ਸਮੱਸਿਆ ਦੇ ਹੱਲ ਲਈ ਕਈ ਵਾਰ ਮਿਲੇ ਪਰ ਕਿਧਰੇ ਵੀ ਨਹੀਂ ਹੋਈ ਸੁਣਵਾਈ- ਪ੍ਰਦਰਸ਼ਨਕਾਰੀ | Ludiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਗਰਮੀ ਦੇ ਮੌਸਮ ਦਰਮਿਆਨ ਬਿਜਲੀ ਕੱਟਾਂ ਤੋਂ ਅੱਕੇ ਹਲਕਾ ਪੱਛਮੀ ਦੇ ਵਸਨੀਕਾਂ ਵੱਲੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਰਿਹਾਇਸ ਅੱਗੇ ਅੱਧੀ ਰਾਤ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ’ਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਦਰਜ਼ਨ ਤੋਂ ਵੱਧ ਇਕੱਠੇ ਲੋਕ ਵਿਧਾਇਕ ਦੀ ਰਿਹਾਇਸ ਅੱਗੇ ਤਾਇਨਾਤ ਸੁਰੱਖਿਆ ਕਰਮੀਆਂ ਅੱਗੇ ਬਿਜਲੀ ਕੱਟਾਂ ਨੂੰ ਲੈ ਕੇ ਰੋਸ ਪ੍ਰਗਟਾ ਰਹੇ ਹਨ। (Ludiana News)
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਦਰਜ਼ਨ ਤੋਂ ਵਧੇਰੇ ਇਕੱਤਰ ਲੋਕ ਵਿਧਾਇਕ ਗੁਰਪ੍ਰੀਤ ਗੋਗੀ ਦੀ ਰਿਹਾਇਸ ਅੱਗੇ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਰੋਜਾਨਾਂ ਵਾਂਗ ਦਿਨ ਅਤੇ ਰਾਤ ਨੂੰ ਬਿਜਲੀ ਦੇ ਕੱਟ ਲੱਗ ਰਹੇ ਹਨ। ਪ੍ਰਦਰਸ਼ਨਕਰਤਾ ਇੱਕ ਵਿਅਕਤੀ ਨੇ ਦੋਸ਼ ਲਗਾਇਆ ਕਿ ਅੱਧੀ ਰਾਤ ਨੂੰ ਰਿਹਾਇਸੀ ਇਲਾਕਿਆਂ ਦੀ ਬਿਜਲੀ ਕੇ ਵਿਧਾਇਕ ਵੱਲੋਂ ਕਿਸ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ, ਇਸ ਦਾ ਇਲਮ ਵੀ ਉਨਾਂ ਨੂੰ ਹੈ। ਵਿਅਕਤੀ ਦਾ ਕਹਿਣਾ ਸੀ ਕਿ ਲੋਕਾਂ ਨੂੰ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ, ਕਿਸੇ ਦਾ ਕੋਈ ਸ਼ੌਂਕ ਨਹੀ ਅੱਧੀ ਰਾਤ ਨੂੰ ਸੌਣ ਦੀ ਬਜਾਇ ਸੜਕਾਂ ’ਤੇ ਧੱਕੇ ਖਾਣ। (Ludiana News)
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਰੋਜਾਨਾਂ ਵਾਂਗ ਲੱਗ ਰਹੇ ਬਿਜਲੀ ਦੇ ਲੰਮੇ ਕੱਟਾਂ ਸਬੰਧੀ ਉਹ ਕਈ ਵਾਰ ਵਿਭਾਗੀ ਅਧਿਕਾਰੀਆਂ ਨੂੰ ਮਿਲੇ ਪਰ ਕਿਧਰੇ ਵੀ ਉਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਜਿਸ ਤੋਂ ਅੱਕ ਕੇ ਉਨਾਂ ਨੂੰ ਅੱਜ ਅੱਧੀ ਰਾਤ ਨੂੰ ਕੱਟ ਲੱਗਣ ’ਤੇ ਵਿਧਾਇਕ ਦੀ ਰਿਹਾਇਸ ਅੱਗੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਜਾਂ ਤਾਂ ਉਨਾਂ ਦੇ ਇਲਾਕੇ ’ਚ ਕੱਟੀ ਗਈ ਬਿਜਲੀ ਨੂੰ ਬਹਾਲ ਕੀਤਾ ਜਾਂ ਫ਼ਿਰ ਉਨਾਂ ਨੂੰ ਜਨਰੇਟਰ ਮੁਹੱਈਆ ਕਰਵਾਏ ਜਾਣ। ਪ੍ਰਦਰਸ਼ਨਕਾਰੀਆਂ ਨੂੰ ਰਿਹਾਇਸ ’ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੁਆਰਾ ਕਾਫ਼ੀ ਜੱਦੋ- ਜ਼ਹਿਦ ਉਪਰੰਤ ਸਮਝਾ ਕੇ ਘਰਾਂ ਨੂੰ ਭੇਜ ਦਿੱਤਾ ਗਿਆ। (Ludiana News)