ਰੋਹਤਾਸ। ਬਿਹਾਰ ਦੇ ਰੋਹਤਾਸ ਜ਼ਿਲੇ ‘ਚ ਸੋਨ ਨਦੀ ‘ਤੇ ਬਣੇ ਪੁਲ ਦੇ ਦੋ ਖੰਭਿਆਂ ਵਿਚਕਾਰ ਫਸੇ 12 ਸਾਲਾ ਲੜਕੇ ਰੰਜਨ ਕੁਮਾਰ ਦੀ ਮੌਤ ਹੋ ਗਈ। 25 ਘੰਟਿਆਂ ਤੋਂ ਵੱਧ ਚੱਲੇ ਰੈਸਕਿਊ ਅਪਰੇਸ਼ਨ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ। NDRF ਅਤੇ SDRF ਦੇ 3 ਅਧਿਕਾਰੀਆਂ ਅਤੇ 35 ਜਵਾਨਾਂ ਨੇ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਵੀ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ। ਬੱਚੇ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। (Bihar Rescue Operation)
ਜਿਕਰਯੋਗ ਹੈ ਕਿ ਬੁੱਧਵਾਰ ਸਵੇਰੇ 11 ਵਜੇ ਪਿਲਰਜ਼ ਗੈਪ ‘ਤੇ ਬੱਚੇ ਨੂੰ ਫਸਿਆ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਸ਼ਾਮ 4 ਵਜੇ ਤੋਂ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ। ਇਸ ਬਚਾਅ ਕਾਰਜ ਲਈ 35 ਤੋਂ ਵੱਧ ਜਵਾਨ ਤੇ NDRF ਅਤੇ SDRF ਦੇ ਅਧਿਕਾਰੀ ਜੁਟੇ ਸਨ। ਲੰਬੀ ਬਾਂਸ ਦੀ ਮੱਦਦ ਨਾਲ ਰੰਜਨ ਤੱਕ ਭੋਜਨ ਪਹੁੰਚਾਇਆ ਗਿਆ। ਪਾਈਪ ਰਾਹੀਂ ਆਕਸੀਜਨ ਦਿੱਤੀ ਜਾਂਦੀ ਸੀ। ਇਸ ਦੌਰਾਨ ਪਹਿਲੇ ਖੰਭੇ ‘ਚ ਤਿੰਨ ਫੁੱਟ ਚੌੜਾ ਸੁਰਾਖ ਬਣਾਇਆ ਗਿਆ ਸੀ ਪਰ ਫਿਰ ਤੋਂ ਬਚਾਅ ‘ਚ ਦਿੱਕਤ ਆਈ। ਫਿਰ ਸ਼ਾਮ 5 ਵਜੇ ਦੇ ਕਰੀਬ ਸਲੈਬ ਤੋੜ ਕੇ ਬਾਹਰ ਕੱਢਿਆ ਗਿਆ। ਜਿੱਥੇ ਉਸ ਨੂੰ ਹਸਪਤਾਲ ਲਿਜਾਇਆ ਤੇ ਡਾਕਟਰ ਨੇ ਉਸ ਦਾ ਚੈਕਅੱਪ ਕਰਨ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ।
ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ ਬੱਚਾ (Bihar Rescue Operation)
ਰੰਜਨ ਕੁਮਾਰ ਪਿੰਡ ਖੀਰਿਆਵ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਸ਼ਤਰੂਘਨ ਪ੍ਰਸਾਦ ਨੇ ਦੱਸਿਆ ਕਿ ਬੇਟਾ ਮਾਨਸਿਕ ਤੌਰ ‘ਤੇ ਕਮਜ਼ੋਰ ਸੀ। ਉਹ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ। ਉਹ ਲਗਾਤਾਰ ਤਲਾਸ਼ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕਬੂਤਰ ਫੜਨ ਗਿਆ ਸੀ। ਇਸ ਦੌਰਾਨ ਫਸ ਗਿਆ। ਬੁੱਧਵਾਰ ਦੁਪਹਿਰ ਨੂੰ ਇਕ ਔਰਤ ਨੇ ਪੁਲ ‘ਤੇ ਰੋਂਦੇ ਬੱਚੇ ਨੂੰ ਫਸਿਆ ਦੇਖਿਆ। ਇਸ ਤੋਂ ਬਾਅਦ ਉਸ ਨੇ ਪਰਿਵਾਰ ਨੂੰ ਸੂਚਿਤ ਕੀਤਾ। ਮੌਕੇ ‘ਤੇ ਮੌਜੂਦ ਭੀੜ ਨੇ ਪਹਿਲਾਂ ਆਪਣੇ ਪੱਧਰ ‘ਤੇ ਫਸੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਬਾਹਰ ਨਾ ਨਿਕਲ ਸਕੇ ਤਾਂ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ।