(ਰਾਮ ਗੋਪਾਲ ਰਾਏਕੋਟੀ) ਲੁਧਿਆਣਾ। ਵਿਧਾਨ ਸਭਾ ਹਲਕਾ ਗਿੱਲ ਦੇ ਸਟਰੌਂਗ ਰੂਮ ਵਿੱਚ ਅਣਅਧਿਕਾਰਤ ਵਿਅਕਤੀਆਂ ਦੀ ਆਮਦ ਬਾਰੇ ਇੱਕ ਰਾਜਸੀ ਪਾਰਟੀ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਅਤੇ ਸਾਰੇ ਉਮੀਦਵਾਰਾਂ ਨੂੰ ਸਟਰੋਂਗ ਰੂਮ ਸਬੰਧੀ ਭਾਰਤੀ ਚੋਣ ਕਮਿਸ਼ਨ (Election Commission ) ਦੀਆਂ ਹਦਾਇਤਾਂ ਤੋਂ ਜਾਣੂ ਕਰਾਉਣ ਲਈ ਅੱਜ ਭਾਰਤੀ ਚੋਣ ਕਮਿਸ਼ਨ ਦੀ ਉੱਚ ਪੱਧਰੀ ਟੀਮ ਵੱਲੋਂ ਲੁਧਿਆਣਾ ਦਾ ਦੌਰਾ ਕੀਤਾ ਗਿਆ, ਜਿੱਥੇ ਉਪਰੋਕਤ ਦੋਸ਼ਾਂ ਦੀ ਜਾਂਚ ਹਿੱਤ ਮੌਕਾ ਦੇਖਿਆ ਗਿਆ ਅਤੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਚੋਣ ਏਜੰਟਾਂ ਨਾਲ ਮੀਟਿੰਗ ਕੀਤੀ ਗਈ। ਟੀਮ ਆਪਣੀ ਜਾਂਚ ਰਿਪੋਰਟ ਜਲਦ ਹੀ ਭਾਰਤੀ ਚੋਣ ਕਮਿਸ਼ਨ ਨੂੰ ਸੌਂਪ ਦੇਵੇਗੀ।
ਵੱਖ-ਵੱਖ ਉਮੀਦਵਾਰਾਂ ਨੇ ਆਪਣੇ ਵਿਚਾਰ ਰੱਖੇ
ਇਸ ਸਬੰਧੀ ਸਵੇਰੇ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਰਵੀ ਭਗਤ, ਪੁਲਿਸ ਕਮਿਸ਼ਨਰ ਲੁਧਿਆਣਾ ਜਤਿੰਦਰ ਸਿੰਘ ਔਲਖ, ਵਧੀਕ ਡਿਪਟੀ ਕਮਿਸ਼ਨਰ (ਵਿ) ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮਿਸ ਅਪਨੀਤ ਰਿਆਤ, ਡਿਪਟੀ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ, ਸਾਰੇ ਰਿਟਰਨਿੰਗ ਅਫ਼ਸਰ, ਪੁਲਿਸ ਅਫ਼ਸਰ ਅਤੇ ਵੱਖ-ਵੱਖ ਹਲਕਿਆਂ ਨਾਲ ਸਬੰਧਤ ਉਮੀਦਵਾਰ ਜਾਂ ਉਨ੍ਹਾਂ ਦੇ ਚੋਣ ਏਜੰਟ ਸ਼ਾਮਲ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੋ ਮੈਂਬਰੀ ਟੀਮ ਦੇ ਮੁੱਖੀ ਕਮ ਮੁੱਖ ਚੋਣ ਅਫ਼ਸਰ ਹਿਮਾਚਲ ਪ੍ਰਦੇਸ਼ ਨਰਿੰਦਰ ਚੌਹਾਨ ਅਤੇ ਵਧੀਕ ਮੁੱਖ ਚੋਣ ਅਫ਼ਸਰ ਰਾਜੇਸ਼ ਕੁਮਾਰ ਨੇ ਸਾਰੇ ਉਮੀਦਵਾਰਾਂ ਤੋਂ ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਤੌਖ਼ਲੇ ਅਤੇ ਅੰਦੇਸ਼ਿਆਂ ਬਾਰੇ ਪੁੱਛਿਆ। ਵੱਖ-ਵੱਖ ਉਮੀਦਵਾਰਾਂ ਨੇ ਆਪਣੇ ਵਿਚਾਰ ਰੱਖੇ ਅਤੇ ਬਿਜਲਈ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ।
ਉਮੀਦਵਾਰਾਂ ਨੂੰ ਸਟਰੌਂਗ ਰੂਮ ਸੰਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ।
ਸ੍ਰੀ ਚੌਹਾਨ ਅਤੇ ਸ੍ਰੀ ਕੁਮਾਰ ਨੇ ਸਾਰੇ ਉਮੀਦਵਾਰਾਂ ਅਤੇ ਚੋਣ ਏਜੰਟਾਂ ਨੂੰ ਭਰੋਸਾ ਦਿਵਾਇਆ ਕਿ ਭਾਰਤੀ ਚੋਣ ਕਮਿਸ਼ਨ (Election Commission ) ਵੱਲੋਂ ਹਰੇਕ ਸਟਰੋਂਗ ਰੂਮ ‘ਤੇ ਪੂਰੀ ਤਰ੍ਹਾਂ ਨਜ਼ਰਸਾਨੀ ਰੱਖੀ ਜਾ ਰਹੀ ਹੈ। ਜਿਸ ਤਹਿਤ ਜਿੱਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਬਕਾਇਦਾ ਲਾਗ ਬੁੱਕ ਲਗਾਈ ਗਈ ਹੈ, ਉਥੇ ਨੀਮ ਫੌਜੀ ਬਲਾਂ ਅਤੇ ਪੰਜਾਬ ਪੁਲਿਸ ਦੀ ਸੁਰੱਖਿਆ, ਸੀ. ਸੀ. ਟੀ. ਵੀ. ਕੈਮਰੇ ਅਤੇ ਵੀਡੀਓਗ੍ਰਾਫੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟਰੋਂਗ ਰੂਮਾਂ ਦਾ ਜਿੱਥੇ ਉਮੀਦਵਾਰ ਜਦੋਂ ਮਰਜੀ ਜਾਇਜ਼ਾ ਲੈ ਸਕਦੇ ਹਨ, ਉਥੇ ਰੋਜ਼ਾਨਾ ਸਵੇਰੇ 11 ਵਜੇ ਸਬੰਧਤ ਰਿਟਰਨਿੰਗ ਅਫ਼ਸਰ ਨਾਲ ਜਾਇਜ਼ਾ ਲਿਆ ਜਾ ਸਕਦਾ ਹੈ। ਸਟਰੋਂਗ ਰੂਮ ਦੇ ਬਾਹਰ ਬੈਠੇ ਚੋਣ ਏਜੰਟਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਉਨਾਂ ਉਮੀਦਵਾਰਾਂ ਨੂੰ ਸਟਰੌਂਗ ਰੂਮ ਸੰਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ।
ਮੀਟਿੰਗ ਉਪਰੰਤ ਟੀਮ ਵੱਲੋਂ ਹਲਕਾ ਗਿੱਲ ਸਮੇਤ ਹੋਰ ਹਲਕਿਆਂ ਦੇ ਸਟਰੌਂਗ ਰੂਮਾਂ ਦਾ ਜਾਇਜ਼ਾ ਲਿਆ ਗਿਆ, ਜਿਸ ਦੌਰਾਨ ਸੀ. ਸੀ. ਟੀ. ਵੀ. ਕੈਮਰੇ ਅਤੇ ਹੋਰ ਤੱਥਾਂ ਦੀ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ ਉਪਰੋਕਤ ਸ਼ਿਕਾਇਤ ਸੰਬੰਧੀ ਅਜਿਹਾ ਕੋਈ ਵੀ ਤੱਥ ਸਾਹਮਣੇ ਨਹੀਂ ਆਇਆ, ਜਿਸ ਬਾਰੇ ਮੌਕੇ ‘ਤੇ ਹਾਜ਼ਰ ਉਮੀਦਵਾਰਾਂ ਜਾਂ ਉਨਾਂ ਦੇ ਚੋਣ ਏਜੰਟਾਂ ਵੱਲੋਂ ਤਸੱਲੀ ਪ੍ਰਗਟ ਕੀਤੀ ਗਈ। ਇਸ ਮੌਕੇ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਭਰੋਸਾ ਦਿੱਤਾ ਕਿ ਜ਼ਿਲਾ ਪ੍ਰਸਾਸ਼ਨ ਬਿਜਲਈ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਲਈ ਦ੍ਰਿੜ ਵਚਨਬੱਧ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ