ਮਨੀਪੁਰ ਦੇ ਮੁੱਖ ਮੰਤਰੀ ਨੂੰ ਤੁਰੰਤ ਗ੍ਰਹਿ ਮੰਤਰਾਲੇ ਕਰੇ ਬਰਖ਼ਾਸਤ, ਸਪੀਕਰ ਕੁਲਤਾਰ ਸੰਧਵਾ ਨੇ ਕੀਤੀ ਅਮਿਤ ਸ਼ਾਤ ਤੋਂ ਮੰਗ (Manipur Violence)
- ਲਗਾਤਾਰ ਹਿੰਸਾ ਅਤੇ ਅੱਤਿਆਚਾਰਾਂ ਦੇ ਮੱਦੇਨਜ਼ਰ ਮਨੀਪੁਰ ਦੇ ਮੁੱਖ ਮੰਤਰੀ ਖ਼ੁਦ ਵੀ ਦੋਸ਼ੀ : ਸਪੀਕਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਮਨੀਪੁਰ ਵਿੱਚ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਕਾਨੂੰਨੀ ਵਿਵਸਥਾਵਾਂ ਨਾਲ ਨਜਿੱਠਿਆ ਜਾਵੇ ਅਤੇ ਉਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਇਹ ਗੱਲ ਦੁਹਰਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਉੱਤਰ-ਪੂਰਬੀ ਸੂਬੇ ਵਿੱਚ ਚੱਲ ਰਹੀ ਹਿੰਸਾ(Manipur Violence) ਤੋਂ ਪ੍ਰਭਾਵਿਤ ਸਾਰੇ ਲੋਕਾਂ ਨੂੰ ਇਨਸਾਫ਼ ਯਕੀਨੀ ਬਣਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦੇਣ ਲਈ ਕਿਹਾ।
ਇਹ ਵੀ ਪੜ੍ਹੋ : ਮੱਖ ਮੰਤਰੀ ਮਾਨ ਨੇ ਕੀਤਾ ਭਾਖੜਾ ਡੈਮ ਦਾ ਦੌਰਾ, ਆਖਿਆ ਘਬਰਾਉਣ ਦੀ ਲੋੜ ਨਹੀਂ, ਹਾਲਾਤ ਕਾਬੂ ਹੇਠ
ਅਮਿਤ ਸ਼ਾਹ ਨੂੰ ਲਿਖੇ ਆਪਣੇ ਪੱਤਰ ਵਿੱਚ, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਲਗਾਤਾਰ ਡਰ ਅਤੇ ਅਰਾਜਕਤਾ ਦੇ ਮੌਜੂਦਾ ਮਾਹੌਲ ’ਤੇ ਨਿਰਾਸ਼ਾ ਪ੍ਰਗਟ ਕਰਦਿਆਂ ਮਾਹੌਲ ਨੂੰ ਵਿਗੜਨ ਦੇਣ ਲਈ ਮਨੀਪੁਰ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕੀਤੀ ਹੈ, ਜਿਸ ਨਾਲ ਲੱਖਾਂ ਨਾਗਰਿਕਾਂ ਦੀਆਂ ਜਾਨਾਂ ਖਤਰੇ ਵਿੱਚ ਪੈ ਰਹੀਆਂ ਹਨ। ਸੰਧਵਾਂ ਨੇ ਲਿਖਿਆ ਕਿ ਮੁੱਖ ਮੰਤਰੀ ਜੋ ਕਿ ਸੂਬੇ ਦੇ ਮੁਖੀ ਹਨ, ਨੂੰ ਗੰਭੀਰਤਾ ਨਾਲ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਇੱਜ਼ਤ ਦੀਆਂ ਹੱਕਦਾਰ ਔਰਤਾਂ ਵਿਰੁੱਧ ਹਿੰਸਾ ਦੇ ਇਸ ਘਿਨਾਉਣੇ ਕਾਰੇ ਨੂੰ ਰੋਕਣ ਵਿੱਚ ਅਸਫ਼ਲ ਰਹੇ ਹਨ। ਉਨਾਂ ਅੱਗੇ ਲਿਖਿਆ ਕਿ ਮੁੱਖ ਮੰਤਰੀ ਦੀ ਸਰਕਾਰ ਨੂੰ ਬਰਖਾਸਤ ਕਰਕੇ ਉਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਦੋ ਔਰਤਾਂ ਨੂੰ ਪਰੇਡ ਕਰਨ ਲਈ ਮਜ਼ਬੂਰ ਕੀਤੇ ਜਾਣ ਦੀ ਘਿਨਾਉਣੀ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਉਨਾਂ ਕਿਹਾ ਕਿ ਇਹ ਦੁਖਦਾਈ ਘਟਨਾ ਹੈ, ਸਾਡੇ ਦੇਸ਼ ’ਚ ਜਿੱਥੇ ਔਰਤਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ, ਉੱਥੇ ਅਸੀਂ ਔਰਤਾਂ ਦੀ ਇੱਜ਼ਤ ਦੀ ਰਾਖੀ ਨਹੀਂ ਕਰ ਸਕੇ। ਸਾਡੀ ਸੱਭਿਅਤਾ, ਸਾਡੇ ਪੁਰਖਿਆਂ ਨੇ ਸਾਨੂੰ ਔਰਤਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ। ਪਰ ਮਨੀਪੁਰ ਵਿੱਚ ਉਨਾਂ ਨਾਲ ਕੀਤਾ ਗਿਆ ਸਲੂਕ ਬਹੁਤ ਹੀ ਦੁਖਦਾਈ ਹੈ। (Manipur Violence) ਸੰਧਵਾਂ ਨੇ ਅੱਗੇ ਕਿਹਾ ਕਿ ਜਿਸ ਦਰਦ ਵਿੱਚੋਂ ਇਹ ਔਰਤਾਂ ਲੰਘੀਆਂ ਹੋਣਗੀਆਂ, ਉਸਨੂੰ ਕੋਈ ਵੀ ਵਿਅਕਤੀ ਮਹਿਸੂਸ ਕਰ ਸਕਦਾ ਹੈ। ਸਪੀਕਰ ਨੇ ਆਪਣੇ ਪੱਤਰ ਵਿੱਚ ਲਿਖਿਆ, ÷ਮੈਨੂੰ ਯਕੀਨ ਹੈ ਕਿ ਤੁਸੀਂ ਇਸ ਘਟਨਾ ’ਤੇ ਚੌਕਸੀ ਰੱਖ ਰਹੇ ਹੋਵੋਗੇ, ਪਰ ਮੈਂ, ਹੱਥ ਜੋੜ ਕੇ, ਉਨਾਂ ਔਰਤਾਂ ਦੀ ਇੱਜ਼ਤ ਅਤੇ ਸਨਮਾਨ ਦੀ ਰੱਖਿਆ ਲਈ ਤੁਹਾਡੇ ਤੋਂ ਮੱਦਦ ਦੀ ਆਸ ਕਰਦਾ ਹਾਂ। ਉਨਾਂ ਨੂੰ ਸੁਰੱਖਿਆ ਦੀ ਲੋੜ ਹੈ।