World Blood Donor Day : ਸਮੇਂ ਦੇ ਹਰ ਪਲ ਵਾਂਗ ਖੂਨ ਦੀ ਹਰ ਬੂੰਦ ਅਨਮੋਲ

World Blood Donor Day
World Blood Donor Day

ਵਿਸ਼ਵ ਖੂਨਦਾਨੀ ਦਿਵਸ ’ਤੇ ਵਿਸ਼ੇਸ਼ | World Blood Donor Day

ਸਹੀ ਸਮੇਂ ’ਤੇ ਖੂਨ ਨਾ ਮਿਲਣ ਕਾਰਨ ਦੁਨੀਆ ’ਚ ਬਹੁਤ ਸਾਰੇ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਕਈ ਪਰਿਵਾਰ ਅਜਿਹੇ ਹਨ ਜੋ ਪੈਸੇ ਦੀ ਘਾਟ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸਤੇਦਾਰਾਂ ਦੀ ਜਾਨ ਬਚਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਸੰਕਟਕਾਲੀਨ ਸਥਿਤੀਆਂ ’ਚ, ਮੁਫਤ ਖੂਨਦਾਨ ਕਰਕੇ ਦੂਜਿਆਂ ਦੀ ਜਾਨ ਬਚਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ, ਬਹੁਤ ਘੱਟ ਲੋਕ ਜਾਣਦੇ ਹਨ ਕਿ ਵਿਸ਼ਵ ਸਿਹਤ ਸੰਗਠਨ ਨੇ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਵਜੋਂ ਕਿਉਂ ਚੁਣਿਆ ਹੈ।

ਦਰਅਸਲ, ਵਿਸ਼ਵ ਖੂਨਦਾਨ ਦਿਵਸ ਵਿਗਿਆਨ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਗਿਆਨੀ ਕਾਰਲ ਲੈਂਡਸਟਾਈਨਰ ਦੀ ਯਾਦ ਵਿੱਚ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਮਹਾਨ ਵਿਗਿਆਨੀ ਕਾਰਲ ਲੈਂਡਸਟੀਨਰ ਦਾ ਜਨਮ 14 ਜੂਨ 1868 ਨੂੰ ਹੋਇਆ ਸੀ।

ਮਹੱਤਵਪੂਰਨ ਯੋਗਦਾਨ | World Blood Donor Day

ਉਨ੍ਹਾਂ ਨੇ ਮਨੁੱਖੀ ਖੂਨ ਵਿੱਚ ਮੌਜੂਦ ਐਗਲੂਟਿਨਿਨ ਦੀ ਮੌਜ਼ੂਦਗੀ ਦੇ ਅਧਾਰ ’ਤੇ ਖੂਨ ਦੇ ਸੈੱਲਾਂ ਦੇ ਏ, ਬੀ ਤੇ ਓ ਸਮੂਹਾਂ ਦੀ ਪਛਾਣ ਕੀਤੀ। ਖੂਨ ਦੇ ਇਸ ਵਰਗੀਕਰਨ ਨੇ ਮੈਡੀਕਲ ਵਿਗਿਆਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਸ ਖੋਜ ਲਈ, ਮਹਾਨ ਵਿਗਿਆਨੀ ਕਾਰਲ ਲੈਂਡਸਟੀਨਰ ਨੂੰ ਸਾਲ 1930 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਦੀ ਇਸ ਖੋਜ ਸਦਕਾ ਅੱਜ ਕਰੋੜਾਂ ਤੋਂ ਵੱਧ ਲੋਕ ਖੂਨਦਾਨ ਕਰਦੇ ਹਨ ਤੇ ਇਸ ਕਾਰਨ ਲੱਖਾਂ ਜਾਨਾਂ ਬਚ ਜਾਂਦੀਆਂ ਹਨ। ਖੂਨ ਦੇਣ ਨਾਲ ਖੂਨ ਲੈਣ ਵਾਲੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰੇ ’ਤੇ ਕੁਦਰਤੀ ਮੁਸਕਾਨ ਆਉਂਦੀ ਹੈ।

ਵਿਸ਼ਵ ਖੂਨਦਾਨੀ ਦਿਵਸ ’ਤੇ ਵਿਸ਼ੇਸ਼ | World Blood Donor Day

ਕਾਰਲ ਲੈਂਡਸਟੀਨਰ ਦੁਆਰਾ ਖੂਨ ਦੇ ਸਮੂਹਾਂ ਦੀ ਖੋਜ ਕਰਨ ਤੋਂ ਪਹਿਲਾਂ ਤੱਕ, ਬਿਨਾਂ ਗਰੁੱਪ ਦੀ ਜਾਣਕਾਰੀ ਦੇ ਖੂਨ ਚੜ੍ਹਾਇਆ ਜਾਂਦਾ ਸੀ। ਬਿਨਾਂ ਜਾਣਕਾਰੀ ਦੇ ਖੂਨ ਚੜ੍ਹਾਉਣਾ ਬਹੁਤੀ ਵਾਰ ਘਾਤਕ ਸਿੱਧ ਹੋ ਜਾਂਦਾ ਸੀ। 2005 ਵਿੱਚ, ਵਿਸ਼ਵ ਸਿਹਤ ਸੰਗਠਨ, ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ ਨੇ ਪਹਿਲੀ ਵਾਰ ਵਿਸ਼ਵ ਖੂਨਦਾਨ ਦਿਵਸ ਮਨਾਇਆ। ਵਿਸ਼ਵ ਖੂਨਦਾਨ ਦਿਵਸ 2023 ਦਾ ਥੀਮ ਹੈ ‘‘ਖੂਨ ਦਿਓ, ਪਲਾਜਮਾ ਦਿਓ, ਜੀਵਨ ਸਾਂਝਾ ਕਰੋ, ਅਕਸਰ ਸਾਂਝਾ ਕਰੋ’’।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਇਸ ਸਾਲ ਦੀ ਥੀਮ ਪਲਾਜ਼ਮਾ ਅਤੇ ਖੂਨਦਾਨ ਕਰਕੇ ਜੀਵਨ ਬਚਾਉਣ ਦੇ ਸੰਦੇਸ਼ ਨੂੰ ਫੈਲਾਉਣ ’ਤੇ ਕੇਂਦਰਿਤ ਹੈ। ਵਿਸ਼ਵ ਖੂਨਦਾਨ ਦਿਵਸ ’ਤੇ, ਦੁਨੀਆ ਦੇ ਕਈ ਖੇਤਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਸ ਦਿਨ ਕਈ ਹਸਪਤਾਲਾਂ ਵਿੱਚ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ ਜਾਂਦਾ ਹੈ ਤੇ ਖੂਨਦਾਨ ਕਰਨ ਦੀ ਪ੍ਰਕਿਰਿਆ ਬਾਰੇ ਸਹੀ ਸਿੱਖਿਆ ਦਿੱਤੀ ਜਾਂਦੀ ਹੈ। ਖੂਨਦਾਨ ਕਿਸ ਨੂੰ ਕਰਨਾ ਚਾਹੀਦਾ ਹੈ ਅਤੇ ਕਿਸ ਨੂੰ ਨਹੀਂ ਕਰਨਾ ਚਾਹੀਦਾ, ਬਾਰੇ ਵੀ ਸਹੀ ਜਾਣਕਾਰੀ ਇਸ ਦਿਨ ਡਾਕਟਰਾਂ ਅਤੇ ਸੋਸ਼ਲ ਵਰਕਰਾਂ ਵੱਲੋਂ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਅਨੁਪ੍ਰਿਤਾ ਜੌਹਲ ਨੇ ਏ.ਡੀ.ਸੀ. ਦਿਹਾਤੀ ਵਿਕਾਸ ਦਾ ਅਹੁਦਾ ਸੰਭਾਲਿਆ

ਅੰਕੜਿਆਂ ਮੁਤਾਬਕ ਭਾਰਤ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਖੂਨਦਾਨ ਦੇ ਮਾਮਲੇ ’ਚ ਕਾਫੀ ਪਿੱਛੇ ਹੈ। ਇਸ ਕੜੀ ਨੂੰ ਤੋੜਨ ਲਈ ਇਸ ਖੂਨਦਾਨ ਦਿਵਸ ਦਾ ਮੁੱਖ ਉਦੇਸ਼ ਖੂਨਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਨਾਲ ਸਬੰਧਤ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਹੈ। ਲੋੜਵੰਦ ਵਿਅਕਤੀ ਦੀ ਖੂਨ ਦੀ ਲੋੜ ਨੂੰ ਹਰ ਹਾਲਤ ਵਿੱਚ ਪੂਰਾ ਕਰਨ ਲਈ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਣਾ ਚਾਹੀਦਾ ਹੈ।

ਖੂਨਦਾਨ ਦੀ ਇਹ ਮੁਹਿੰਮ ਹਰ ਸਾਲ ਲੱਖਾਂ ਜਾਨਾਂ ਬਚਾਉਂਦੀ ਹੈ ਅਤੇ ਖੂਨ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਨਵੀਂ ਜ਼ਿੰਦਗੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਚਿਹਰੇ ’ਤੇ ਕੁਦਰਤੀ ਮੁਸਕਾਨ ਪ੍ਰਦਾਨ ਕਰਦੀ ਹੈ। ਕੋਈ ਵੀ ਸਿਹਤਮੰਦ ਬਾਲਗ ਮਰਦ ਅਤੇ ਔਰਤ (18-65 ਸਾਲ) ਖੂਨਦਾਨ ਕਰ ਸਕਦਾ ਹੈ। ਮਰਦ ਹਰ 3 ਮਹੀਨਿਆਂ ਬਾਅਦ ਸੁਰੱਖਿਅਤ ਢੰਗ ਨਾਲ ਖੂਨਦਾਨ ਕਰ ਸਕਦੇ ਹਨ ਜਦਕਿ ਔਰਤਾਂ ਹਰ 4 ਮਹੀਨਿਆਂ ਬਾਅਦ ਸੁਰੱਖਿਅਤ ਢੰਗ ਨਾਲ ਖੂਨਦਾਨ ਕਰ ਸਕਦੀਆਂ ਹਨ।

ਖੂਨਦਾਨ ਕਰਕੇ ਨਵੀਂ ਜ਼ਿੰਦਗੀ ਮਿਲਦੀ

ਕਿੰਨੇ ਹੀ ਲੋਕਾਂ ਨੂੰ ਖੂਨਦਾਨ ਕਰਕੇ ਨਵੀਂ ਜ਼ਿੰਦਗੀ ਮਿਲਦੀ ਹੈ। ਕਿਸੇ ਦੇ ਖੂਨਦਾਨ ਕਰਨ ਨਾਲ ਕਿਸੇ ਹੋਰ ਦੇ ਘਰ ਖੁਸ਼ੀਆਂ ਆਉਂਦੀਆਂ ਹਨ। ਪਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿੱਚ ਅੱਜ ਵੀ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਖੂਨਦਾਨ ਸਰੀਰ ਨੂੰ ਕਮਜ਼ੋਰ ਬਣਾਉਂਦਾ ਹੈ। ਖੂਨਦਾਨ ਕਰਨ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਇੰਨਾ ਹੀ ਨਹੀਂ, ਇੱਕ ਗਲਤ ਧਾਰਨਾ ਇਹ ਵੀ ਹੈ ਕਿ ਨਿਯਮਿਤ ਖੂਨਦਾਨ ਕਰਨ ਨਾਲ ਲੋਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਘਟ ਜਾਂਦੀ ਹੈ ਅਤੇ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਇਹ ਭੰਬਲਭੂਸਾ ਇਸ ਤਰ੍ਹਾਂ ਫੈਲਿਆ ਹੋਇਆ ਹੈ ਕਿ ਲੋਕ ਖੂਨਦਾਨ ਕਰਨ ਤੋਂ ਕੰਨੀ ਕਤਰਾਉਂਦੇ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਖੂਨਦਾਨ ਨਾ ਕਰਨ ਦੀ ਸਲਾਹ ਦੇਣ ਲੱਗ ਜਾਂਦੇ ਹਨ। ਖੂਨਦਾਨ ਕਰਨਾ ਮਨੁੱਖਤਾ ਲਈ ਕੀਤਾ ਗਿਆ ਮਹਾਨ ਕਾਰਜ ਹੈ, ਪਰ ਜਿਸ ਤਰ੍ਹਾਂ ਤੁਹਾਨੂੰ ਖੂਨਦਾਨ ਕਰਨ ਦੀ ਯੋਗਤਾ ਜਾਣਨ ਦੀ ਜਰੂਰਤ ਹੈ, ਉਸੇ ਤਰ੍ਹਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਬਲੱਡ ਗਰੁੱਪ ਕਿਸ ਬਲੱਡ ਗਰੁੱਪ ਦੇ ਵਿਅਕਤੀ ਨੂੰ ਦਿੱਤਾ ਜਾ ਸਕਦਾ ਹੈ। ਆਓ ਜਾਣਦੇ ਹਾਂ…

  • A+ ਬਲੱਡ ਗਰੁੱਪ ਵਾਲਾ ਵਿਅਕਤੀ A+ ਅਤੇ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਖੂਨ ਦਾਨ ਕਰ ਸਕਦਾ ਹੈ।
  • A- ਬਲੱਡ ਗਰੁੱਪ ਵਾਲਾ ਦਾਨੀ ਆਪਣਾ ਖੂਨ A+, AB+, A- ਅਤੇ B- ਬਲੱਡ ਗਰੁੱਪ ਵਾਲੇ ਲੋਕਾਂ ਨੂੰ ਖੂਨ ਦੇ ਸਕਦਾ ਹੈ।
  • B+ ਬਲੱਡ ਗਰੁੱਪ ਵਾਲਾ ਵਿਅਕਤੀ B+ ਅਤੇ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਆਪਣਾ ਖੂਨ ਦਾਨ ਕਰ ਸਕਦਾ ਹੈ।
  • B- ਬਲੱਡ ਗਰੁੱਪ ਵਾਲਾ ਦਾਨੀ B-, B+, AB- ਅਤੇ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਦਾਨ ਕਰ ਸਕਦਾ ਹੈ।
  • O+ ਬਲੱਡ ਗਰੁੱਪ ਵਾਲਾ ਵਿਅਕਤੀ A+, B+, AB+ ਅਤੇ O+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਖੂਨ ਦਾਨ ਕਰ ਸਕਦਾ ਹੈ।
  • O- ਬਲੱਡ ਗਰੁੱਪ ਵਾਲਾ ਦਾਨੀ ਕਿਸੇ ਵੀ ਬਲੱਡ ਗਰੁੱਪ ਵਾਲੇ ਵਿਅਕਤੀ ਨੂੰ ਦਾਨ ਕਰ ਸਕਦਾ ਹੈ। ਇਸ ਲਈ ਇਸ ਬਲੱਡ ਗਰੁੱਪ ਨੂੰ ਯੂਨੀਵਰਸਲ ਡੋਨਰ ਕਿਹਾ ਜਾਂਦਾ ਹੈ।
  • AB+ ਬਲੱਡ ਗਰੁੱਪ ਵਾਲਾ ਵਿਅਕਤੀ ਆਪਣਾ ਖੂਨ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਦਾਨ ਕਰ ਸਕਦਾ ਹੈ। AB+ ਵਾਲਾ ਵਿਅਕਤੀ ਕਿਸੇ ਤੋਂ ਵੀ ਖੂਨ ਲੈ ਸਕਦਾ ਹੈ। ਇਸ ਲਈ ਇਸ ਬਲੱਡ ਗਰੁੱਪ ਨੂੰ ਯੂਨੀਵਰਸਲ ਅਸੈਪਟਰ ਕਿਹਾ ਜਾਂਦਾ ਹੈ।
  • AB- ਬਲੱਡ ਗਰੁੱਪ ਵਾਲਾ ਦਾਨੀ AB- ਅਤੇ AB+ ਬਲੱਡ ਗਰੁੱਪ ਵਾਲੇ ਨੂੰ ਦਾਨ ਕਰ ਸਕਦਾ ਹੈ।

ਖੂਨਦਾਨ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਅਸੀਂ ਕਿਸੇ ਹੋਰ ਦੀ ਜਾਨ ਬਚਾਉਣ ਲਈ ਆਪਣਾ ਯੋਗਦਾਨ ਪਾਉਂਦੇ ਹਾਂ। ਖੂਨਦਾਨ ਕਰਨ ਦੇ ਬਹੁਤ ਸਾਰੇ ਫਾਇਦੇ ਹਨ, ਜਿਵੇਂ- ਇਹ ਕਾਰਡੀਓਵੈਸਕੁਲਰ (ਦਿਲ ਦੀ) ਸਿਹਤ ਵਿੱਚ ਸੁਧਾਰ ਕਰਦਾ ਹੈ। ਖੂਨਦਾਨ ਦਿਲ ਦੇ ਦੌਰੇ ਦੇ ਖਤਰੇ ਨੂੰ ਘਟਾਉਂਦਾ ਹੈ। ਖੂਨਦਾਨ ਕਰਨ ਨਾਲ ਖੂਨ ਦੇ ਥੱਕੇ ਨਹੀਂ ਬਣਦੇ, ਖੂਨ ਕੁਝ ਹੱਦ ਤੱਕ ਪਤਲਾ ਹੋ ਜਾਂਦਾ ਹੈ ਤੇ ਦਿਲ ਦੇ ਦੌਰੇ ਦਾ ਖਤਰਾ ਘਟ ਜਾਂਦਾ ਹੈ। ਸਰੀਰ ਵਿੱਚ ਆਕਸੀਜਨ ਦੀ ਸਪਲਾਈ ਸਹੀ ਢੰਗ ਨਾਲ ਹੁੰਦੀ ਹੈ।

World Blood Donor Day

ਖੂਨਦਾਨ ਤੁਹਾਡਾ ਭਾਰ ਘਟਾਉਣ ਵਿੱਚ ਵੀ ਮੱਦਦ ਕਰਦਾ ਹੈ। ਇਸ ਲਈ ਸਾਲ ਵਿੱਚ ਘੱਟੋ-ਘੱਟ ਦੋ ਵਾਰ ਖੂਨਦਾਨ ਕਰੋ। ਖੂਨਦਾਨ ਕਰਨ ਨਾਲ ਕੈਲੋਰੀ ਅਤੇ ਚਰਬੀ ਜ਼ਲਦੀ ਬਰਨ ਹੁੰਦੀ ਹੈ। ਖੂਨਦਾਨ ਕਰਨ ਨਾਲ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰੋਲ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ, ਜਿਸ ਨਾਲ ਸਾਡਾ ਸਰੀਰ ਸਿਹਤਮੰਦ ਰਹਿੰਦਾ ਹੈ। ਖੂਨਦਾਨ ਕਰਨ ਨਾਲ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ। ਸਰੀਰ ’ਚ ਆਇਰਨ ਦੀ ਜ਼ਿਆਦਾ ਮਾਤਰਾ ਲੀਵਰ ’ਤੇ ਦਬਾਅ ਪਾਉਂਦੀ ਹੈ। ਇਸ ਦੇ ਨਾਲ ਹੀ ਖੂਨਦਾਨ ਕਰਨ ਨਾਲ ਆਇਰਨ ਦੀ ਮਾਤਰਾ ਵੀ ਸੰਤੁਲਿਤ ਹੋ ਜਾਂਦੀ ਹੈ। ਖੂਨ ਦਾ ਸੰਚਾਰ ਸਹੀ ਢੰਗ ਨਾਲ ਹੁੰਦਾ ਹੈ ਜਿਸ ਨਾਲ ਹਾਰਟ ਅਟੈਕ ਤੋਂ ਬਚਾਅ ਹੁੰਦਾ ਹੈ। ਜਦੋਂ ਤੁਸੀਂ ਖੂਨਦਾਨ ਕਰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਨਵੇਂ ਟਿਸ਼ੂ ਬਣਦੇ ਹਨ, ਜਿਸ ਨਾਲ ਤੁਸੀਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹੋ।

ਇਹ ਵੀ ਪੜ੍ਹੋ : ਹਰਿਆਣਾ ‘ਚ ਕਿਸਾਨਾਂ ਨੇ ਗੱਡੇ ਟੈਂਟ, ਕੀਤਾ ਹਾਈਵੇਅ ਜਾਮ

ਇਸ ਵਿਚ ਕੋਈ ਸ਼ੱਕ ਨਹੀਂ ਕਿ ਖੂਨਦਾਨ (World Blood Donor Day) ਕਰਨ ਨਾਲ ਤੁਹਾਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ਭਾਵ ਤੁਸੀਂ ਅੰਦਰੋਂ ਚੰਗਾ ਮਹਿਸੂਸ ਕਰੋਗੇ। ਤੁਹਾਨੂੰ ਆਪਣੇ-ਆਪ ’ਤੇ ਮਾਣ ਹੋਵੇਗਾ ਕਿਉਂਕਿ ਤੁਸੀਂ ਕਿਸੇ ਦੀ ਜਾਨ ਬਚਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੇ ਹੋ। ਖੂਨਦਾਨ ਇੱਕ ਮਹਾਨ ਦਾਨ ਹੈ। ਹੌਲੀ-ਹੌਲੀ ਲੋਕ ਇਸ ਦੀ ਮਹੱਤਤਾ ਨੂੰ ਸਮਝਣ ਲੱਗੇ ਹਨ ਤੇ ਖੂਨਦਾਨ ਪ੍ਰਤੀ ਜਾਗਰੂਕਤਾ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ। ਫਿਰ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਜੇ ਵੀ ਖੂਨਦਾਨ ਕਰਨ ਤੋਂ ਡਰਦੇ ਹਨ। ਇਸ ਲਈ ਉਨ੍ਹਾਂ ਨੂੰ ਜਾਗਰੂਕ ਕਰਨਾ ਸਾਡਾ ਫਰਜ਼ ਹੈ। ਜੇਕਰ ਲੋਕ ਸੇਵਾ ਕਰਨੀ ਹੈ ਤਾਂ ਖੂਨਦਾਨ ਇੱਕ ਉੱਤਮ ਸੇਵਾ ਹੈ।

ਲੈਕਚਰਾਰ ਲਲਿਤ ਗੁਪਤਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੱਖੋਵਾਲ (ਲੁਧਿਆਣਾ)
ਮੋ. 97815-90500