ਸਰਕਾਰੀ ਥਰਮਲਾਂ ਦੇ 8 ਯੂਨਿਟ ਅਤੇ ਪ੍ਰਾਈਵੇਟ ਥਰਮਲ ਦੇ 2 ਯੂਨਿਟ ਬੰਦ
- 7 ਹਜਾਰ ਮੈਗਾਵਾਟ ਹੀ ਬਿਜਲੀ ਲੋਡ, ਪ੍ਰਾਈਵੇਟ ਥਰਮਲ ਵੀ ਅੱਧੀ ਕਰ ਰਹੇ ਨੇ ਬਿਜਲੀ ਪੈਦਾਵਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਲਗਾਤਾਰ ਹੋ ਰਹੀ ਬਰਸਾਤ ਕਾਰਨ ਪਾਵਰਕੌਮ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਪਾਵਰਕੌਮ ਵੱਲੋਂ ਬਿਜਲੀ ਦੀ ਮੰਗ ਡਿੱਗਣ ਕਾਰਨ ਆਪਣੇ ਸਰਕਾਰੀ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਾਈਵੇਟ ਥਰਮਲ ਪਲਾਂਟ ਗੋਇੰਦਵਾਲ ਸਾਹਿਬ ( Thermal Plant) ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ 10 ਯੂਨਿਟ ਬੰਦ ਹਨ, ਜਦਕਿ ਸਿਰਫ਼ 5 ਯੂਨਿਟ ਹੀ ਚੱਲ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਅੰਦਰ ਮਾਨਸੂਨ ਦਾ ਭਰਵਾਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪਾਵਰਕੌਮ ਦੇ ਸਿਰ ’ਤੇ ਬਿਜਲੀ ਦਾ ਲੋਡ ਬਿਲਕੁੱਲ ਘੱਟ ਗਿਆ ਹੈ। ਇੱਥੋਂ ਤੱਕ ਕਿਸਾਨਾਂ ਵੱਲੋਂ ਆਪਣੇ ਟਿਊਬਵੈੱਲ ਵੀ ਬੰਦ ਕੀਤੇ ਹੋਏ ਹਨ। ਝੋਨੇ ਦੀ ਲਵਾਈ ਦਾ ਪੀਕ ਸੀਜ਼ਨ ਪਾਵਰਕੌਮ ਵੱਲੋਂ ਲਗਭਗ ਪੂਰਾ ਕਰ ਲਿਆ ਹੈ ਅਤੇ ਇਸ ਵਾਰ ਆਮ ਲੋਕਾਂ ਨੂੰ ਬਿਜਲੀ ਦੇ ਕੱਟਾਂ ਪੱਖੋਂ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਅੱਜ ਬਿਜਲੀ ਦੀ ਮੰਗ ਲਗਭਗ 7 ਹਜਾਰ ਮੈਗਾਵਾਟ ਤੇ ਆਸ ਪਾਸ ਹੀ ਚੱਲ ਰਹੀ ਸੀ, ਜਦਕਿ ਪਿਛਲੇ ਸਾਲ ਅੱਜ ਦੇ ਦਿਨ ਹੀ ਬਿਜਲੀ ਦੀ ਮੰਗ 13 ਹਜਾਰ ਮੈਗਾਵਾਟ ਨੂੰ ਪਾਰ ਸੀ।
ਮੀਂਹ ਕਾਰਨ ਬਿਜਲੀ ਦੀ ਡਿੱਗੀ ਡਿਮਾਂਡ ( Thermal Plant)
ਮੀਂਹ ਕਾਰਨ ਬਿਜਲੀ ਦੀ ਡਿੱਗੀ ਡਿਮਾਂਡ ਤੋਂ ਬਾਅਦ ਪਾਵਰਕੌਮ ਵੱਲੋਂ ਆਪਣੇ ਰੋਪੜ ਥਰਮਲ ਪਲਾਂਟ ਦੇ ਚਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ ਜਦਕਿ ਲਹਿਰਾ ਮੁਹੱਬਤ ਥਮਰਲ ਪਲਾਂਟ ਦੇ ਚਾਰੇ ਯੂਨਿਟ ਹੀ ਬੰਦ ਪਏ ਹਨ। ਪ੍ਰਾਈਵੇਟ ਥਰਮਲ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਬੰਦ ਹੋਣ ਕਾਰਨ ਇਹ ਪਲਾਂਟ ਵੀ ਠੱਪ ਹੋ ਗਿਆ ਹੈ। । ਜਿਹੜੇ ਪ੍ਰਾਈਵੇਟ ਥਰਮਲ ( Thermal Plant) ਪਲਾਂਟਾਂ ਦੇ 5 ਯੂਨਿਟ ਚਾਲੂ ਹਨ, ਉਹ ਘੱਟ ਪੈਦਾਵਾਰ ਤੇ ਭਖਾਏ ਹੋਏ ਹਨ। ਤਲਵੰਡੀ ਸਾਬੋਂ ਥਮਰਲ ਪਲਾਂਟ ਦੇ ਤਿੰਨੇ ਯੂਨਿਟਾਂ ਵੱਲੋਂ 938 ਮੈਗਾਵਾਟ ਹੀ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਜਦਕਿ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 675 ਮੈਗਾਵਾਟ ਬਿਜਲੀ ਉਤਪਦਾਨ ਪੈਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਮਾਨ ਨੇ ਚੁੱਕਿਆ ਹੁਣ ਇਹ ਕਦਮ
ਪਾਵਰਕੌਮ ਦੇ ਪਣ ਬਿਜਲੀ ਪ੍ਰੈਜੋਕਟਾਂ ਤੋਂ 715 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਅਗਲੇ ਦਿਨਾਂ ਦੌਰਾਨ ਵੀ ਪੰਜਾਬ ਅੰਦਰ ਇਸੇ ਤਰ੍ਹਾਂ ਮੀਂਹ ਜਾਰੀ ਰਹਿਣ ਦੀਆਂ ਖ਼ਬਰਾਂ ਹਨ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਸ ਵਾਰ 12 ਘੰਟਿਆਂ ਤੱਕ ਬਿਜਲੀ ਦਿੱਤੀ ਗਈ ਹੈ ਅਤੇ ਸਰਕਾਰ ਵੱੱਲੋਂ ਕੀਤੇ ਪੂਰੇ ਪ੍ਰਬੰਧਾਂ ਕਾਰਨ ਹੀ ਪੰਜਾਬ ਦੇ ਕਿਸੇ ਵੀ ਖਪਤਕਾਰ ਨੂੰ ਇਸ ਵਾਰ ਬਿਜਲੀ ਸਮੱਸਿਆ ਦਾ ਕੋਈ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਸਭ ਤੋਂ ਰਿਕਾਰਡ ਮੰਗ 15325 ਮੈਗਾਵਾਟ ਨੂੰ ਵੀ ਪੂਰਾ ਕੀਤਾ ਗਿਆ ਹੈ।