ਕਾਬੁਲ। ਅਫ਼ਗਾਨਿਸਤਾਨ ਦੇ ਉੱਤਰੀ ਇਲਾਕੇ ’ਚ ਦੋ ਵੱਖ-ਵੱਖ ਮਾਮਲਿਆਂ ’ਚ ਪ੍ਰਾਇਮਰੀ ਸਕੂਲ ਦੀਆਂ 90 ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੀਆਂ ਲੜਕੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਲਾਕੇ ਦੇ ਸਿੱਖਿਆ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਗਸਤ 2021 ’ਚ ਤਾਲਿਬਾਨ ਸੱਤਾ ’ਚ ਆਉਣ ਤੋਂ ਬਾਅਦ ਇਹ ਪਹਿਲਾ ਅਜਿਹਾ ਮਾਮਲਾ ਹੈ।
ਤਾਲਿਬਾਨ ਪਹਿਲਾਂ ਹੀ ਦੇਸ਼ ’ਚ ਲੜਕੀਆਂ ਨੂੰ ਛੇਵੀਂ ਜਮਾਤ ਤੋਂ ਅੱਗੇ ਪੜ੍ਹਾਈ ਕਰਨ ’ਤੇ ਰੋਕ ਲਾ ਚੁੱਕਾ ਹੈ। ਜਿਨ੍ਹਾਂ ਸਕੂਲਾਂ ’ਚ ਲੜਕੀਆਂ ਨੂੰ ਜ਼ਹਿਰ ਦਿੱਤਾ ਗਿਆ ਹੈ ਉਹ ਅਫ਼ਗਾਨਿਸਤਾਨ ਦੇ ਸਰ-ਏ-ਪੁਲ ਪ੍ਰਾਂਤ ’ਚ ਹਨ। ਦੋਵੇਂ ਸਕੂਲ ਨੇੜੇ ਨੇੜੇ ਦੱਸੇ ਜਾ ਰਹੇ ਹਨ। ਇੱਕ ਤੋਂ ਬਾਅਦ ਇੱਕ ਇਨ੍ਹਾਂ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਸਾਜਿਸ਼ ਦੇ ਤਹਿਤ ਦਿੱਤਾ ਗਿਆ ਜ਼ਹਿਰ
ਸਰ ਏ ਪੁਲ ਦੇ ਐਜ਼ੂਕੇਸ਼ਨ ਡਿਪਾਰਟਮੈਂਟ ਦੇ ਅਧਿਕਾਰੀ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਸ਼ੁਰੂਆਤੀ ਜਾਂਚ ’ਚ ਇਹ ਕਿਸੇ ਦੀ ਸਾਜਿਸ਼ ਲੱਗ ਰਹੀ ਹੈ। ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਲੜਕੀਆਂ ਨੂੰ ਕਿਵੇਂ ਜ਼ਹਿਰ ਦਿੱਤਾ ਗਿਆ ਹੈ। ਨਾ ਹੀ ਇਸ ਗੱਲ ਦੀ ਕੋਈ ਜਾਣਕਾਰੀ ਮਿਲੀ ਹੈ ਕਿ ਲੜਕੀਆਂ ਦੀ ਉਮਰ ਕਿੰਨੀ ਹੈ ਅਤੇ ਉਹ ਕਿਹੜੀ ਕਲਾਸ ਵਿੱਚ ਪੜ੍ਹਦੀਆਂ ਹਨ।
ਇਹ ਵੀ ਪੜ੍ਹੋ : ਰੇਲ ਹਾਦਸੇ ਤੋਂ 48 ਘੰਟਿਆਂ ਬਾਅਦ ਨੌਜਵਾਨ ਜ਼ਿੰਦਾ ਮਿਲਿਆ
ਅਫ਼ਗਾਨਿਸਤਾਨ ’ਚ 2015 ’ਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਸਨ। ਉਦੋਂ ਹੈਰਾਤ ਪ੍ਰਾਂਤ ’ਚ ਸਕੂਲ ਦੀਆਂ 600 ਬੱਚੀਆਂ ਨੂੰ ਜ਼ਹਿਰ ਦਿੱਤਾ ਗਿਆ ਸੀ। ਉਦੋਂ ਵੀ ਕਿਸੇ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਸੀ। ਹਾਲਾਂਕਿ ਉਸ ਸਮੇਂ ਕਈ ਮਾਨਵਅਧਿਕਾਰ ਸੰਗਠਨਾਂ ਨੇ ਤਾਲਿਬਾਨ ਨੂੰ ਘਟਨਾ ਦਾ ਜ਼ਿੰਮੇਵਾਰ ਠਹਿਰਾਇਆ ਸੀ।
ਤਾਲਿਬਾਨ ਦੁਨੀਆਂ ਤੋਂ ਮੰਗ ਰਿਹੈ ਮਾਨਤਾ
ਘਟਨਾ ਉਦੋਂ ਹੋਈ ਜਦੋਂ 4 ਦਦਿਨ ਪਹਿਲਾਂ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਨੇ ਦੁਨੀਆਂ ਦੇ ਕਈ ਦੇਸ਼ਾਂ ਤੋਂ ਉਸ ਨੂੰ ਮਾਨਤਾ ਦੇਣ ਦੀ ਗੱਲ ਕਹੀ ਹੈ। ਇਸੇ ਸਿਲਸਿਲੇ ’ਚ ਗੱਲਬਾਤ ਲਈ ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਥਾਨੀ 12 ਮਈ ਨੂੰ ਅਫ਼ਗਾਨਿਸਤਾਨ ਦੇ ਕੰਧਾਰ ਗਏ ਸਨ। ਥਾਨੀ ਨੇ ਅਫ਼ਗਾਨ ਤਾਲਿਬਾਨ ਦੇ ਸੁਪਰੀਮ ਲੀਡਰ ਹੈਬੁਤੁੱਲਾਹ ਅਖੁੰਦਜਾਦਾ ਨਾਲ ਕੰਧਾਰ ’ਚ ਸੀਕ੍ਰੇਟ ਮੀਟਿੰਗ ਕੀਤੀ ਸੀ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਸਾਹਮਣੇ ਆਈ।