ਵਿਨੀਪੈਗ ’ਚ ਕੁਸ਼ਤੀ ਦੇ ਜੌਹਰ ਦਿਖਾਏਗਾ ਪਿੰਡ ਚਾਉਕੇ ਦਾ ਪਹਿਲਵਾਨ ਗੁਰਸੇਵਕ ਸਿੰਘ

Wrestler Gursevak Singh
ਪਹਿਲਵਾਨ ਗੁਰਸੇਵਕ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ 2 ਲੱਖ ਰੁਪਏ ਤੇ ਸਨਮਾਨ ਪੱਤਰ ਦੇ ਕੀਤਾ ਸਨਮਾਨਿਤ ਕਰਦੇ ਹੋਏ।

ਮੁੱਖ ਮੰਤਰੀ ਭਗਵੰਤ ਮਾਨ ਨੇ 2 ਲੱਖ ਰੁਪਏ ਤੇ ਸਨਮਾਨ ਪੱਤਰ ਦੇ ਕੀਤਾ ਸਨਮਾਨਿਤ

(ਸੁਖਜੀਤ ਮਾਨ) ਬਠਿੰਡਾ। ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਨ੍ਹਾਂ ਉਪਰਾਲਿਆਂ ਤਹਿਤ ਜ਼ਿਲ੍ਹੇ ਦੇ ਪਿੰਡ ਚਾਉਂਕੇ ਦਾ ਪਹਿਲਵਾਨ ਗੁਰਸੇਵਕ ਸਿੰਘ (Wrestler Gursevak Singh) ਕੁਸ਼ਤੀ ਮੁਕਾਬਲਿਆਂ ਵਿੱਚ ਮੱਲ੍ਹਾ ਮਾਰ ਕੇ ਆਪਣੇ ਮਾਤਾ-ਪਿਤਾ, ਪਿੰਡ, ਜ਼ਿਲ੍ਹੇ ਤੇ ਪੰਜਾਬ ਦਾ ਨਾਮ ਚਮਕਾ ਰਿਹਾ ਹੈ। ਇਸ ਪਹਿਲਵਾਨ ਦੀਆਂ ਪ੍ਰਾਪਤੀਆਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਸ ਨੂੰ 2 ਲੱਖ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੁੰਬਈ ਦੇ ਜੇਤੂ ਰੱਥ ਨੂੰ ਰੋਕਣ ਉਤਰੇਗਾ ਲਖਨਊ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਭਲਵਾਨ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ 2 ਲੱਖ ਰੁਪਏ ਦੀ ਨਗਦ ਰਾਸ਼ੀ ਇਨਾਮ ਤੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਗੁਰਸੇਵਕ ਸਿੰਘ ਨੇ ਸਾਲ 2022’ਚ ਗੁਜਰਾਤ ਵਿਖੇ ਹੋਈਆਂ ਖੇਡਾਂ ਸੀਨੀਅਰ ਨੈਸ਼ਨਲ ਗੇਮਜ਼ ’ਚ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਆਪਣੇ ਨਾਂਅ ਕੀਤਾ ਹੈ।

Wrestler Gursevak Singh
ਪਹਿਲਵਾਨ ਗੁਰਸੇਵਕ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ 2 ਲੱਖ ਰੁਪਏ ਤੇ ਸਨਮਾਨ ਪੱਤਰ ਦੇ ਕੀਤਾ ਸਨਮਾਨਿਤ ਕਰਦੇ ਹੋਏ।

ਜ਼ਿਲ੍ਹੇ ਦੇ ਪਿੰਡ ਚਾਉਂਕੇ ਦੇ ਵਸਨੀਕ ਪਿਤਾ ਸੁਖਪਾਲ ਸਿੰਘ ਅਤੇ ਮਾਤਾ ਭੁਪਿੰਦਰ ਕੌਰ ਦੀ ਕੁੱਖੋਂ 10-7-1996 ਨੂੰ ਜਨਮੇ ਪਹਿਲਵਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਮੌਜੂਦਾ ਸਮੇਂ ਬਾਰਡਰ ਸਕਿਊਰਟੀ ਫੋਰਸ (ਬੀਐਸਫ਼) ਵਿਖੇ ਨੌਕਰੀ ਕਰ ਰਿਹਾ ਹੈ। ਉਹ ਬਚਪਨ ਤੋਂ ਹੀ ਖੇਡਾਂ ਵਿਚ ਰੁਚੀ ਰੱਖਦਾ ਸੀ।

12 ਮੱਝਾਂ-ਝੋਟੀਆਂ ਅਤੇ ਕਈ ਤੋਲੇ ਸੋਨੇ ਦੇ ਜਿੱਤ ਚੁੱਕਾ ਹੈ ਗੁਰਸੇਵਕ ਸਿੰਘ (Wrestler Gursevak Singh)

ਕੁਸ਼ਤੀ ਖੇਡ ਵਿੱਚ ਉਹ ਹੁਣ ਤੱਕ ਆਪਣੀ ਮਿਹਨਤ ਤੇ ਲਗਨ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਅਨੇਕਾਂ ਮੈਡਲ ਪ੍ਰਾਪਤ ਕਰ ਚੁੱਕਾ ਹੈ। ਇਸ ਹੋਣਹਾਰ ਪਹਿਲਵਾਨ ਨੇ ਹੋਰ ਦੱਸਿਆ ਕਿ ਉਹ ਆਪਣੀ ਕੁਸ਼ਤੀ ਦੇ ਜੌਹਰ ਦਿਖਾ ਕੇ ਹੁਣ ਤੱਕ 9 ਵਾਰ ਗੋਲਡ ਮੈਡਲਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ’ਚ ਹੋਈਆਂ ਖੇਡਾਂ ਦੌਰਾਨ 5 ਵਾਰ ਬੁਲਟ ਤੇ 10 ਵਾਰ ਛੋਟੇ ਮੋਟਰਸਾਈਕਲ, 12 ਮੱਝਾਂ-ਝੋਟੀਆਂ ਅਤੇ ਕਈ ਤੋਲੇ ਸੋਨੇ ਦੇ ਜਿੱਤ ਚੁੱਕਾ ਹੈ।

ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਜੁਲਾਈ ਤੇ ਅਗਸਤ 2023 ਦੌਰਾਨ ਵਰਲਡ ਪੁਲਿਸ ਗੇਮਜ਼ ’ਚ ਕੈਨੇਡਾ ਦੇ ਸ਼ਹਿਰ ਵਿਨੀਪੈਗ ’ਚ ਹੋਣ ਵਾਲੇ ਕੁਸ਼ਤੀ ਮੁਕਾਬਲਿਆਂ ’ਚ ਆਪਣੀ ਕੁਸ਼ਤੀ ਦੇ ਕਰਤੱਵ ਦਿਖਾਵੇਗਾ। ਪਿੰਡ ਚਾਉਕੇ ਦੇ ਸਰਕਾਰੀ ਸਕੂਲ ’ਚ 5ਵੀਂ ਤੱਕ ਅਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਤੋਂ ਆਪਣੀ ਪੜ੍ਹਾਈ ਕੀਤੀ। ਸਾਲ 2005 ਤੋਂ ਭਲਵਾਨੀ ਕਰ ਰਹੇ ਗੁਰਸੇਵਕ ਸਿੰਘ ਨੇ ਭਾਰਤ ਦੇ ਵੱਖ-ਵੱਖ ਖੇਡ ਮੈਦਾਨਾਂ ਚ ਆਪਣੀ ਸਖ਼ਤ ਮਿਹਨਤ ਨਾਲ ਖਿਡਾਰੀਆਂ ਨੂੰ ਹਰਾ ਕੇ ਲੋਹਾ ਮਨਵਾਇਆ ਹੈ।

ਗੁਰਸੇਵਕ ਨੇ ਸਾਲ 2008 ’ਚ ਤਰਨਤਾਰਨ ਵਿਖੇ ਕੁਸ਼ਤੀ ਦੇ ਜਲਵੇ ਦਿਖਾਏ

ਗੁਰਸੇਵਕ ਦਾ ਕਹਿਣਾ ਹੈ ਕਿ ਉਸ ਨੇ ਸਾਲ 2008 ’ਚ ਤਰਨਤਾਰਨ ਵਿਖੇ ਹੋਈਆਂ ਕੁਸ਼ਤੀ ਖੇਡਾਂ ਚ ਅੰਡਰ-17 ਵਿੱਚ ਆਪਣੀ ਕੁਸ਼ਤੀ ਦੇ ਜਲਵੇ ਦਿਖਾਏ ਜਿਸ ਵਿੱਚ ਉਹ ਪੰਜਾਬ ’ਚੋਂ ਦੂਜੇ ਨੰਬਰ ਤੇ ਰਹੇ। ਇਸ ਉਪਰੰਤ ਉਹ ਦਿੱਲੀ ਵਿਖੇ ਹੋਈਆਂ ਖੇਡਾਂ ਸਕੂਲ ਨੈਸ਼ਨਲ ਚੋਂ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ।

ਇਸੇ ਤਰ੍ਹਾਂ ਸਾਲ 2010 ਅੰਡਰ-17 ਚ ਸਰਸਾ (ਹਰਿਆਣਾ) ਵਿਖੇ ਹੋਈਆਂ ਪੇਂਡੂ ਖੇਡਾਂ ’ਚੋਂ ਸੋਨ ਤਮਗਾ ਜਿੱਤ ਕਿ ਪਹਿਲੇ ਸਥਾਨ ’ਤੇ ਆਇਆ। Wrestler Gursevak Singh

ਗੁਰਸੇਵਕ ਸਿੰਘ ਨੇ ਹੋਰ ਦੱਸਿਆ ਕਿ ਸਾਲ 2011 ਅਤੇ 2013 ’ਚ ਦਿੱਲੀ ਵਿਖੇ ਹੋਈਆਂ ਅੰਡਰ-19 ਸਕੂਲ ਨੈਸ਼ਨਲ ਖੇਡਾਂ ’ਚੋਂ ਵੀ ਪਹਿਲੇ ਸਥਾਨ ‘ਤੇ ਆ ਕੇ ਸੋਨ ਤਮਗਾ ਆਪਣੇ ਨਾਂਅ ਕੀਤਾ। ਸਾਲ 2012 ’ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁਰਸਿੰਘ ਵਿਖੇ ਹੋਈਆਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ’ਚ ਪਹਿਲੇ ਸਥਾਨ ਰਹੇ। ਇਸ ਮੌਕੇ ਉਨ੍ਹਾਂ 1 ਲੱਖ ਰੁਪਏ ਦੀ ਨਕਦ ਰਾਸ਼ੀ ਦਾ ਇਨਾਮ ਪ੍ਰਾਪਤ ਕੀਤਾ।

ਗੁਰਸੇਵਕ ਸਿੰਘ ਦੇ ਕੰਨਿਆ ਕੁਮਾਰੀ ਤੱਕ ਚਰਚੇ

ਇਸੇ ਤਰ੍ਹਾਂ ਗੁਰਸੇਵਕ ਸਿੰਘ ਸਾਲ 2013 ’ਚ ਕੰਨਿਆ ਕੁਮਾਰੀ ਵਿਖੇ ਹੋਈਆਂ ਸਬ ਜੂਨੀਅਰ ਖੇਡਾਂ ’ਚ ਪਹਿਲੇ ਨੰਬਰ ’ਤੇ ਰਹਿ ਕੇ ਸੋਨ ਤਮਗਾ ਜਿੱਤਿਆ। ਇਸੇ ਸਾਲ ਦੌਰਾਨ ਉਹ ਸਬ ਜੂਨੀਅਰ ਏਸ਼ੀਆ ਚੈਪੀਅਨਸ਼ਿਪ ਕੁਸ਼ਤੀ ’ਚ ਦੂਸਰੇ ਨੰਬਰ ਤੇ ਰਿਹਾ ਅਤੇ ਸਬ ਜੂਨੀਅਰ ਵਰਲਡ ਚੈਂਪੀਅਨਸ਼ਿਪ ’ਚ ਵੀ ਹਿੱਸਾ ਲੈਂਦਿਆਂ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ।

ਪੰਜਾਬ ਕੇਸਰੀ ਦਾ ਖਿਤਾਬ ਵੀ ਕਰ ਚੁੱਕਿਆ ਆਪਣੇ ਨਾਂਅ

ਪਹਿਲਵਾਨ ਗੁਰਸੇਵਕ ਸਿੰਘ ਨੇ ਸਾਲ 2014 ’ਚ ਸਬ ਜੂਨੀਅਰ ਕੁਸ਼ਤੀ ਖੇਡ ਵਿੱਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਆਪਣੇ ਨਾਂਅ ਕੀਤਾ। ਇਸੇ ਤਰ੍ਹਾਂ ਸਾਲ 2014-15 ਦੌਰਾਨ ਗੜ੍ਹਸ਼ੰਕਰ ਵਿਖੇ ਹੋਏ ਕੁਸ਼ਤੀ ਮੁਕਾਬਲੇ ਦੌਰਾਨ ‘ਪੰਜਾਬ ਕੇਸਰੀ’ ਦਾ ਖਿਤਾਬ ਆਪਣੇ ਸਿਰ ਸਜਾਇਆ। ਇਹ ਪਹਿਲਵਾਨ ਗੁਰਸੇਵਕ ਸਿੰਘ ਦੀਆਂ ਪ੍ਰਾਪਤੀਆਂ ਦੀਆਂ ਕੁੱਝ ਉਦਾਹਰਨਾਂ ਹੀ ਹਨ ਇਸ ਤੋਂ ਇਲਾਵਾ ਵੀ ਉਸਨੇ ਵੱਖ-ਵੱਖ ਥਾਈਂ ਹੋਏ ਮੁਕਾਬਲਿਆਂ ’ਚੋਂ ਤਮਗੇ ਹਾਸਿਲ ਕੀਤੇ ਹਨ।

ਖੇਡਾਂ ਨਾਲ ਜੁੜਨ ਨੌਜਵਾਨ : ਗੁਰਸਵੇਕ ਸਿੰਘ (Wrestler Gursevak Singh)

ਪਹਿਲਵਾਨ ਗੁਰਸੇਵਕ ਸਿੰਘ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਵੀ ਸਖਤ ਮਿਹਨਤ ਅਤੇ ਲਗਨ ਨਾਲ ਖੇਡਾਂ ਨਾਲ ਜੁੜਨ। ਉਸਨੇ ਕਿਹਾ ਕਿ ਖੇਡਾਂ ਰਾਹੀਂ ਨੌਜਵਾਨ ਆਪਣੇ ਮਾਤਾ-ਪਿਤਾ, ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਦੁਨੀਆਂ ਦੇ ਨਕਸ਼ੇ ਤੇ ਲਿਆ ਸਕਦੇ ਹਨ।