ਖੁਰਦ-ਬੁਰਦ ਕੀਤੀਆਂ ਜਾਇਦਾਦਾਂ ਦਾ ਮੰਗਿਆ ਜਾ ਰਿਹਾ ਹਿਸਾਬ
ਮੋਹਾਲੀ (ਐੱਮਕੇ ਸ਼ਾਇਨਾ)। ਪਰਲਜ (Perlj Group) ਗੁਰੱਪ ਵੱਲੋਂ ਦੇਸ਼ ’ਚ ਕੀਤੇ 60 ਹਜਾਰ ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਕਰ ਰਹੀ ਹੈ। ਜਿਸ ’ਚ ਵਿਜੀਲੈਂਸ ਬਿਊਰੋ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਹਲਾਂਕਿ ਪਰਲਜ ਗੁਰੱਪ ਦਾ ਮਾਲਕ ਤਾਂ ਪਹਿਲਾਂ ਹੀ ਤਿਹਾੜ ਜੇਲ੍ਹ ’ਚ ਬੰਦ ਹੈ। ਇਸ ਦੌਰਾਨ ਪਰਲਜ ਗੁਰੱਪ ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਇਸ ਗੁਰੱਪ ਦੀ ਜਾਇਦਾਦ ਨੂੰ ਪੰਜਾਬ ’ਚ ਵੱਡੇ ਪੱਧਰ ’ਤੇ ਖੁਰਦ ਬੁਰਦ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਹੁਣ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਲਜ ਪੀੜਤਾਂ ਦੀਆਂ ਆਈਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਇੱਕ ਮਹੀਨਾ ਪਹਿਲਾਂ ਵਿਜੀਲੈਂਸ ਨੂੰ ਇਸ ਘੁਟਾਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਰਲ ਗਰੁੱਪ ਦੀ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਇਨਸਾਫ਼ ਦਿਵਾਉਣ ਤੇ ਪਰਲ ਗਰੁੱਪ ਦੀਆਂ ਜਾਇਦਾਦਾਂ ਵੇਚ ਕੇ ਉਨ੍ਹਾਂ ਦੇ ਪੈਸੇ ਦੀ ਭਰਪਾਈ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਬਿਊਰੋ ਆਫ ਇਨਵੈਸਟੀਗੇਸ਼ਨ (ਬੀਓਆਈ) ਕਰ ਰਿਹਾ ਸੀ।
ਇਹ ਵੀ ਪੜ੍ਹੋ : ਘੱਗਰ ਦਰਿਆ ’ਚ ਉਫਾਨ, ਪੰਜਾਬ ’ਚ ਹੜ੍ਹ ਦੇ ਖਤਰੇ ਸਬੰਧੀ ਅਲਰਟ
ਪਰਲ (Perlj Group) ਘੁਟਾਲੇ ਬਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਥਾਣੇ ’ਚ ਦਰਜ ਐੱਫਆਈਆਰ ਨੰਬਰ 79 (2020) ਤੇ ਸਟੇਟ ਕ੍ਰਾਈਮ ਪੁਲਿਸ ਥਾਣਾ ਮੋਹਾਲੀ ’ਚ ਦਰਜ ਐੱਫਆਈਆਰ ਨੰਬਰ-1/2023 ਦੀ ਜਾਂਚ ਦਾ ਕੰਮ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ। ਇਹ ਜਾਂਚ ਵਿਜੀਲੈਂਸ ਦਾ ਇਕੋਨਾਮਿਕ ਵਿੰਗ ਕਰ ਰਿਹਾ ਹੈ। ਮਾਮਲੇ ਦੀ ਜਾਂਚ ਪਹਿਲਾਂ ਹੀ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ। ਪਰਲਜ ਗਰੁੱਪ ਦੀਆਂ ਦੇਸ਼ ਅਤੇ ਵਿਦੇਸ਼ ’ਚ ਕੁੱਲ 43,822 ਸੰਪਤੀਆਂ ਹਨ ਅਤੇ ਪੰਜਾਬ ’ਚ 2239 ਜਾਇਦਾਦਾਂ ਬਣਾਈਆਂ ਗਈਆਂ। ਪੰਜਾਬ ’ਚ ਪਰਲਜ ਗਰੁੱਪ ਦੀਆਂ ਕਰੀਬ 25 ਤੋਂ 30 ਲੱਖ ਪਾਲਿਸੀਆਂ ਹਨ ਅਤੇ ਨਿਵੇਸ਼ਕਾਂ ਦੇ ਅੱਠ ਤੋਂ ਦਸ ਹਜਾਰ ਕਰੋੜ ਰੁਪਏ ਡੁੱਬੇ ਹੋਏ ਹਨ।
ਵਿਜੀਲੈਂਸ ਬਿਊਰੋ ਨੇ ਹੁਣ ਮਾਲ ਵਿਭਾਗ ਨੂੰ ਪੱਤਰ ਲਿਖਿਆ ਹੈ, ਜਿਸ ’ਚ ਪਰਲਜ ਗਰੁੱਪ ਦੀਆਂ ਜਾਇਦਾਦਾਂ ਦੀ ਪੜਤਾਲ ਅਤੇ ਇਨ੍ਹਾਂ ਦੀ ਸੰਪਤੀ ਵਿਚ ਹੋਏ ਫੇਰਬਦਲ ਨੂੰ ਲੈ ਕੇ ਵੇਰਵੇ ਮੰਗੇ ਗਏ ਹਨ। ਜਾਂਚ ਏਜੰਸੀ ਨੇ ਉਨ੍ਹਾਂ ਸੰਪਤੀਆਂ ਬਾਰੇ ਪੁੱਛਿਆ ਹੈ ਜਿਨ੍ਹਾਂ ਦੇ ਜ਼ਮੀਨੀ ਰਿਕਾਰਡ ’ਚ ਨਵੀਆਂ ਐਂਟਰੀਆਂ ਦਰਜ ਹੋਈਆਂ ਹਨ। ਡਿਪਟੀ ਕਮਿਸ਼ਨਰਾਂ ਨੂੰ ਮਾਲ ਰਿਕਾਰਡ ’ਚ ਦਰਜ ਇਨ੍ਹਾਂ ਐਂਟਰੀਆਂ ਦੀ ਨਿੱਜੀ ਤੌਰ ’ਤੇ ਤਸਦੀਕ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਇਨ੍ਹਾਂ ਜਾਇਦਾਦਾਂ ਦੇ ਹੋਏ ਤਬਾਦਲਿਆਂ ਅਤੇ ਰਜਿਸਟਰੀਆਂ ਆਦਿ ਬਾਰੇ ਵੀ ਪੁੱਛਿਆ ਹੈ।