ਕਲਕੱਤਾ (ਏਜੰਸੀ)। ਪੱਛਮੀ ਬੰਗਾਲ ’ਚ ਗ੍ਰਾਮ ਪੰਚਾਇਤ (Panchayat Elections), ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਹੋ ਰਹੀ ਹੈ। ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਸ਼ੁਰੂਆਤੀ ਰੁਝਾਨਾਂ ’ਚ ਅੱਗੇ ਹੈ। ਗਿਣਤੀ ਲਈ ਪੋਲਿੰਗ ਸਟੇਸ਼ਨਾਂ ’ਤੇ ਵੱਡੀ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਇਸ ਦੇ ਬਾਵਜੂਦ ਦੱਖਣੀ 24 ਪਰਗਨਾ ਦੇ ਡਾਇਮੰਡ ਹਾਰਬਰ ’ਚ ਇਕ ਬੂਥ ’ਚ ਧਮਾਕਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਭਾਜਪਾ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੋਕਾਂ ਨੂੰ ਪੋਲਿੰਗ ਬੂਥਾਂ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਮੰਗਲਵਾਰ ਨੂੰ ਹਿੰਸਾ ’ਤੇ ਕਾਰਵਾਈ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ, ‘ਜੋ ਲੋਕ ਬੰਗਾਲ ’ਚ ਸੜਕਾਂ ’ਤੇ ਹਿੰਸਾ ਫੈਲਾਉਂਦੇ ਹਨ, ਉਹ ਉਸ ਦਿਨ ਨੂੰ ਕੋਸਣਗੇ, ਜਿਸ ਦਿਨ ਉਹ ਪੈਦਾ ਹੋਏ ਹਨ। ਗੁੰਡਿਆਂ ਅਤੇ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਲਈ ਸਾਰੀ ਮਸੀਨਰੀ ਤਾਇਨਾਤ ਕੀਤੀ ਜਾਵੇਗੀ। ਬੰਗਾਲ ’ਚ 8 ਜੁਲਾਈ ਨੂੰ ਵੋਟਿੰਗ ਹੋਈ ਸੀ। ਕਈ ਬੂਥਾਂ ’ਤੇ ਹਿੰਸਾ ਅਤੇ ਬੂਥਾਂ ’ਤੇ ਕਬਜਾ ਕਰਨ ਦੀਆਂ ਘਟਨਾਵਾਂ ਵਿਚਕਾਰ 80.71% ਮਤਦਾਨ ਹੋਇਆ। ਰਾਜ ’ਚ 8 ਜੂਨ ਨੂੰ ਚੋਣ ਪ੍ਰੋਗਰਾਮ ਦਾ ਖੁਲਾਸਾ ਹੋਇਆ ਸੀ। ਉਸ ਤੋਂ ਬਾਅਦ 10 ਜੁਲਾਈ ਤੱਕ ਰਾਜ ’ਚ ਚੋਣ ਹਿੰਸਾ ’ਚ 36 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੂਥ ਕੈਪਚਰਿੰਗ ਦੀਆਂ ਸ਼ਿਕਾਇਤਾਂ ਤੋਂ ਬਾਅਦ, ਚੋਣ ਕਮਿਸ਼ਨ ਨੇ ਸੋਮਵਾਰ (10 ਜੁਲਾਈ) ਨੂੰ 19 ਜ਼ਿਲ੍ਹਿਆਂ ਦੇ 697 ਬੂਥਾਂ ’ਤੇ ਮੁੜ ਵੋਟਿੰਗ ਕਰਵਾਈ। ਵੋਟਿੰਗ 69.85% ਰਹੀ ਅਤੇ ਹਿੰਸਾ ਦੀ ਕੋਈ ਵੱਡੀ ਘਟਨਾ ਨਹੀਂ ਹੋਈ। (Panchayat Elections)
ਭਾਜਪਾ ਨੇਤਾਵਾਂ ਨੇ ਟੀਐਮਸੀ ’ਤੇ ਕਾਉਂਟਿੰਗ ਏਜੰਟਾਂ ’ਤੇ ਕੁੱਟਮਾਰ ਦਾ ਲਾਇਆ ਦੋਸ਼ | Panchayat Elections
ਹੁਗਲੀ ਦੇ ਭਾਜਪਾ ਸਾਂਸਦ ਲਾਕੇਟ ਚੈਟਰਜੀ ਨੇ ਕਿਹਾ ਕਿ ਸਾਡੇ ਭਾਜਪਾ ਦੇ ਕਾਊਂਟਿੰਗ ਏਜੰਟ ਸਵੇਰ ਤੋਂ ਹੀ ਧਨਿਆਖਲੀ ਵਿਧਾਨ ਸਭਾ ਦੇ ਕਾਊਂਟਿੰਗ ਸੈਂਟਰ ’ਚ ਮੌਜੂਦ ਸਨ ਪਰ ਜਦੋਂ ਤਿ੍ਰਣਮੂਲ ਦੇ ਲੋਕਾਂ ਨੂੰ ਪਤਾ ਲੱਗਾ ਕਿ ਬੈਲਟ ਬਾਕਸ ਖੋਲ੍ਹ ਕੇ ਭਾਜਪਾ ਨੂੰ ਜ਼ਿਆਦਾ ਵੋਟਾਂ ਮਿਲ ਰਹੀਆਂ ਹਨ ਤਾਂ ਸਾਰੇ ਏਜੰਟਾਂ ਨੂੰ ਬਾਹਰ ਕੱਢ ਦਿੱਤਾ ਗਿਆ। ਬਾਹਰੀ ਲੋਕਾਂ ਨੇ ਗਿਣਤੀ ਕੇਂਦਰ ’ਚ ਦਾਖਲ ਹੋ ਕੇ ਔਰਤਾਂ ਅਤੇ ਵਰਕਰਾਂ ਨਾਲ ਕੁੱਟਮਾਰ ਕੀਤੀ। ਇਸ ਵਿਧਾਨ ਸਭਾ ’ਚ ਮੁੜ ਵੋਟਾਂ ਪੈਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ : ਪੁਰਾਤਨ ਪਰੰਪਰਾ ਅਨੁਸਾਰ ਕੈਪਟਨ ਪਰਿਵਾਰ ਵੱਲੋਂ ਵੱਡੀ ਨਦੀ ‘ਚ ਨੱਥ ਚੂੜਾ ਭੇਂਟ
ਬੰਗਾਲ ਭਾਜਪਾ ਦੇ ਪ੍ਰਧਾਨ ਸੁਭੇਂਦੂ ਅਧਿਕਾਰੀ ਨੇ ਕਿਹਾ ਕਿ ਟੀਐਮਸੀ ਦੇ ਗੁੰਡੇ ਚੋਣ ਜਿੱਤਣ ਦੀ ਆਖਰੀ ਕੋਸ਼ਿਸ਼ ’ਚ ਗਿਣਤੀ ਏਜੰਟਾਂ ਅਤੇ ਉਮੀਦਵਾਰਾਂ ਦੇ ਕੰਮ ’ਚ ਰੁਕਾਵਟ ਪਾ ਰਹੇ ਹਨ। ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਗਿਣਤੀ ਕੇਂਦਰਾਂ ’ਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਗਿਣਤੀ ਏਜੰਟਾਂ ਨੂੰ ਡਰਾਉਣ ਲਈ ਬੰਬ ਸੁੱਟੇ ਜਾ ਰਹੇ ਹਨ। ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ, ਇੱਥੋਂ ਤੱਕ ਕਿ ਅਗਵਾ ਵੀ ਕੀਤਾ ਜਾ ਰਿਹਾ ਹੈ।