ਘੱਗਰ ਦਰਿਆ ’ਚ ਚਾਰ ਥਾਵਾਂ ’ਤੇ ਹੋਰ ਪੈ ਗਿਆ ਪਾੜ

Ghaggar River

2 ਹਜ਼ਾਰ ਏਕੜ ਵਿੱਚ ਫੈਲਿਆ ਪਾਣੀ, ਪਿੰਡਾਂ ਦੇ ਲੋਕਾਂ ਵਿੱਚ ਸਹਿਮ | Ghaggar River

ਮੂਣਕ/ਖਨੌਰੀ (ਮੋਹਨ ਸਿੰਘ/ਬਲਕਾਰ ਸਿੰਘ)। ਲੰਘੀ ਰਾਤ 12 ਵਜੇ ਦੇ ਕਰੀਬ ਘੱਗਰ ਦਰਿਆ (Ghaggar River) ਵਿੱਚ ਮਕੋਰੜ ਸਾਹਿਬ ਲਾਗੇ ਚਾਰ ਥਾਵਾਂ ਤੇ ਅਚਾਨਕ ਪਾੜ ਪੈ ਗਿਆ ਅਤੇ ਦੇਖਦੇ ਦੇਖਦੇ ਇਹ ਪਾੜ ਸਵੇਰ ਸਮੇਂ 70 ਫੁੱਟ ਤੋਂ ਜ਼ਿਆਦਾ ਦਾ ਹੋ ਗਿਆ। ਪਾੜ ਪੈਣ ਕਾਰਨ ਵੱਡੇ ਪੱਧਰ ਤੇ ਪਾਣੀ ਖੇਤਾਂ ਵਿੱਚ ਫੈਲਣ ਲੱਗਿਆ ਅਤੇ ਦੇਖਦੇ ਹੀ ਦੇਖਦੇ ਮਕੋਰੜ ਸਾਹਿਬ, ਫੂਲਦ, ਚਾਂਦੂ ਤੇ ਹੋਰ ਪਿੰਡਾਂ ਦੀ ਹਜ਼ਾਰਾਂ ਏਕੜ ਖੇਤਾਂ ਦੀ ਜ਼ਮੀਨ ਤੇ ਪਾਣੀ ਭਰ ਗਿਆ ਅਤੇ ਹੌਲੀ ਹੌਲੀ ਇਹ ਪਾਣੀ ਪਿੰਡਾਂ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ ਹੈ।

ਵੱਡੀ ਗਿਣਤੀ ਲੋਕ ਪਾੜ ਪੂਰਨ ਦੇ ਕੰਮ ਤੇ ਲੱਗੇ, ਫੌਜ ਬਚਾਅ ਕਾਰਜਾਂ ਵਿੱਚ ਉਤਰੀ | Ghaggar River

ਹਾਸਲ ਹੋਈ ਜਾਣਕਾਰੀ ਮੁਤਾਬਕ ਮਕੋਰੜ ਸਾਹਿਬ ਲਾਗੇ ਜਿਹੜਾ ਪਾੜ ਪਿਆ ਸੀ, ਉਹ ਹੁਣ ਵਧ ਕੇ 70 ਫੁੱਟ ਤੋਂ ਵੀ ਜ਼ਿਆਦਾ ਦਾ ਹੋ ਗਿਆ। ਇਸ ਤਰ੍ਹਾਂ ਫੂਲਦ ਪਿੰਡ ਲਾਗੇ ਪਏ ਪਾੜ ਨੇ 80 ਫੁੱਟ ਦਾ ਖੱਪਾ ਪਾ ਦਿੱਤਾ। ਹਾਲਾਂ ਕਿ ਚਾਂਦੂ ਪਿੰਡ ਕੋਲ ਪਏ ਪਾੜ ਨੂੰ ਪੂਰਨ ਵਿੱਚ ਸਫ਼ਲਤਾ ਹਾਸਲ ਹੋ ਚੁੱਕੀ ਹੈ। ਨਰੇਗਾ ਮਜ਼ਦੂਰਾਂ ਦੇ ਨਾਲ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਹੁਣ ਇਹ ਵੀ ਖ਼ਬਰ ਮਿਲੀ ਹੈ ਭਾਰਤੀ ਫੌਜ ਦੇ ਜਵਾਨ ਵੀ ਬਚਾਅ ਕਾਰਜਾਂ ਵਿੱਚ ਜੁਟ ਗਏ ਹਨ ਅਤੇ ਪਾਏ ਗਏ ਪਾੜ ਨੂੰ ਪੂਰਨ ਲਈ ਯਤਨ ਜਾਰੀ ਹਨ।

 

Ghaggar River

ਘੱਗਰ ਦਰਿਆ ਵਿੱਚ ਪਾੜ ਪੈਣ ਕਾਰਨ ਆਸੇ ਪਾਸੇ ਦੇ ਲੋਕਾਂ ਵਿੱਚ ਵੱਡੇ ਪੱਧਰ ਤੇ ਡਰ ਦਾ ਮਾਹੌਲ ਬਣ ਗਿਆ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਸੁਰੱਖਿਅਤ ਥਾਵਾਂ ਵੱਲ ਕੂਚ ਕਰਨਾ ਆਰੰਭ ਕਰ ਦਿੱਤਾ ਹੈ। ਲੋਕਾਂ ਨੂੰ ਆਪਣੇ ਡੰਗਰ ਪਸ਼ੂਆਂ ਦਾ ਫਿਕਰ ਹੋਣ ਲੱਗਿਆ, ਗੁਰੂ ਘਰਾਂ ਵਿੱਚੋਂ ਅਨਾਊਸਮੈਂਟਾਂ ਹੋ ਰਹੀਆਂ ਹਨ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪੂਰੀ ਸਰਗਰਮੀ ਦਿਖਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਟੁੱਟ ਗਿਆ ਘੱਗਰ ਦਾ ਬੰਨ੍ਹ, ਲੋਕਾਂ ਨੂੰ ਸੁਰੱਖਿਅਤ ਕੱਢਣ ‘ਚ ਜੁਟੀਆਂ ਟੀਮਾਂ

ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਾਵਲ ਤੇ ਹੋਰ ਅਧਿਕਾਰੀ ਖੁਦ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਹਾਲਤਾਂ ਤੇ ਨਜ਼ਰ ਰੱਖ ਰਹੇ ਹਨ। ਹਲਕਾ ਵਿਧਾਇਕ ਬਰਿੰਦਰ ਗੋਇਲ ਵੀ ਆਪਣੇ ਸਾਥੀਆਂ ਨਾਲ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੇ ਹਨ। ਘੱਗਰ ਦਰਿਆ ਦੇ ਪਾਣੀ ਦਾ ਪੱਧਰ 752 ਫੁੱਟ ਤੇ ਚੱਲ ਰਿਹਾ ਹੈ ਜਿਹੜਾ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਪਰ ਹੈ। ਪਾਣੀ ਦਾ ਪੱਧਰ ਘਟਣ ਤੋਂ ਬਾਅਦ ਹੀ ਰਾਹਤ ਕਾਰਜਾਂ ਵਿੱਚ ਤੇਜੀ ਆਵੇਗੀ ਅਤੇ ਪਾੜ ਪੂਰਨ ਵਿੱਚ ਮੱਦਦ ਮਿਲੇਗੀ।