ਭ੍ਰਿਸ਼ਟਾਚਾਰ ਤੇ ਕੰਮ ’ਚ ਲਾਪ੍ਰਵਾਹੀ ਕਰਨ ਵਾਲਿਆਂ ਲਈ ਕੋਈ ਲਿਹਾਜ ਨਹੀਂ
- ਚੈਕਿੰਗ ਟੀਮਾਂ ਵੱਲੋਂ ਪੀ.ਆਰ.ਟੀ.ਸੀ ਦੀਆਂ ਬੱਸਾਂ ਦੀ ਰੋਜ਼ਾਨਾਂ ਕੀਤੀ ਜਾ ਰਹੀ ਚੈਕਿੰਗ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀ.ਆਰ.ਟੀ.ਸੀ ਵਿਭਾਗ ਨੂੰ ਹਰ ਹਿੱਲੇ ਘਾਟੇ ਦੀ ਬਜਾਏ ਵੱਧ ਆਮਦਨ ਵਾਲਾ ਵਿਭਾਗ ਬਨਾਉਣ ਲਈ ਵਿਭਾਗ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ ਦੱਸਣਯੋਗ ਹੈ ਪਹਿਲੀਆਂ ਸਰਕਾਰਾਂ ਵਿੱਚ ਪੀਆਰਟੀਸੀ ਵਿਭਾਗ ਨੂੰ ਘਾਟੇ ਦਾ ਵਿਭਾਗ ਹੀ ਦਿਖਾਇਆ ਜਾਂਦਾ ਸੀ, ਜਿਸ ਕਾਰਨ ਅਕਸਰ ਮੁਲਾਜ਼ਮਾਂ ਨੂੰ ਤਨਖਾਹ ਜਾਂ ਪੈਨਸ਼ਨਾਂ ਲਈ ਮੁਜਾਹਰੇ ਕਰਨੇ ਪੈਂਦੇ ਸਨ ਪਰ ਹੁਣ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਜਤਿੰਦਰ ਪਾਲ ਸਿੰਘ ਗਰੇਵਾਲ ਜੀ ਐਮ ਇੰਨਫੋਰਸਮੈਂਟ ਅਤੇ ਚੈਕਿੰਗ ਟੀਮਾਂ ਵੱਲੋਂ ਪੀ.ਆਰ.ਟੀ.ਸੀ ਦੀਆਂ ਬੱਸਾਂ ਦੀ ਰੋਜ਼ਾਨਾਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।
ਇਸੇ ਸਬੰਧੀ ਜਾਣਕਾਰੀ ਦਿੰਦਿਆਂ ਜੀ ਐਮ ਗਰੇਵਾਲ ਨੇ ਦੱਸਿਆ ਕਿ ਤਕਰੀਬਨ ਇੱਕ ਮਹੀਨੇ ਤੋਂ ਵੱਖ ਵੱਖ ਡਿੱਪੂਆਂ ਦੇ 23 ਕਡੰਕਟਰਾਂ ਨੂੰ ਗਬਨ ਦੇ ਕੇਸਾਂ ਵਿੱਚ ਫੜਿਆਂ ਗਿਆ ਹੈ, ਜਿਸ ਦੀ ਰਕਮ 3430 ਰੁਪਏ ਬਣਦੀ ਹੈ ਜਿਨ੍ਹਾਂ ਵਿੱਚੋਂ 6 ਕਡੰਕਟਰਾਂ ਦੇ ਖਿਲਾਫ ਵਿਭਾਗੀ ਪੜਤਾਲ ਸ਼ੁਰੂ ਕੀਤੀ ਗਈ ਹੈ ਅਤੇ 17 ਕਡੰਕਟਰਾਂ ਨੂੰ ਗਬਨ ਰਕਮ ਦਾ 100 ਗੁਣਾ ਜੁਰਮਾਨਾ ਕੀਤਾ ਗਿਆ ਹੈ ਕੇਂਦਰੀ ਉੱਡਣ ਦਸਤਾ ਵੱਲੋਂ 15 ਜੂਨ ਨੂੰ ਰਾਣੀਤਾਲ ਹਿਮਾਚਲ ਪ੍ਰਦੇਸ਼ ਵਿਖੇ ਚੈਕਿੰਗ ਦੌਰਾਨ ਪੀਆਰਟੀਸੀ ਬੱਸ ਦੇ ਕਡੰਕਟਰ ਦੀ ਟਿਕਟ ਚੋਰੀ ਦੇ ਮਾਮਲੇ ਵਿੱਚ ਰਿਪੋਰਟ ਕੀਤੀ ਗਈ ਹੈ, ਜਿਸ ਵਿੱਚ ਕਡੰਕਟਰ ਵੱਲੋਂ 35 ਦੇ ਕਰੀਬ ਸਵਾਰੀਆਂ ਤੋਂ 1888 ਰੁਪਏ ਲੈਣ ਉਪਰੰਤ ਵੀ ਉਨ੍ਹਾਂ ਦੀ ਟਿਕਟ ਜਾਰੀ ਨਹੀ ਕੀਤੀ ਗਈ।
ਇਹ ਵੀ ਪੜ੍ਹੋ : ਘੱਗਰ ਦਰਿਆ ’ਚ ਉਫਾਨ, ਪੰਜਾਬ ’ਚ ਹੜ੍ਹ ਦੇ ਖਤਰੇ ਸਬੰਧੀ ਅਲਰਟ
ਇਸੇ ਤਰ੍ਹਾਂ ਹੀ ਚੈਕਿੰਗ ਦੌਰਾਨ ਵੱਖ-ਵੱਖ ਡਿੱਪੂਆਂ ਦੇ 9 ਡਰਾਇਵਰਾਂ ਨੂੰ 166.5 ਲੀਟਰ ਡੀਜਲ ਚੋਰੀ ਕਰਦੇ ਸਮੇਂ ਫੜਿਆ ਗਿਆ ਜਿਸ ਦੀ ਰਕਮ 14392 ਬਣਦੀ ਹੈ ਇਨ੍ਹਾਂ ਡਰਾਇਵਰਾਂ ਖਿਲਾਫ ਵੀ ਵਿਭਾਗੀ ਕਾਰਵਾਈ ਆਰੰਭੀ ਗਈ ਹੈ ਚੇਅਰਮੈਨ ਪੀ.ਆਰ.ਟੀ.ਸੀ ਵੱਲੋਂ ਗਬਨ ਕੇਸਾਂ ਵਿੱਚ ਫੜੇ ਗਏ ਕਡੰਕਟਰ ਅਤੇ ਡੀਜ਼ਲ ਚੋਰੀ ਕੇਸਾ ਵਿੱਚ ਫੜੇ ਗਏ ਡਰਾਇਵਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਸਖਤ ਹਦਾਇਤ ਦਿੱਤੀ ਗਈ ਹੈ ਕਿ ਪੀਆਰਟੀਸੀ ਵਿੱਚ ਕਿਸੇ ਵੀ ਕੀਮਤ ਤੇ ਭਿ੍ਰਸ਼ਟਾਚਾਰ ਅਤੇ ਕੰਮ ਪ੍ਰਤੀ ਲਾਪਰਵਾਈ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਚੇਅਰਮੈਨ ਪੀ.ਆਰ.ਟੀ.ਸੀ ਰਣਜੋਧ ਸਿੰਘ ਹਡਾਣਾ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੀਆਰਟੀਸੀ ਵਿਭਾਗ ਨੂੰ ਆਪਣੇ ਪੈਰਾਂ ’ਤੇ ਖੜੇ ਕਰਨਾ ਹੈ ਕਿਉਕਿ ਪਹਿਲੀਆਂ ਸਰਕਾਰਾਂ ਹਰੇਕ ਸਰਕਾਰੀ ਵਿਭਾਗ ਨੂੰ ਖੋਖਲਾ ਕਰਕੇ ਆਪਣੇ ਅਨੁਸਾਰ ਚਲਾ ਰਹੀਆਂ ਸਨ ਜਿਸ ਕਾਰਨ ਕਈ ਸਰਕਾਰੀ ਵਿਭਾਗ ਦਾ ਪ੍ਰਾਈਵੇਟ ਹੋਣਾ ਲਗਭਗ ਤੈਅ ਸੀ ਇਹ ਹੀ ਨਹੀ ਬਲਕਿ ਕਈ ਕਰਮਚਾਰੀ ਵੀ ਪੁਰਾਣੀਆਂ ਸਰਕਾਰਾਂ ਵਾਂਗ ਵਿਭਾਗ ਦਾ ਨੁਕਸਾਨ ਕਰਕੇ ਸਿਊਂਖ ਦਾ ਕੰਮ ਕਰ ਰਹੇ ਹਨ ਜਿਸ ’ਤੇ ਸਾਡੇ ਵਿਭਾਗ ਦੇ ਸਪੈਸ਼ਲ ਦਸਤੇ ਖਾਸ ਨਜਰ ਰੱਖ ਰਹੇ ਹਨ ਮੇਰੀ ਹਰੇਕ ਛੋਟੇ ਤੋਂ ਲੈ ਕੇ ਵੱਡੇ ਅਫਸਰ ਤੱਕ ਨੂੰ ਨਿੱਜੀ ਗੁਜਾਰਿਸ਼ ਹੈ ਕਿ ਆਪਣੀ ਕੰਮ ਇਮਾਨਦਾਰੀ ਨਾਲ ਕਰਨ ਤਾਂ ਜੋ ਵਿਭਾਗ ਨੂੰ ਆਪਣੇ ਪੈਰਾ ਤੇ ਖੜੇ ਕਰ ਸਕੀਏ।