ਮੋਹਾਲੀ (ਐੱਮ.ਕੇ.ਸ਼ਾਇਨਾ)। ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਪੰਜਾਬ ’ਚ ਵੀ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਘੱਗਰ (Ghaggar River) ਦਰਿਆ ’ਚ ਅਚਾਨਕ ਪਾਣੀ ਦਾ ਪੱਧਰ ਵਧਿਆ ਹੈ। ਘੱਗਰ ਦਰਿਆ ਦੇ ਪਾਣੀ ਦੇ ਤੇਜ ਵਹਾਅ ਕਾਰਨ ਮੋਹਾਲੀ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਮੋਹਾਲੀ ਦੇ ਡੀਸੀ ਨੇ ਅਧਿਕਾਰੀਆਂ ਨੂੰ ਮੁਬਾਰਕਪੁਰ ਡੇਰਾਬੱਸੀ ਖੇਤਰ ’ਚ ਚੌਕਸੀ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਘੱਗਰ ਦਰਿਆ ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ’ਚ ਮਾਰ ਕਰਦਾ ਹੈ।
ਇਹ ਦਰਿਆ ਪਟਿਆਲਾ ਜ਼ਿਲ੍ਹੇ ਦੇ ਵੱਡੀ ਗਿਣਤੀ ਇਲਾਕਿਆਂ ’ਚ ਵੱਡੀ ਤਬਾਹੀ ਮਚਾਉਂਦਾ ਹੈ। ਇਸ ਦੇ ਚੱਲਦਿਆਂ ਪ੍ਰਸ਼ਾਸਨ ਨੇ ਹੜ੍ਹਾਂ ਦੇ ਸੰਭਾਵੀ ਖਤਰੇ ਨੂੰ ਦੇਖਦਿਆਂ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਹੜ੍ਹਾਂ ਦੇ ਮੱਦੇਨਜਰ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਹਰ ਖੇਤਰ ’ਚ ਅਲਰਟ ਕੀਤਾ ਗਿਆ ਹੈ। ਹਿਮਾਚਲ ’ਚ ਅਗਲੇ 2 ਤੋਂ 3 ਦਿਨਾਂ ਤੱਕ ਹੋਰ ਮੀਂਹ ਪੈਣ ਦੇ ਅਲਰਟ ਤੋਂ ਬਾਅਦ ਘੱਗਰ ਨੇੜੇ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਉਪਮੰਡਲ ਖੇਤਰ ’ਚ ਵੀ ਕੰਟਰੋਲ ਰੂਮ ਬਣਾਇਆ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਲਕੇ ਸਰਕਾਰੀ ਬੱਸਾਂ ਦਾ ਚੱਕਾ ਜ਼ਾਮ, ਲੋਕ ਹੋਣਗੇ ਪਰੇਸ਼ਾਨ
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੂਬੇ ਦੇ ਸੋਲਨ ਅਤੇ ਹਮੀਰਪੁਰ ਜ਼ਿਲ੍ਹਿਆਂ ’ਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਅਤੇ ਸ਼ਿਮਲਾ, ਮੰਡੀ ਅਤੇ ਕੁੱਲੂ ’ਚ ਭਾਰੀ ਮੀਂਹ ਕਾਰਨ ਦੋ ਦੀ ਮੌਤ ਹੋ ਗਈ, ਜਦਕਿ ਫਸਲਾਂ ਤਬਾਹ ਹੋ ਗਈਆਂ ਹਨ। ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ਅਜੇ ਵੀ ਬੰਦ ਹੈ। ਮਲਬਾ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਇਸ ਨੂੰ ਬਹਾਲ ਕਰਨ ’ਚ ਸਮਾਂ ਲੱਗੇਗਾ। ਮੰਡੀ ਤੋਂ ਕੁੱਲੂ ਵਾਇਆ ਕਟੌਲਾ ਜਾਣ ਵਾਲੀ ਸੜਕ ਬੰਦ ਪਈ ਹੈ, ਇਸ ਨੂੰ ਖੋਲ੍ਹਣ ਦਾ ਕੰਮ ਵੀ ਚੱਲ ਰਿਹਾ ਹੈ। ਸੂਬੇ ’ ਕਈ ਥਾਈਂ ਮਕਾਨ ਅਤੇ ਸਾਧਨ ਪਾਣੀ ’ਚ ਰੁੜ੍ਹ ਗਏ।
ਹਿਮਾਚਲ ਦੇ ਸ਼ਿਮਲਾ ’ਚ ਕਈ ਇਲਾਕਿਆਂ ’ਚ ਢਿੱਗਾਂ ਡਿੱਗੀਆਂ ਹਨ। ਕਈ ਥਾਵਾਂ ’ਤੇ ਕਾਰਾਂ ਮਲਬੇ ਹੇਠ ਦੱਬ ਗਈਆਂ ਹਨ। ਮੰਡੀ ’ਚ ਇੰਨੀ ਜ਼ਿਆਦਾ ਮੀਂਹ ਪਿਆ ਕਿ ਸ਼ਹਿਰ ਜਲ-ਥਲ ਹੋ ਗਿਆ ਹੈ। ਚੰਬਾ ਜ਼ਿਲ੍ਹੇ ਦੇ ਚੋਵਾੜੀ ਨੇੜੇ ਢਿੱਗਾਂ ਡਿੱਗਣ ਕਾਰਨ 40 ਸਾਧਨ ’ਚ ਸਵਾਰ 100 ਦੇ ਕਰੀਬ ਲੋਕ ਉੱਥੇ ਫਸੇ ਹੋਏ ਹਨ।