(ਹਰਪਾਲ/ਕ੍ਰਿਸ਼ਨ) ਲੌਂਗੋਵਾਲ। ਕਸਬਾ ਲੌਂਗੋਵਾਲ ਅੰਦਰ ਦੋ ਧੜਿਆਂ ‘ਚ ਚੱਲ ਰਿਹਾ ਤਕਰਾਰ ਅੱਜ ਸਵੇਰੇ ਸਮੇਂ ਉਸ ਵੇਲੇ ਖੂਨੀ ਰੂਪ ਧਾਰਨ ਕਰ ਗਿਆ ਜਦੋਂ ਇੱਕ ਧੜੇ ਨਾਲ ਸਬੰਧਤ ਪੰਜ ਹਮਲਾਵਰਾਂ ਨੇ ਦੂਜੀ ਧਿਰ ਦੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Muder) ਕਰ ਦਿੱਤਾ। ਕਸਬੇ ਦੇ ਮੁੱਖ ਬਜ਼ਾਰ ਦੇ ਅੰਦਰਲਾ ਖੂਹ ਚੌਂਕ ਨੇੜੇ ਵਾਪਰੀ ਇਸ ਘਟਨਾ ਨੂੰ ਲੈ ਕੇ ਸਮੁੱਚੇ ਕਸਬੇ ਅੰਦਰ ਖੌਫ ਦਾ ਮਾਹੋਲ ਪੈਦਾ ਹੋ ਗਿਆ। ਮ੍ਰਿਤਕ ਦੀ ਪਹਿਚਾਣ ਹਰਦੇਵ ਸਿੰਘ ਉਰਫ ਹੈਪੀ ਪੁੱਤਰ ਸੱਜਣ ਸਿੰਘ ਵਾਸੀ ਪੱਤੀ ਰੰਧਾਵਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਅਤੇ ਦੋਸ਼ੀਆਂ ਵਿਚਕਾਰ ਪਿਛਲੇ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਇਸ ਸਬੰਧੀ ਦੋਵਾਂ ਧਿਰਾਂ ਖਿਲਾਫ ਕੇਸ ਵੀ ਦਰਜ਼ ਹਨ, ਮ੍ਰਿਤਕ ਅਤੇ ਦੋਸ਼ੀ ਕੁੱਝ ਦਿਨ ਪਹਿਲਾਂ ਹੀ ਜਮਾਨਤ ‘ਤੇ ਬਾਹਰ ਆਏ ਸਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸਪੀ (ਡੀ) ਐਸਐਸ ਮੱਲੀ, ਡੀਐਸਪੀ (ਡੀ) ਸੰਗਰੂਰ ਬੁਲੰਦ ਸਿੰਘ ਤੋਂ ਇਲਾਵਾ ਡੀਐਸਪੀ ਸੁਨਾਮ ਜਸ਼ਨਦੀਪ ਸਿੰਘ, ਥਾਣਾ ਲੌਂਗੋਵਾਲ ਦੇ ਐਸਐਚਓ ਸਿਕੰਦਰ ਸਿੰਘ ਚੀਮਾ ਨੇ ਆਪਣੀ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ।
ਥਾਣਾ ਮੁੱਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਸੱਜਣ ਸਿੰਘ ਪੁੱਤਰ ਅਮਰ ਸਿੰਘ ਵਾਸੀ ਪੱਤੀ ਰੰਧਾਵਾ ਲੌਂਗੋਵਾਲ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮਾਂ ਦਲਵਿੰਦਰ ਸਿੰਘ ਬਬਲੀ ਪੁੱਤਰ ਬਿੱਕਰ ਸਿੰਘ, ਅਮਨਦੀਪ ਸਿੰਘ ਅਮਨਾ ਪੁੱਤਰ ਸੁਰਜੀਤ ਸਿੰਘ, ਵਰਿੰਦਰ ਸਿੰਘ ਉਰਫ ਮੋਟਾ ਪੁੱਤਰ ਅਮਰੀਕ ਸਿੰਘ, ਸਰਾਜ ਖਾਨ ਪੁੱਤਰ ਮੇਜ਼ਰ ਖਾਨ ਵਾਸੀਆਨ ਲੌਂਗੋਵਾਲ ਅਤੇ ਗੁਰਪ੍ਰੀਤ ਸਿੰਘ ਵਾਸੀ ਲੋਹਾਖੇੜਾ ਖਿਲਾਫ ਧਾਰਾ 302 148 149 ਆਈਪੀਸੀ ਆਰਮਜ਼ ਐਕਟ ਅਧੀਨ ਕੇਸ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ
ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ