28 ਸਾਲਾਂ ਦੇ ਲੰਮੇ ਵਕਫੇ ਮਗਰੋਂ ਲੰਬੀ ’ਚੋਂ ਕੋਈ ਗੈਰ-ਅਕਾਲੀ ਮੰਤਰੀ

Lambi
ਚੰਡੀਗੜ੍ਹ : ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਨੂੰ ਕੈਬਨਿਟ ਮੰਤਰੀ ਵਜੋਂ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ;ਚੁਕਾਉਂਦੇ ਹੋਏ ਪੰਜਾਬ ਦੇ ਰਾਜਪਾਲ।

ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿਚ ਵਿਧਾਨ ਸਭਾ ਹਲਕਾ ਲੰਬੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤਂੋ ਚੋਣ ਲੜ ਕੇ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਪਹਿਲੀ ਵਾਰ ਵਿਧਾਇਕ ਬਣਨ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਦੀ ਵਜ਼ਾਰਤ ’ਚ ਲਏ ਜਾਣ ਕਰਕੇ ਹਲਕਾ ਲੰਬੀ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਹਲਕਾ ਲੰਬੀ ਵਿਚ ਪਿਛਲੇ ਕਰੀਬ 28 ਸਾਲਾਂ ਤੋਂ ਕੋਈ ਗੈਰ ਅਕਾਲੀ ਕੈਬਨਿਟ ਮੰਤਰੀ ਬਣਿਆ ਹੈ।

ਇਸ ਤੋਂ ਪਹਿਲਾਂ ਸੰਨ 1992 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਸਵ: ਬੇਅੰਤ ਸਰਕਾਰ ਬਣੀ ਸੀ, ਤਾਂ ਉਸ ਸਮੇਂ ਹਲਕਾ ਲੰਬੀ ਤੋਂ ਸੰਨ 1992 ਵਿਚ ਕਾਂਗਰਸੀ ਵਿਧਾਇਕ ਸਵ: ਗੁਰਨਾਮ ਸਿੰਘ ਅਬੁੱਲਖੁਰਾਣਾ ਚੁਣੇ ਗਏ ਸਨ। ਫਿਰ ਸੰਨ 1995 ਵਿਚ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਦਿਹਾਂਤ ਤੋਂ ਬਾਅਦ ਜਦੋਂ ਹਰਚਰਨ ਸਿੰਘ ਬਰਾੜ ਪੰਜਾਬ ਦੇ ਮੁੱਖ ਮੰਤਰੀ ਬਣੇ, ਤਾਂ ਉਸ ਸਰਕਾਰ ਵਿੱਚ ਗੁਰਨਾਮ ਸਿੰਘ ਅਬੁੱਲਖੁਰਾਣਾ ਨੂੰ ਪੰਚਾਇਤੀ ਰਾਜ ਮੰਤਰੀ ਬਣਾਇਆ ਗਿਆ ਸੀ।

ਪਹਿਲਾਂ ਹੀ ਲਾਇਆ ਸੀ ਅੰਦਾਜ਼ਾ | Lambi

ਜਦੋਂ 16 ਮਾਰਚ 2022 ਨੂੰ ਪੰਜਾਬ ਸਰਕਾਰ ਨੇ ਆਪਣਾ ਕੰਮ ਕਾਜ ਸ਼ੁਰੂ ਕੀਤਾ ਸੀ ਤਾਂ, ਉਸ ਸਮੇਂ ਲੋਕਾਂ ਦਾ ਇਹ ਅੰਦਾਜਾ ਸੀ ਕਿ ਗੁਰਮੀਤ ਸਿੰਘ ਖੁੱਡੀਆਂ ਨੂੰ ਪੱਕਾ ਹੀ ਮੰਤਰੀ ਬਣਾਇਆ ਜਾ ਸਕਦਾ, ਕਿਉਂਕਿ ਇਨ੍ਹਾਂ ਨੇ ਪੰਜਾਬ ਦੇ ਪੰਜ ਵਾਰ ਰਹਿ ਚੁੱਕੇ ਮੁੱਖ ਮੰਤਰੀ ਅਤੇ ਹਲਕਾ ਲੰਬੀ ਤੋਂ ਲਗਾਤਾਰ ਪੰਜ ਵਾਰ ਵਿਧਾਇਕ ਬਣਨ ਵਾਲੇ ਸਵ: ਪਰਕਾਸ਼ ਸਿੰਘ ਬਾਦਲ ਨੂੰ ਹਰਾਇਆ ਹੈ। ਪਰ ਜਦੋਂ ਹਲਕਾ ਮਲੋਟ ਤੋਂ ਵਿਧਾਇਕ ਬਣੀ ਡਾ: ਬਲਜੀਤ ਕੌਰ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਤਾਂ ਸ੍ਰੀ ਖੁੱਡੀਆਂ ਦੀ ਵਜ਼ੀਰੀ ਦੇ ਕਿਆਸ ਮੱਠੇ ਪਏ ਗਏ ਸਨ ਜੇਕਰ ਗੁਰਮੀਤ ਸਿੰਘ ਖੁੱਡੀਆਂ ਦੇ ਸਿਆਸੀ ਜੀਵਨ ’ਤੇ ਝਾਤ ਮਾਰੀਏ ਤਾਂ ਉਹ ਜੁਲਾਈ 2021 ਵਿੱਚ ਆਪ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ।

ਕਾਂਗਰਸ ਹਾਈ ਕਮਾਂਡ ਤੋਂ ਸੀ ਉਮੀਦ

ਇਸ ਤੋਂ ਪਹਿਲਾਂ ਉਹ ਸੰਨ 2004 ਤੋਂ ਕਾਂਗਰਸ ਨਾਲ ਜੁੜੇ ਹੋਏ ਸਨ। ਸੰਨ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਕਾਂਗਰਸ ਹਾਈ ਕਮਾਂਡ ਤੋਂ ਬੜੀ ਉਮੀਦ ਸੀ ਕਿ ਉਨ੍ਹਾਂ ਨੂੰ ਹਲਕਾ ਲੰਬੀ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ, ਤੇ ਇਸ ਦੇ ਲਈ ਉਨ੍ਹਾਂ ਬਕਾਇਦਾ ਆਪਣੀ ਤਿਆਰੀ ਵੀ ਹਲਕੇ ਅੰਦਰ ਲੋਕਾਂ ਨਾਲ ਮਿਲਣੀਆਂ ਕਰਕੇ ਵਿੱਢ ਦਿੱਤੀ ਸੀ। ਪਰ ਐਨ ਮੌਕੇ ’ਤੇ ਜਦੋਂ ਅਮਰਿੰਦਰ ਸਿੰਘ ਨੇ ਹਲਕਾ ਲੰਬੀ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਤਾਂ, ਲੰਬੀ ਹਲਕੇ ਤੋਂ ਚੋਣ ਲੜਨਾ ਇਨ੍ਹਾਂ ਵਾਸਤੇ ਸੁਫਨਾ ਬਣਕੇ ਰਹਿ ਗਿਆ। ਉਸ ਸਮੇਂ ਗੁਰਮੀਤ ਸਿੰਘ ਖੁੱਡੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਕਵਰਿੰਗ ਉਮੀਦਵਾਰ ਬਣਾਇਆ ਗਿਆ।

ਇਹ ਵੀ ਪੜ੍ਹੋ : ਕੁਲਦੀਪ ਸਿੰਘ ਧਾਲੀਵਾਲ ਦਾ ਕੱਦ ਘਟਿਆ, ਲਾਲਜੀਤ ਭੁੱਲਰ ’ਤੇ ਮੁੱਖ ਮੰਤਰੀ ਹੋਏ ਮਿਹਰਬਾਨ

ਇਸ ਤੋਂ ਬਾਅਦ 2017 ਵਿਚ ਬਣੀ ਕਾਂਗਰਸ ਸਰਕਾਰ ਦੌਰਾਨ ਸ੍ਰ: ਖੁੱਡੀਆਂ ਚੇਅਰਮੈਨ ਦੇ ਅਹੁਦੇ ਲਈ ਵੀ ਮਜ਼ਬੂਤ ਦਾਅਵੇਦਾਰ ਸਨ। ਉਹ ਪੰਜ ਸਾਲ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਦੇ ਪ੍ਰਧਾਨ ਵੀ ਰਹੇ। ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਨਤੀਜਿਆਂ ਵਿਚ ਅਕਾਲੀ ਦਲ ਦੇ ਦਿੱਗਜ ਨੇਤਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ 11396 ਵੋਟਾਂ ਦੇ ਫਰਕ ਨਾਲ ਹਰਾਕੇ ਲੋਕਾਂ ਦੇ ਸਾਰੇ ਅੰਦਾਜਿਆਂ ਨੂੰ ਫੇਲ੍ਹ ਕਰ ਦਿੱਤਾ ਸੀ।