ਜ਼ਿਲ੍ਹੇ ਦੇ 21 ਸੇਵਾ ਕੇਂਦਰਾਂ ਤੋਂ ਨਾਗਰਿਕਾਂ ਨੂੰ 429 ਵੱਖ-ਵੱਖ ਸੇਵਾਵਾਂ ਕਰਵਾਈਆਂ ਜਾ ਰਹੀਆਂ ਮੁਹੱਈਆ : ਡਿਪਟੀ ਕਮਿਸ਼ਨਰ (Government Schemes)
(ਰਜਨੀਸ਼ ਰਵੀ) ਫਾਜ਼ਿਲਕਾ। ਸਰਕਾਰ ਵੱਲੋਂ ਨਾਗਰਿਕਾਂ ਨੂੰ ਪਾਰਦਰਸ਼ੀ, ਸਮਾਂਬੱਧ ਅਤੇ ਸੁਖਾਵੇਂ ਮਾਹੌਲ ਵਿਚ 429 ਤਰ੍ਹਾਂ ਦੀਆਂ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹੇ ਅੰਦਰ 21 ਸੇਵਾ ਕੇਂਦਰ ਚੱਲ ਰਹੇ ਹਨ ਜੋ ਕਿ ਆਮ ਲੋਕਾਂ ਲਈ ਕਾਫੀ ਕਾਰਗਰ ਸਿੱਧ ਹੋ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਸੇਵਾ ਕੇਂਦਰਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਦਰਸ਼ਾਉਂਦਾ ਪੋਸਟਰ ਰਿਲੀਜ਼ ਕਰਨ ਮੌਕੇ ਕੀਤਾ। (Government Schemes)
ਇਹ ਵੀ ਪੜ੍ਹੋ : ਕਿਸਾਨਾਂ ਨੇ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਫਿਰੋਜ਼ਪੁਰ-ਫ਼ਾਜ਼ਿਲਕਾ ਰੋਡ ਕੀਤਾ ਜਾਮ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਅਸਾਨ ਤਰੀਕੇ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਤੋਂ ਵੀ ਪੁੱਛ-ਗਿੱਛ ਦੀ ਲੋੜ ਨਾ ਪਵੇ। ਉਹ ਸੇਵਾ ਕੇਂਦਰ ਵਿਖੇ ਲਗੇ ਇਕੋ ਬੈਨਰ ਹੇਠ ਵੱਖ-ਵੱਖ ਸਕੀਮਾਂ ਤੋਂ ਜਾਣੂ ਹੋਣ ’ਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਹਾਸਲ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦੀ ਖਜਲ-ਖੁਆਰੀ ਘਟੇਗੀ ਤੇ ਬੈਨਰ ਅਨੇਕਾ ਸਕੀਮਾਂ ਤੋਂ ਜਾਣੂ ਹੋ ਕੇ ਇਸ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਟਾਈਪ-1 ਸੇਵਾ ਕੇਂਦਰ ਵਿੱਚ 1 ਸੈਂਟਰ, ਟਾਈਪ-2 ਸੇਵਾ ਕੇਂਦਰ ਵਿੱਚ 6 ਸੈਂਟਰ ਅਤੇ ਟਾਈਪ-3 ਸੇਵਾ ਕੇਂਦਰ ਵਿੱਚ 14 ਸੈਂਟਰ ਹਨ।
ਪੋਸਟਰ ’ਤੇ ਵੱਖ-ਵੱਖ ਸੇਵਾਵਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ.ਟੀ.ਸੀ. ਸ੍ਰੀ ਮਨੀਸ਼ ਠਕਰਾਲ ਅਤੇ ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸ੍ਰ. ਗਗਨਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਅਨੁਸਾਰ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਵਿੱਚ ਇਹ ਬੈਨਰ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬੈਨਰ ’ਤੇ ਆਧਾਰ ਕਰਡ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਮਾਲ ਵਿਭਾਗ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਲੇਬਰ ਵਿਭਾਗ, ਪ੍ਰਸੋਨਲ ਵਿਭਾਗ, ਪਾਵਰ ਵਿਭਾਗ, ਟਰਾਂਸਪੋਰਟ ਵਿਭਾਗ, ਸੈਨੀਟੇਸ਼ਨ ਵਿਭਾਗ, ਸਾਂਝ ਵਿਭਾਗ ਆਦਿ ਹੋਰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਬਾਰੇ ਵੇਰਵੇ ਸਹਿਤ (Government Schemes) ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੇਵਾ ਕੇਂਦਰ ਵੱਲੋਂ ਕਿਓ.ਆਰ. ਕੋਡ ਵੀ ਤਿਆਰ ਕੀਤਾ ਹੋਇਆ ਹੈ ਜਿਸ ਤੋਂ ਸੇਵਾ ਕੇਂਦਰਾਂ ਵਿਖੇ ਮੁਹੱਈਆ ਕਰਵਾਈਆਂ ਜ਼ਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।