ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ Uttar Pradesh
ਬਿਹਾਰ ਅਤੇ ਉੱਤਰ ਪ੍ਰਦੇਸ਼ Uttar Pradesh ਦੀਆਂ ਚੋਣਾਂ ਸਾਰੇ ਦੇਸ਼ ਤੋਂ ਅਲੋਕਾਰ ਹੁੰਦੀਆਂ ਹਨ। ਜ਼ਾਤ ਪਾਤ ਦੇ ਨਾਲ-ਨਾਲ ਇੱਥੋਂ ਦੀ ਸਿਆਸਤ ‘ਚ ਬਾਹੂਬਲੀ ਨੇਤਾਵਾਂ ਦੀ ਵੀ ਤੂਤੀ ਬੋਲਦੀ ਹੈ। ਬਿਹਾਰ ‘ਚ ਤਾਂ ਸਖ਼ਤੀ ਕਾਰਨ ਸ਼ਹਾਬੂਦੀਨ ਵਰਗੇ ਬਹੁਤੇ ਬਾਹੂਬਲੀ ਜੇਲ੍ਹਾਂ ‘ਚ ਬੰਦ ਹਨ ਤੇ ਬਾਕੀ ਡਰਦੇ ਮਾਰੇ ਦੜੇ ਬੈਠੇ ਹਨ। ਪਰ ਯੂਪੀ ਦੀਆਂ 2017 ਵਿਧਾਨ ਸਭਾ ਚੋਣਾਂ ‘ਚ ਅਨੇਕਾਂ ਬਾਹੂਬਲੀ ਕਿਸਮਤ ਅਜ਼ਮਾ ਰਹੇ ਹਨ। ਅਸਲ ‘ਚ ਬਾਹੂਬਲੀ ਸ਼ਬਦ ਹੀ ਯੂਪੀ-ਬਿਹਾਰ ਦੀ ਦੇਣ ਹੈ।
ਕੁਝ ਸਾਲ ਪਹਿਲਾਂ ਤਾਂ ਇਹ ਹਾਲ ਸੀ ਕਿ ਬਾਹੂਬਲੀਆਂ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਨੂੰ ਉਮੀਦਵਾਰ ਹੀ ਨਹੀਂ ਸਨ ਲੱਭਦੇ। ਬਾਹੂਬਲੀ ਦੇ ਬਰਾਬਰ ਚੋਣ ਲੜਨ ਦਾ ਸਿੱਧਾ ਮਤਲਬ ਸੀ ਆਪਣੀ ਮੌਤ ਆਪ ਸਹੇੜਨੀ। ਇਸ ਲਈ ਟੱਕਰ ਦੇਣ ਵਾਸਤੇ ਕੋਈ ਬਰਾਬਰ ਦਾ ਬਾਹੂਬਲੀ ਹੀ ਮੈਦਾਨ ‘ਚ ਉਤਾਰਿਆ ਜਾਂਦਾ ਸੀ। ਪਰ ਹੁਣ ਸਮਾਜ ਤੇ ਮੀਡੀਆ ਦੇ ਚੇਤੰਨ ਤੇ ਸ਼ਕਤੀਸ਼ਾਲੀ ਹੋ ਜਾਣ ਕਾਰਨ ਬਾਹੂਬਲੀ ਹੋਣਾ ਜਿੱਤ ਦੀ ਗਰੰਟੀ ਨਹੀਂ ਰਿਹਾ। ਯੂਪੀ ਦੇ ਪ੍ਰਮੁੱਖ ਬਾਹੂਬਲੀ ਨੇਤਾ ਇਹ ਹਨ।
ਯੂਪੀ ਦੇ ਪ੍ਰਮੁੱਖ ਬਾਹੂਬਲੀ ਨੇਤਾ ਇਹ ਹਨ
ਯੂਪੀ ਦੀ ਸਿਆਸਤ ਦਾ ਅਪਰਾਧੀਕਰਣ ਗੋਰਖਪੁਰ ਤੋਂ ਸ਼ੁਰੂ ਹੋਇਆ ਸੀ ਤੇ ਰਾਜਨੀਤੀ ‘ਚ ਕੁੱਦਣ ਵਾਲਾ ਪਹਿਲਾ ਬਾਹੂਬਲੀ ਹਰੀ ਸ਼ੰਕਰ ਤਿਵਾੜੀ ਸੀ। ਉਸ ਨੂੰ ਪੂਰਬੀ ਉੱਤਰ ਪ੍ਰਦੇਸ਼ ਦਾ ਸਭ ਤੋਂ ਹਰਮਨਪਿਆਰਾ ਬ੍ਰਾਹਮਣ ਨੇਤਾ ਸਮਝਿਆ ਜਾਂਦਾ ਹੈ। ਇੱਕ ਜ਼ਮਾਨਾ ਸੀ ਕਿ ਸਾਰੇ ਪੂਰਵਾਂਚਲ ‘ਚ ਤਿਵਾੜੀ ਦੀ ਤੂਤੀ ਬੋਲਦੀ ਸੀ। ਰੇਲਵੇ ਤੋਂ ਲੈ ਕੇ ਸੜਕਾਂ ਆਦਿ ਦੇ ਸਾਰੇ ਠੇਕਿਆਂ ‘ਤੇ ਤਿਵਾੜੀ ਗਰੁੱਪ ਦਾ ਕਬਜ਼ਾ ਸੀ। ਪਰ ਹੌਲੀ-ਹੌਲੀ ਮੁਖਤਾਰ ਅੰਸਾਰੀ ਗੈਂਗ ਨੇ ਉਸ ਨੂੰ ਗੁੱਠੇ ਲਾ ਦਿੱਤਾ।
ਉਸ ਦੇ ਖਿਲਾਫ ਕਤਲ, ਕਤਲ ਦੀ ਕੋਸ਼ਿਸ਼, ਅਗਵਾ ਤੇ ਧਮਕਾਉਣ ਆਦਿ ਦੇ ਦਰਜਨਾਂ ਮੁਕੱਦਮੇ ਦਰਜ ਹਨ। ਜੇਲ੍ਹ ‘ਚ ਰਹਿ ਕੇ ਵਿਧਾਨ ਸਭਾ ਚੋਣ (ਚਿੱਲੂਪੁਰ,1985) ਜਿੱਤਣ ਵਾਲਾ ਉਹ ਪਹਿਲਾ ਭਾਰਤੀ ਨੇਤਾ ਹੈ। ਉਹ ਚਿੱਲੂਪੁਰ ਵਿਧਾਨ ਸਭਾ ਹਲਕੇ ਤੋਂ ਲਗਾਤਾਰ 23 ਸਾਲ ਐਮ.ਐਲ.ਏ. ਤੇ ਕਲਿਆਣ ਸਿੰਘ (1997-1999), ਮੁਲਾਇਮ ਸਿੰਘ ਯਾਦਵ (2003-2007) ਆਦਿ ਕਈ ਸਰਕਾਰਾਂ ‘ਚ ਮੰਤਰੀ ਰਿਹਾ ਹੈ। ਉਸ ਦਾ ਲੜਕਾ ਭੀਸ਼ਮ ਸ਼ੰਕਰ ਤਿਵਾੜੀ ਬਹੁਜਨ ਸਮਾਜ ਪਾਰਟੀ ਵੱਲੋਂ ਸੰਤ ਕਬੀਰ ਨਗਰ ਦੀ ਪਾਰਲੀਮੈਂਟ ਚੋਣ ਜਿੱਤ ਚੁੱਕਾ ਹੈ। ਉਸ ਦਾ ਭਤੀਜਾ ਗਣੇਸ਼ ਸ਼ੰਕਰ ਤਿਵਾੜੀ ਯੂ.ਪੀ. ਵਿਧਾਨ ਪ੍ਰੀਸ਼ਦ ਦਾ ਚਾਰ ਵਾਰ ਤੋਂ ਮੈਂਬਰ ਹੈ ਤੇ ਹੁਣ ਸਪੀਕਰ ਹੈ।
ਅਖਿਲੇਸ਼ ਸਰਕਾਰ ‘ਚ ਫੂਡ ਐਂਡ ਸਿਵਲ ਸਪਲਾਈ ਮੰਤਰੀ ਰਘੂਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭਈਆ ਇਸ ਵੇਲੇ ਬਾਹੂਬਲੀਆਂ ‘ਚ ਅੱਵਲ ਦਰਜ਼ੇ ‘ਤੇ ਹੈ। ਉਸ ਦਾ ਦਾਦਾ ਬਜਰੰਗ ਬਹਾਦਰ ਸਿੰਘ ਭਾਦਰੀ ਰਿਆਸਤ ਦਾ ਰਾਜਾ ਸੀ। 49 ਸਾਲ ਦਾ ਰਾਜਾ ਭਈਆ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੁੰਡਾ ਵਿਧਾਨ ਸਭਾ ਹਲਕੇ ਤੋਂ 1993 ਤੋਂ ਲਗਤਾਰ ਅਜ਼ਾਦ ਐਮਐਲਏ ਚੱਲਿਆ ਆ ਰਿਹਾ ਹੈ। ਹੁਣ ਤੱਕ ਉਹ ਕਈ ਪਾਰਟੀਆਂ ਦੀਆਂ ਸਰਕਾਰਾਂ ਨੂੰ ਹਮਾਇਤ ਦੇ ਕੇ ਅਨੇਕਾਂ ਵਾਰ ਸੱਤਾ ਸੁਖ ਭੋਗ ਚੁੱਕਾ ਹੈ।
ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ Uttar Pradesh
ਉਹ ਭਾਜਪਾ ਦੇ ਮੁੱਖ ਮੰਤਰੀਆਂ ਕਲਿਆਣ ਸਿੰਘ, ਰਾਮ ਪ੍ਰਕਾਸ਼ ਗੁਪਤਾ ਤੇ ਰਾਜਨਾਥ ਸਿੰਘ ਦੀਆਂ ਸਰਕਾਰਾਂ ‘ਚ 1997, 1999 ਤੇ 2000 ‘ਚ ਮੰਤਰੀ ਸੀ। 2002 ‘ਚ ਬਹੁਜਨ ਸਮਾਜ ਪਾਰਟੀ ਸਰਕਾਰ ਬਣਦੇ ਹੀ ਉਸ ਦੇ ਖਿਲਾਫ਼ ਦੱਬੇ ਹੋਏ ਪੁਰਾਣੇ ਮੁਕੱਦਮੇ ਖੁੱਲ੍ਹ ਗਏ। ਉਸ ਨੂੰ ਕਤਲ, ਅਗਵਾ ਤੇ ਪੋਟਾ ਆਦਿ ਅਧੀਨ ਜੇਲ੍ਹ ‘ਚ ਠੂਸ ਦਿੱਤਾ ਗਿਆ।
ਪਰ ਉਹ ਹੌਲੀ-ਹੌਲੀ ਸਾਰੇ ਮੁਕੱਦਮਿਆਂ ‘ਚੋਂ ਬਰੀ ਹੋ ਗਿਆ। 3 ਮਾਰਚ 2013 ਨੂੰ ਕੁੰਡਾ ਦੇ ਡੀਐਸਪੀ ਜ਼ਿਆ ਉਲ ਹੱਕ ਦਾ ਚਿੱਟੇ ਦਿਨ ਤਿੰਨ ਹੋਰ ਵਿਅਕਤੀਆਂ ਸਮੇਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਰਾਜਾ ਭਈਆ ਨੂੰ ਵੀ ਇਸ ਮੁਕੱਦਮੇ ‘ਚ ਨਾਮਜ਼ਦ ਕਰ ਦਿੱਤਾ ਗਿਆ ਤੇ ਮੀਡੀਆ ‘ਚ ਰੌਲਾ ਪੈਣ ‘ਤੇ ਉਸ ਨੂੰ ਮੰਤਰੀ ਪਦ ਤੋਂ ਵੀ ਅਸਤੀਫ਼ਾ ਦੇਣਾ ਪਿਆ। ਇਸ ਕੇਸ ਦੀ ਤਫ਼ਤੀਸ਼ ਕਰ ਰਹੀ ਸੀਬੀਆਈ ਨੇ ਰਾਜਾ ਭਈਆ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਰਾਜਾ ਭਈਆ ਦਾ ਪ੍ਰਤਾਪਗੜ੍ਹ ਜ਼ਿਲ੍ਹੇ ‘ਚ ਐਨਾ ਪ੍ਰਭਾਵ ਹੈ ਕਿ ਉਹ ਕੁੰਡਾ ਤੋਂ ਇਲਾਵਾ 5 ਹੋਰ ਵਿਧਾਨ ਸਭਾ ਹਲਕਿਆਂ ਤੋਂ ਐਮਐਲਏ ਜਿਤਾਉਂਦਾ ਹੈ। ਉਹ ਇਸ ਵਾਰ ਵੀ ਕੁੰਡਾ ਤੋਂ ਚੋਣ ਲੜ ਰਿਹਾ ਹੈ ਤੇ ਉਸ ਦੇ ਜਿੱਤਣ ਦੇ ਪੂਰੇ ਆਸਾਰ ਹਨ।
ਮੁਖਤਾਰ ਅੰਸਾਰੀ ਵੀ ਪੂਰਵਾਂਚਲ ਦਾ ਮਸ਼ਹੂਰ ਬਾਹੂਬਲੀ
1996 ਤੋਂ ਲਗਾਤਾਰ ਚਾਰ ਵਾਰ ਮਊ ਹਲਕੇ ਤੋਂ ਐਮਐਲਏ ਚੁਣਿਆ ਜਾ ਰਿਹਾ ਮੁਖਤਾਰ ਅੰਸਾਰੀ ਵੀ ਪੂਰਵਾਂਚਲ ਦਾ ਮਸ਼ਹੂਰ ਬਾਹੂਬਲੀ ਹੈ। ਉਸ ਦੇ ਖਿਲਾਫ਼ 4 ਕਤਲਾਂ ਤੋਂ ਇਲਾਵਾ ਇਰਾਦਾ ਕਤਲ, ਅਗਵਾ, ਧਮਕੀਆਂ ਦੇਣ ਤੇ ਫਿਰੌਤੀਆਂ ਉਗਰਾਹੁਣ ਦੇ ਦਰਜ਼ਨਾਂ ਮੁਕੱਦਮੇ ਦਰਜ਼ ਹਨ ਤੇ ਇਸ ਵੇਲੇ ਉਹ ਜੇਲ੍ਹ ‘ਚ ਬੰਦ ਹੈ। 1970ਵਿਆਂ ‘ਚ ਸਰਕਾਰ ਨੇ ਪੱਛੜੇ ਪੂਰਬੀ ਯੂਪੀ ਦੇ ਵਿਕਾਸ ਲਈ ਪ੍ਰੋਜੈਕਟ ਸ਼ੁਰੂ ਕੀਤੇ ਤਾਂ ਬਾਹੂਬਲੀਆਂ ਦਰਮਿਆਨ ਫਾਇਦਾ ਲੁੱਟਣ ਦੀ ਹੋੜ ਮੱਚ ਗਈ। ਮੁਖਤਾਰ ਅੰਸਾਰੀ ਗੈਂਗ ਨੇ ਵੀ ਇਸ ‘ਚ ਹੱਥ ਰੰਗਣੇ ਸ਼ੁਰੂ ਕਰ ਦਿੱਤੇ। ਸਰਕਾਰੀ ਠੇਕਿਆਂ ‘ਤੇ ਕਬਜ਼ੇ ਕਰਨ ਲਈ ਉਸ ਦੀਆਂ ਬ੍ਰਿਜੇਸ਼ ਸਿੰਘ ਗੈਂਗ ਨਾਲ ਖੂਨੀ ਲੜਾਈਆਂ ਸ਼ੁਰੂ ਹੋ ਗਈਆਂ।
ਦੋਵਾਂ ਧਿਰਾਂ ਦੇ ਅਨੇਕਾਂ ਵਿਅਕਤੀ ਨਿੱਤ ਦੇ ਝਗੜਿਆਂ ‘ਚ ਮਾਰੇ ਗਏ। ਮੁਖਤਾਰ ਅੰਸਾਰੀ ਗੈਂਗ ਨੇ ਬ੍ਰਿਜੇਸ਼ ਸਿੰਘ ਦੇ ਹਮਾਇਤੀ ਐਮਐਲਏ ਕ੍ਰਿਸ਼ਨਾ ਨੰਦ ਰਾਏ ਸਮੇਤ ਅਨੇਕਾਂ ਵਿਰੋਧੀਆਂ ਦੀ ਹੱਤਿਆ ਕਰ ਕੇ ਪੂਰਵਾਂਚਲ ਦੇ ਜਾਇਜ਼-ਨਜਾਇਜ਼ ਕਾਰੋਬਾਰ ‘ਤੇ ਕਬਜ਼ਾ ਜਮਾ ਲਿਆ। ਕ੍ਰਿਸ਼ਨਾ ਨੰਦ ਰਾਏ ਦੀ ਹੱਤਿਆ ਵੇਲੇ ਯੂਪੀ ‘ਚ ਪਹਿਲੀ ਵਾਰ ਏ.ਕੇ. 47 ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਇਸ ਕੇਸ ‘ਚ ਮੁਖਤਾਰ ਅੰਸਾਰੀ ਤੇ ਸ਼ੂਟਰ ਮੁੰਨਾ ਬਜਰੰਗੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਉਸ ਨੇ 1996 ‘ਚ ਪਹਿਲੀ ਚੋਣ ਬਹੁਜਨ ਸਮਾਜ ਪਾਰਟੀ, 2002, 2007 ਤੇ 2012 ਦੀ ਚੋਣ ਕੌਮੀ ਏਕਤਾ ਦਲ ਦੇ ਉਮੀਦਵਾਰ ਵਜੋਂ ਜਿੱਤੀ ਹੈ। ਉਹ 2007 ਤੇ 2012 ਦੀ ਚੋਣ ਜੇਲ੍ਹ ‘ਚੋਂ ਹੀ ਜਿੱਤਿਆ ਸੀ।
ਅਫ਼ਜ਼ਲ ਅੰਸਾਰੀ ਵੀ ਮੁਹੰਮਦਪੁਰ ਸੀਟ ਤੋਂ 5 ਵਾਰ ਐਮਐਲਏ ਬਣ ਚੁੱਕਾ ਹੈ
ਉਸ ਦਾ ਭਰਾ ਅਫ਼ਜ਼ਲ ਅੰਸਾਰੀ ਵੀ ਮੁਹੰਮਦਪੁਰ ਸੀਟ ਤੋਂ 5 ਵਾਰ ਐਮਐਲਏ ਬਣ ਚੁੱਕਾ ਹੈ। ਮੁਖਤਾਰ ਅੰਸਾਰੀ ਦਾ ਐਨਾ ਦਬਦਬਾ ਹੈ ਕਿ ਉਹ 2009 ‘ਚ ਬੀਐਸਪੀ ਉਮੀਦਵਾਰ ਵਜੋਂ ਵਾਰਾਣਸੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ ਵਰਗੇ ਸੀਨੀਅਰ ਲੀਡਰ ਤੋਂ ਸਿਰਫ਼ 1721 ਵੋਟਾਂ ਨਾਲ ਹਾਰਿਆ ਸੀ। ਅਪਰਾਧਿਕ ਸਰਗਰਮੀਆਂ ਕਾਰਨ 2010 ‘ਚ ਉਸ ਨੂੰ ਬਸਪਾ ਤੋਂ ਕੱਢ ਦਿੱਤਾ ਗਿਆ ਪਰ ਹੁਣ ਦੁਬਾਰਾ ਸ਼ਾਮਲ ਕਰ ਲਿਆ ਗਿਆ ਹੈ। ਇਸ ਵਾਰ ਉਹ ਅਤੇ ਉਸ ਦਾ ਭਰਾ ਅਫਜ਼ਲ ਅੰਸਾਰੀ ਬਸਪਾ ਵੱਲੋਂ ਚੋਣ ਮੈਦਾਨ ‘ਚ ਹਨ।
ਬਾਹੂਬਲੀ ਅਤੀਕ ਅਹਿਮਦ
ਮੂਲ ਰੂਪ ‘ਚ ਇਲਾਹਾਬਾਦ ਦੇ ਚਕੀਆ ਪਿੰਡ ਦਾ ਰਹਿਣ ਵਾਲਾ ਬਾਹੂਬਲੀ ਅਤੀਕ ਅਹਿਮਦ 2004 ਤੋਂ 2009 ਤੱਕ ਸਮਾਜਵਾਦੀ ਪਾਰਟੀ ਵੱਲੋਂ ਐਮਪੀ ਰਿਹਾ ਹੈ। 2014 ਦੀਆਂ ਪਾਰਲੀਮੈਂਟ ਚੋਣਾਂ ਦੌਰਾਨ ਚੋਣ ਕਮਿਸ਼ਨ ਨੂੰ ਦਿੱਤੇ ਉਸ ਦੇ ਐਫੀਡੇਵਿਟ ‘ਚ ਦਰਜ਼ ਹੈ ਕਿ ਉਸ ਦੇ ਖਿਲਾਫ 6 ਕਤਲ, 6 ਇਰਾਦਾ ਕਤਲ ਤੇ 4 ਅਗਵਾ ਕੇਸਾਂ ਸਮੇਤ 48 ਮੁਕੱਦਮੇ ਦਰਜ਼ ਹਨ। ਇਨ੍ਹਾਂ ਸਭ ਤੋਂ ਵੱਧ ਸਨਸਨੀਖੇਜ਼ ਕੇਸ ਬਸਪਾ ਨੇਤਾ ਰਾਜੂਪਾਲ ਦੇ ਕਤਲ ਦਾ ਹੈ ਜਿਸ ਨੇ ਅਤੀਕ ਅਹਿਮਦ ਦੇ ਭਰਾ ਅਸ਼ਰਫ਼ ਨੂੰ 2004 ਦੀਆਂ ਲੋਕ ਸਭਾ ਚੋਣਾਂ ‘ਚ ਹਰਾਇਆ ਸੀ। ਉਸ ਨੇ 2009 ਦੀਆਂ ਲੋਕ ਸਭਾ ਚੋਣਾਂ ਸਮੇਤ ਅਨੇਕਾਂ ਚੋਣਾਂ ਜੇਲ੍ਹ ‘ਚੋਂ ਹੀ ਲੜੀਆਂ ਹਨ। Uttar Pradesh
2008 ‘ਚ ਉਸ ਨੂੰ ਸਮਾਜਵਾਦੀ ਪਾਰਟੀ ਨੇ ਕੱਢ ਦਿੱਤਾ ਤਾਂ ਉਸ ਨੇ ‘ਅਪਨਾ ਦਲ’ ਨਾਂਅ ਦੀ ਪਾਰਟੀ ਬਣਾ ਲਈ। ਇਸੇ ਦਲ ਦੇ ਝੰਡੇ ਹੇਠ ਉਸ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ। 2014 ‘ਚ ਉਸ ਨੇ ਫਿਰ ਸਮਾਜਵਾਦੀ ਪਾਰਟੀ ਦੇ ਝੰਡੇ ਹੇਠ ਸ਼ਰਾਵਸਤੀ ਲੋਕ ਸਭਾ ਹਲਕੇ ਤੋਂ ਚੋਣ ਲੜੀ ਪਰ ਬੀਜੇਪੀ ਦੇ ਦਦਨ ਮਿਸ਼ਰਾ ਤੋਂ ਇੱਕ ਲੱਖ ਵੋਟ ਨਾਲ ਹਾਰ ਗਿਆ। ਇਸ ਵਾਰ ਉਹ ਦੁਬਾਰਾ ਜੇਲ੍ਹ ‘ਚੋਂ ਹੀ ਵਿਧਾਨ ਸਭਾ ਚੋਣ ਲੜ ਰਿਹਾ ਹੈ।
ਡੀਪੀ ਯਾਦਵ ਅੱਜ ਯੂਪੀ ਦਾ ਸਭ ਤੋਂ ਅਮੀਰ ਬਾਹੂਬਲੀ Uttar Pradesh
ਕਿਸੇ ਸਮੇਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਾ ਹੁਣ ਡੀਪੀ ਯਾਦਵ ਅੱਜ ਯੂਪੀ ਦਾ ਸਭ ਤੋਂ ਅਮੀਰ ਬਾਹੂਬਲੀ ਹੈ। 2014 ਦੀਆਂ ਪਾਰਲੀਮੈਂਟ ਚੋਣਾਂ ‘ਚ ਉਸ ਨੇ ਆਪਣੀ ਜਾਇਦਾਦ 30 ਕਰੋੜ ਰੁਪਏ ਐਲਾਨੀ ਸੀ। ਉਸ ਦਾ ਲੜਕਾ ਵਿਕਾਸ ਯਾਦਵ ਮਸ਼ਹੂਰ ਨਿਤੀਸ਼ ਕਟਾਰਾ ਕਤਲ ਕੇਸ ‘ਚ ਜੇਲ੍ਹ ‘ਚ ਬੰਦ ਹੈ। ਡੀਪੀ ਯਾਦਵ ਦੇ ਖਿਲਾਫ 10 ਕਤਲਾਂ ਤੋਂ ਇਲਾਵਾ ਟਾਡਾ ਸਮੇਤ 40-50 ਹੋਰ ਅਗਵਾ, ਫਿਰੌਤੀ ਤੇ ਡਾਕਿਆਂ ਆਦਿ ਦੇ ਸੰਗੀਨ ਕੇਸ ਦਰਜ਼ ਹਨ। 1990 ‘ਚ ਉਸ ਦੀ ਸਪਲਾਈ ਕੀਤੀ ਜ਼ਹਿਰੀਲੀ ਸ਼ਰਾਬ ਪੀ ਕੇ ਹਰਿਆਣਾ ‘ਚ 350 ਲੋਕ ਮਰ ਗਏ ਸਨ। ਉਹ ਚਾਰ ਵਾਰ ਐਮਐਲਏ ਤੇ ਦੋ ਵਾਰ ਐਮਪੀ ਰਹਿ ਚੁੱਕਾ ਹੈ।
ਉਸ ਦੀ ਪਤਨੀ ਤੇ ਭਤੀਜਾ ਵੀ ਐਮਐਲਏ ਹਨ। ਹੁਣ ਤੱਕ ਉਹ ਕਈ ਪਾਰਟੀਆਂ ਬਦਲ ਚੁੱਕਾ ਹੈ ਤੇ ਇਸ ਵੇਲੇ ਦਾਦਰੀ ਦੇ ਐਮਐਲਏ ਮਹਿੰਦਰ ਸਿੰਘ ਭਾਟੀ ਦੇ ਕਤਲ ਕੇਸ ਕਾਰਨ ਦੇਹਰਾਦੂਨ ਜੇਲ੍ਹ ‘ਚ ਉਮਰ ਕੈਦ ਭੁਗਤ ਰਿਹਾ ਹੈ। ਇਸ ਵਾਰ ਉਹ ਆਪਣੀ ਪਤਨੀ ਤੇ ਭਤੀਜੇ ਨੂੰ ਵਿਧਾਨ ਸਭਾ ਚੋਣ ਲੜਾ ਰਿਹਾ ਹੈ। ਉਸ ਦਾ ਪਰਿਵਾਰ ਅਨੇਕਾਂ ਖੰਡ ਮਿਲਾਂ, ਸ਼ਰਾਬ ਦੀਆਂ ਡਿਸਟਿਲਰੀਆਂ, ਹੋਟਲਾਂ ਟੀਵੀ ਚੈਨਲਾਂ, ਪਾਵਰ ਪ੍ਰੋਜੈਕਟਾਂ, ਕੰਸਟਰੱਕਸ਼ਨ ਕੰਪਨੀਆਂ ਅਤੇ ਖਾਣਾਂ ਦਾ ਮਾਲਕ ਹੈ।
ਬਸਪਾ ਵੱਲੋਂ ਐਮਪੀ ਰਹੇ ਬਾਹੂਬਲੀ ਧਨੰਜਯ ਸਿੰਘ
ਕਿਸੇ ਸਮੇਂ ਬਸਪਾ ਵੱਲੋਂ ਐਮਪੀ ਰਹੇ ਬਾਹੂਬਲੀ ਧਨੰਜਯ ਸਿੰਘ ਖਿਲਾਫ਼ ਲਖਨਊ ਤੋਂ ਲੈ ਕੇ ਜੌਨਪੁਰ ਤੱਕ ਕਤਲ ਆਦਿ ਦੇ 30 ਮਾਮਲੇ ਦਰਜ਼ ਹਨ। ਪਰ ਦਿੱਲੀ ‘ਚ ਆਪਣੀ ਘਰੇਲੂ ਨੌਕਰਾਨੀ ‘ਤੇ ਜ਼ੁਲਮ ਕਰਨ ਦੇ ਮਾਮਲੇ ‘ਚ ਉਸ ਨੂੰ ਪਤਨੀ ਸਮੇਤ ਜੇਲ੍ਹ ਦੀ ਹਵਾ ਖਾਣੀ ਪਈ। ਜਿਸ ਨੇਤਾ ਨੂੰ ਵੱਡੇ ਤੋਂ ਵੱਡੇ ਜ਼ੁਰਮ ‘ਚ ਜੇਲ੍ਹ ਨਹੀਂ ਭੇਜਿਆ ਜਾ ਸਕਿਆ,
ਉਹ ਨੌਕਰਾਨੀ ਨੂੰ ਕੁੱਟਣ ਦੇ ਦੋਸ਼ ‘ਚ ਜੇਲ੍ਹ ਕੱਟ ਰਿਹਾ ਹੈ। ਧਨੰਜਯ ਸਿੰਘ ਚੜ੍ਹਦੀ ਜਵਾਨੀ ‘ਚ ਹੀ ਜ਼ੁਰਮ ਦੀ ਦੁਨੀਆਂ ‘ਚ ਕੁੱਦ ਪਿਆ ਸੀ। 1990 ‘ਚ ਦਸਵੀਂ ਜਮਾਤ ‘ਚ ਉਸ ਨੇ ਆਪਣੇ ਮਾਸਟਰ ਤੇ ਕਾਲਜ ਦੀ ਪੜ੍ਹਾਈ ਦੌਰਾਨ ਇੱਕ ਸਹਿਪਾਠੀ ਦੀ ਹੱਤਿਆ ਕਰ ਦਿੱਤੀ, ਪਰ ਦੋਵਾਂ ਕੇਸਾਂ ‘ਚ ਵੀ ਬਰੀ ਹੋ ਗਿਆ। ਉਸ ਨੇ ਰਾਬਿਨਹੁੱਡ ਟਾਈਪ ਕੰਮ ਕਰ ਕੇ ਗਰੀਬਾਂ ‘ਚ ਆਪਣਾ ਵਿਸ਼ਾਲ ਅਧਾਰ ਤਿਆਰ ਕਰ ਲਿਆ ਹੈ। ਇਸ ਵਾਰ ਉਹ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਮੈਦਾਨ ‘ਚ ਹੈ। Uttar Pradesh
ਉਪਰੋਕਤ ਤੋਂ ਇਲਾਵਾ ਬ੍ਰਿਜੇਸ਼ ਸਿੰਘ, ਧਨੰਜਯ ਸਿੰਘ, ਰਮਾਂਕਾਂਤ ਯਾਦਵ, ਅਜੈ ਰਾਏ, ਵਰਿੰਦਰ ਪ੍ਰਤਾਪ ਸ਼ਾਹੀ, ਮੁੰਨਾ ਬਜਰੰਗੀ, ਵਿਨੇ ਤਿਆਗੀ, ਸੁਸ਼ੀਲ ਸਿੰਘ, ਰਮੇਸ਼ਵਰ ਸਿੰਘ, ਵੀਰ ਸਿੰਘ, ਭਗਵਾਨ ਸ਼ਰਮਾ ਗੁੱਡੂ ਆਦਿ ਅਨੇਕਾਂ ਬਾਹੂਬਲੀ ਖੁਦ ਜਾਂ ਆਪਣੀਆਂ ਪਤਨੀਆਂ-ਪੁੱਤਰਾਂ ਰਾਹੀਂ ਸੱਤਾ ‘ਚ ਹਿੱਸਾ ਪ੍ਰਾਪਤ ਕਰਨ ਲਈ ਵੱਖ ਵੱਖ ਪਾਰਟੀਆਂ ਰਾਹੀਂ ਜਾਂ ਅਜ਼ਾਦ ਕਿਸਮਤ ਅਜ਼ਮਾ ਰਹੇ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਯੂਪੀ ‘ਚ 577 ਅਪਰਾਧੀਆਂ ਨੇ ਚੋਣ ਲੜੀ ਸੀ, ਉਹ ਗਿਣਤੀ ਇਸ ਵਾਰ ਹੋਰ ਵਧ ਸਕਦੀ ਹੈ।
ਬਲਰਾਜ ਸਿੰਘ ਸਿੱਧੂ, ਮੋ. 98151-24449
ਲੇਖਕ ਸੀਨੀਅਰ ਪੁਲਿਸ ਅਧਿਕਾਰੀ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ