ਹਲਕੇ ਦੀਆਂ ਬਾਕੀ ਮੰਗਾਂ ਵੀ ਪੂਰੀਆਂ ਕਰਨ ਦਾ ਕੀਤਾ ਐਲਾਨ | Bhagwant Singh Maan
ਬੁਢਲਾਡਾ (ਸੁਖਜੀਤ ਮਾਨ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁਢਲਾਡਾ ਵਿਖੇ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕਰਨ ਮਗਰੋਂ ਅਨਾਜ ਮੰਡੀ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੁਢਲਾਡਾ ਹਲਕੇ ਲਈ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਕਿਉਂਕਿ ਬੁਢਲਾਡਾ ਮੰਡੀ ਉਹਨਾਂ ਲਈ ਨਵੀਂ ਨਹੀਂ ਉਹ ਇੱਥੇ ਹੀ ਨਰਮਾ ਲੈ ਕੇ ਆਉਂਦੇ ਸੀ। ਸਾਡੀ ਦਾਤੀਆਂ-ਕਹੀਆਂ ਦੀ ਸਾਂਝ ਹੈ ਇਸ ਲਈ ਸਮੱਸਿਆਵਾਂ ਵੀ ਇੱਕੋ ਜਿਹੀਆਂ ਹਨ। ਕਿਸੇ ਨੇ ਹੱਲ ਨਹੀਂ ਕੀਤੀਆਂ ਤਾਂ ਆਪ ਹੀ ਰਾਜਨੀਤੀ ਵਿੱਚ ਆ ਗਏ ਜਿਸਨੂੰ ਲੋਕਾਂ ਨੇ ਖੂਬ ਹੁੰਗਾਰਾ ਦਿੱਤਾ ਤਾਂ ਵੱਡੇ -ਵੱਡੇ ਲੀਡਰਾਂ ਦੀਆਂ ਜਮਾਨਤਾਂ ਜ਼ਬਤ ਕਰਵਾ ਦਿੱਤੀਆਂ।
ਉਹਨਾਂ ਕਿਹਾ ਕਿ ਹਾਰਨ ਵਾਲਿਆਂ ਨੂੰ ਲੱਗਦਾ ਸੀ ਕਿ ਆਪ ਸਰਕਾਰ ਸਾਲ ਨਹੀਂ ਪੂਰਾ ਕਰਦੀ, ਇਹ ਬਿਜਲੀ ਨਹੀਂ ਦੇ ਸਕਦੇ, ਨੌਕਰੀਆਂ ਨਹੀਂ ਦੇ ਸਕਦੇ ਪਰ ਅਸੀਂ ਸਭ ਕੁਝ ਦੇ ਰਹੇ ਹਾਂ। ਉਹਨਾਂ ਕਿਹਾ ਕਿ ਹੁਣ ਇਹ ਕਹਿੰਦੇ ਨੇ ਕਿ 2 ਸਾਲ ਨਹੀਂ ਪੂਰੇ ਕਰ ਸਕਦੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਲੋਕ 20 ਸਾਲ ਪੂਰੇ ਕਰਵਾਉਣਗੇ। ਉਹਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਟਿੱਪਣੀ ਕੀਤੀ ਸੀ ਕਿ ਮੋਬਾਇਲ ਰਿਪੇਅਰ ਕਰਨ ਵਾਲੇ ਆ ਗਏ ਪਰ ਇਹ ਨਹੀਂ ਪਤਾ ਕਿ ਦਿਮਾਗ ਰਿਪੇਅਰ ਵਾਲੇ ਵੀ ਇਹੀ ਹਨ। ਖੇਤੀ ਸੈਕਟਰ ਲਈ ਬਿਜਲੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦਾ ਸੀਜਨ ਹੈ ਜਿਸ ਲਈ ਬਿਜਲੀ ਖਾਤਰ ਕੋਲਾ 52 ਦਿਨ ਦਾ ਪਿਆ ਅਤੇ ਬਿਜਲੀ 8-8 ਘੰਟੇ ਦੀ ਥਾਂ 10-10 ਘੰਟੇ ਆਵੇਗੀ।
ਇਹ ਵੀ ਪੜ੍ਹੋ : ਲਾਈਸੇਂਸੀ ਹਥਿਆਰ ਨਾਲ ਖੁਦ ਨੂੰ ਗੋਲੀ ਮਾਰ ਕੇ ਵਿਅਕਤੀ ਵੱਲੋਂ ਖੁਦਕੁਸ਼ੀ
ਉਹਨਾਂ ਕਿਹਾ ਕਿ ਪਹਿਲਾਂ ਬਣਦੇ ਮੁੱਖ ਮੰਤਰੀਆਂ ਦੇ ਏਜੰਡੇ ਤੇ ਲੋਕ ਨਹੀਂ ਸੀ ਇਸ ਕਰਕੇ ਉਹ ਸਿਰਫ ਵੋਟਾਂ ਵੇਲੇ ਹੀ ਆਉਂਦੇ ਸੀ ਪਰ ਜੇ ਮੈਂ ਦੋ ਦਿਨ ਲੋਕਾਂ ਵਿੱਚ ਨਾ ਜਾਵਾਂ ਤਾਂ ਔਖਾ ਹੋ ਜਾਂਦਾ ਹਾਂ ਇਸ ਕਰਕੇ ਪ੍ਰੋਗਰਾਮਾਂ ਵਿੱਚ ਜਾਂਦਾ ਰਹਿੰਦਾ ਹਾਂ। ਉਹਨਾਂ ਕਿਹਾ ਕਿ ਮੈਂ ਰੋਜਾਨਾ 3 ਜਾਂ 4 ਬਟਨ ਦੱਬ ਕੇ ਪ੍ਰੋਜੈਕਟਾਂ ਦਾ ਉਦਘਾਟਨ ਕਰ ਦਿੰਦਾ ਹਾਂ ਤੇ ਸੋਚਦਾ ਹਾਂ ਕਿ ਇਹ ਬਟਨ ਦੱਬਣ ਜੋਗਾ ਲੋਕਾਂ ਨੇ ਕੀਤਾ ਇਸ ਲਈ ਤੁਸੀਂ ਇੱਕ ਵਾਰ ਬਟਨ ਦੱਬਿਆ ਪਰ ਮੈਂ 5 ਸਾਲ ਪੰਜਾਬ ਦੀ ਤਰੱਕੀ ਲਈ ਬਟਨ ਦੱਬਦਾ ਰਹਾਂਗਾ। ਉਹਨਾਂ ਕਿਹਾ ਕਿ ਨਵਾਂ ਡੈਮ ਬਣਾਇਆ ਜਾ ਰਿਹਾ ਹੈ, ਨਹਿਰਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ, ਤਾਂ ਜੋ ਧਰਤੀ ਹੇਠਲੇ ਪਾਣੀ ਦੀ ਥਾਂ ਖੇਤਾਂ ਵਿੱਚ ਨਹਿਰੀ ਪਾਣੀ ਵਰਤਿਆ ਜਾਵੇ।
ਉਹਨਾਂ ਬੁਢਲਾਡਾ ਦੀ ਅੰਦਰਲੀ ਅਨਾਜ ਮੰਡੀ ਨੂੰ ਵੀ ਸ਼ਹਿਰ ਤੋਂ ਬਾਹਰ ਲਿਜਾਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਡਾਕਟਰ ਭਰਤੀ ਕੀਤੇ ਜਾ ਰਹੇ ਹਨ ਇਸ ਲਈ ਬੋਹਾ-ਬਰੇਟਾ ਵਿੱਚ ਵੀ ਉਹੀ ਸਹੂਲਤਾਂ ਮਿਲਣਗੀਆਂ ਜੋ ਪਟਿਆਲਾ-ਲੁਧਿਆਣਾ ਜਾਂ ਪੀਜੀਆਈ ਵਿੱਚ ਮਿਲਦੀਆਂ ਹਨ। ਫਾਇਰ ਬਿਰਗੇਡ ਦੀ ਗੱਡੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੋ ਗੱਡੀ ਨਿਊਯਾਰਕ ਵਿੱਚ ਵਰਤੀ ਜਾਂਦੀ ਹੈ ਉਹੋ ਜਿਹੀ ਗੱਡੀ ਇੱਕ ਮਹੀਨੇ ਵਿੱਚ ਬੁਢਲਾਡਾ ਨੂੰ ਮਿਲ ਜਾਵੇਗੀ। ਇਸ ਤੋਂ ਇਲਾਵਾ ਵਿਕਾਸ ਕਾਰਜਾਂ ਲਈ ਮੰਗੇ 50 ਕਰੋੜ ਲਈ ਮੁੱਖ ਮੰਤਰੀ ਨੇ ਕਿਹਾ ਕਿ 21 ਕਰੋੜ ਪਹਿਲਾਂ ਦੇ ਦੇਵਾਂਗੇ ਤੇ 21 ਖਰਚਣ ਤੋਂ ਬਾਅਦ ਵਿੱਚ 31 ਫਿਰ ਦੇਵਾਂਗੇ।
ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸੰਬੋਧਨ ਕਰਦਿਆਂ ਜਚਾ-ਬੱਚਾ ਹਸਪਤਾਲ ਦਾ ਉਦਘਾਟਨ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀ ਕੈਬਨਿਟ ਵੱਲੋਂ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਦੀ ਖ਼ਤਮ ਹੋਈ ਬਹਾਰ ਮੁੜ ਆ ਰਹੀ ਹੈ।
ਇਹ ਵੀ ਪੜ੍ਹੋ : ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਵਿਦਿਆਰਥੀ ਦੀ ਮੌਤ
ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਜੋ ਮੰਗ ਮੁੱਖ ਮੰਤਰੀ ਤੱਕ ਲੈ ਕੇ ਜਾਂਦੇ ਹਾਂ ਤਾਂ ਝੱਟ ਪੂਰੀ ਕਰ ਦਿੰਦੇ ਹਨ। ਉਹਨਾਂ ਨਹਿਰੀ ਪਾਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪ ਸਰਕਾਰ ਦੀ ਬਦੌਲਤ ਬੋਹਾ ਵਾਲੀ ਨਹਿਰ ਬਣੀ ਹੈ ਤੇ 10 ਕਰੋੜ ਦੀ ਲਾਗਤ ਨਾਲ ਨਹਿਰੀ ਮੋਘੇ ਬਣ ਰਹੇ ਹਨ। ਉਹਨਾਂ ਖੇਤਾਂ ਨੂੰ ਪਾਣੀ ਲਿਜਾਣ ਲਈ ਪੱਕੇ ਖਾਲੇ ਬਣਾਉਣ ਲਈ ਫੰਡਾਂ ਦੀ ਮੰਗ ਵੀ ਕੀਤੀ। ਬੁੱਧ ਰਾਮ ਨੇ ਕਿਹਾ ਕਿ ਪਹਿਲਾਂ ਸਰਕਾਰ ਦਾ ਪੈਸਾ ਸਹੀ ਥਾਂ ਨਹੀਂ ਲੱਗਦਾ ਸੀ ਇਸ ਕਰਕੇ ਭ੍ਰਿਸਟਾਚਾਰ ਖਿਲਾਫ਼ ਮੁਹਿੰਮ ਤਹਿਤ 300 ਜਣਿਆਂ ਨੂੰ ਅੰਦਰ ਕਰ ਦਿੱਤਾ।
ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਉਹਨਾਂ ਦੇ ਜ਼ਿਲ੍ਹੇ ਵਿੱਚ ਡਾਕਟਰਾਂ ਦੀ ਕਮੀ ਹੈ ਇਸ ਲਈ ਡਾਕਟਰਾਂ ਦੀ ਕਮੀ ਦੂਰ ਕੀਤੀ ਜਾਵੇ। ਉਹਨਾਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀ ਬਦੋਲਤ ਹੀ ਸਾਡੇ ਟੇਲਾਂ ‘ਤੇ ਪੈਂਦੇ ਖੇਤਾਂ ਤੱਕ ਪਹਿਲੀ ਵਾਰ ਨਹਿਰੀ ਪਾਣੀ ਪੁੱਜਿਆ ਹੈ, ਜਿਸਦੇ ਸਿੱਟੇ ਵਜੋਂ ਕਿਸਾਨਾਂ ਨੇ ਨਰਮੇ ਨੂੰ ਨਹਿਰੀ ਪਾਣੀ ਲਾਇਆ ਅਤੇ ਝੋਨੇ ਦੀ ਪਨੀਰੀ ਨਹਿਰੀ ਪਾਣੀ ਨਾਲ ਬੀਜੀ।