੰ ਚੰਦਰਮਾ ’ਤੇ ਜਾਵੇਗਾ ਰੂਸ ਦਾ ਵਾਹਨ
ਅਹੁਦੇ ਇੱਕ ਪਾਸੇ ਪਰ ਮੋਹ ਦੀਆਂ ਜੱਫੀਆਂ ਪੈਂਦੀਆਂ। ਤੂੰ-ਤੂੰ ਹੁੰਦੀ ਹੈ। ਥਾਣੇਦਾਰ ਥਾਣੇ ’ਚ ਹੋਊ ਜਾਂ ਲੋਕਾਂ ਲਈ। ਸਾਡੇ ਲਈ ਹਰਬੰਸ ਬਾਬਾ, ਹਰਮੀਤ ਲੰਮਾ, ਤੇਜਿੰਦਰਪਾਲ ਪੱਪੀ ਆ। ਗੱਲਾਂ ਕਰਦਿਆਂ ਮੈਨੂੰ ਆਪਣੀ ਗੱਲ ਕਹਿਣ ਲਈ ਵਾਰ-ਵਾਰ ਹੈਲੋ ਕਹਿਣਾ ਪੈਂਦਾ। ਕਿਸੇ ਪਿੰਡ ਦੀ ਸੱਥ ਵਿੱਚ ਬੈਠਾ ਇੱਕ ਬੰਦਾ ਵੀ ਸਭ ਨੂੰ ਰੋਕ ਹੈਲੋ ਕਹਿੰਦਾ, ਉਹਦਾ ਨਾਂਅ ਸੱਥ ਵਾਲੇ ਨਾਜਰ ਕੁਰੱਪਟ ਰੱਖ ਲੈਂਦੇ ਹਨ। ਹੁਣ ਮੈਂ ਜਦ ਫਿਰ ਹੈਲੋ ਕਹਿੰਨਾ ਤਾਂ ਸਾਰੇ ਮੇਰੇ ਵੱਲ ਇੰਝ ਤੱਕਦੇ ਨੇ ਜਿਵੇਂ ਮੈਂ ਸੱਥ ਵਾਲਾ ਨਾਜਰ ਕੁਰੱਪਟ ਹੀ ਹੋਵਾਂ।
ਹੁਣ ਨਾ ਸਾਡੇ ’ਚੋਂ ਕੋਈ ਡਿਪਰੈਸ਼ਨ ਵਿੱਚ ਹੈ ਨਾ ਹੀ ਚਿੰਤਾ ਵਿੱਚ। ਦੋਸਤੀ ਦਾ ਸਰੂਰ ਡਾਕਟਰ ਨੂੰ ਕਿਹੜਾ ਡਿਪਰੈਸ਼ਨ ਦੀ ਦਵਾਈ ਨਾ ਦੇ ਦੇਵੇ। ਮਹਿਫਲਾਂ ਅਤੇ ਯਾਰ-ਬੇਲੀ ਜਰੂਰੀ ਨੇ ਤਾਂ ਜੋ ਸ਼ੁਗਲ ਮੇਲਾ ਹੁੰਦਾ ਰਹੇ। ਬਾਹਲੀ ਸਿਆਣਪ ਤੇ ਸਲੀਕੇ ਕਰਕੇ ਜ਼ਿੰਦਗੀ ਥੋੜ੍ਹੀ ਚੱਲਦੀ ਹੈ।
ਹੇ ਜ਼ਿੰਦਗੀ
ਚੱਲ ਆ ਬੈਠਦੇ ਆਂ ਦੋਸਤਾਂ ਸੰਗ
ਤੂੰ ਵੀ ਥੱਕ ਗਈ ਹੋਣੀ
ਮੈਨੂੰ ਭਜਾ-ਭਜਾ ਕੇ
ਸੋ ਦੋਸਤਾਂ ਨਾਲ ਜ਼ਿੰਦਗੀ ਚਿਲ ਹੁੰਦੀ ਹੈ ਇਲ ਨਹੀਂ। ਮਿੱਤਰ ਜੁੜਦੇ ਰਹਿਣ ਤੇ ਮਹਿਫਲਾਂ ਲੱਗਦੀਆਂ ਰਹਿਣ। ਜ਼ਿੰਦਾਬਾਦ ਰਹਿਣ ਸਦਾ ਯਾਰੀਆਂ ਦੇ ਗੀਤ ਨਾਲ ਦੋਸਤ ਵਿੱਛੜਦੇ ਹਨ। ਸਭ ਆਪਣੇ-ਆਪਣੇ ਟਿਕਾਣਿਆਂ ਵੱਲ ਇਹ ਕਹਿ ਕੇ ਪਰਤ ਰਹੇ ਹਨ,
ਛੇਤੀ ਮਿਲਾਂਗੇ।
ਪਿਆਰਾ ਸਿੰਘ ਗੁਰਨੇ ਕਲਾਂ
ਬੁਢਲਾਡਾ, ਮਾਨਸਾ
ਮੋ. 99156-21188