ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਜਲੰਧਰ ਲੋਕ ਸਭਾ ਦੇ ਵੋਟਰਾਂ ਦਾ ਕੀਤਾ ਧੰਨਵਾਦ
(ਅਸ਼ਵਨੀ ਚਾਵਲਾ) ਚੰਡੀਗੜ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਕਿਸੇ ਵੀ ਤਰਾਂ ਦੀ ਗੜਬੜੀ ਜਾਂ ਫਿਰ ਹਿੰਸਾ ਦੇ ਦੋਸ਼ ਤੋਂ ਚੋਣ ਕਮਿਸ਼ਨ ਵੱਲੋਂ ਨਕਾਰ ਦਿੱਤਾ ਗਿਆ ਹੈ। (Jalandhar Election) ਚੋਣ ਕਮਿਸ਼ਨ ਵੱਲੋਂ ਇਸ ਜ਼ਿਮਨੀ ਚੋਣ ਨੂੰ ਸਮੁੱਚੇ ਤੌਰ ’ਤੇ ਸ਼ਾਂਤੀ ਪੂਰਵਕ ਕਰਾਰ ਦਿੰਦੇ ਹੋਏ ਵੋਟਰਾਂ ਦਾ ਧੰਨਵਾਦ ਤੱਕ ਕਰ ਦਿੱਤਾ ਗਿਆ ਹੈ। ਜਲੰਧਰ ਲੋਕ ਸਭਾ ਸੀਟ ’ਤੇ ਸ਼ਾਮ 5 ਵਜੇ ਤੱਕ 50.05 ਫੀਸਦੀ ਵੋਟਿੰਗ ਹੋਈ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਲੰਧਰ ਲੋਕ ਸਭਾ ਸੀਟ ਦੇ ਲੋਕਾਂ ਵੱਲੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਉਨਾਂ ਦਾ ਧੰਨਵਾਦ ਕੀਤਾ।
ਉਨਾਂ ਕਿਹਾ ਕਿ ਚੋਣ ਕਮਿਸ਼ਨ ਦਾ ਧਿਆਨ ਸ਼ਾਂਤੀ ਪੂਰਵਕ ਢੰਗ ਨਾਲ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ‘ਤੇ ਕੇਂਦਰਤ ਸੀ। ਉਨਾਂ ਕਿਹਾ ਕਿ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵੱਧ ਤੋਂ ਵੱਧ ਵੋਟਰਾਂ ਨੇ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। (Jalandhar Election)
ਇਹ ਵੀ ਪੜ੍ਹੋ : ਆਪ ਦੇ ਬਾਹਰੋਂ ਆਏ ਆਗੂ ਨੂੰ ਵੱਟੋ ਵੱਟ ਭਜਾਉਂਦੇ ਰਹੇ ਕਾਂਗਰਸ ਤੇ ਦੂਜੀਆਂ ਧਿਰਾਂ ਦੇ ਆਗੂ
ਸਿਬਿਨ ਸੀ ਨੇ ਜਲੰਧਰ ਲੋਕ ਸਭਾ ਸੀਟ ’ਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਜ਼ਿਮਨੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰਨ ਲਈ ਸਾਰੇ ਪੋਲਿੰਗ ਕਰਮਚਾਰੀਆਂ, ਸੁਰੱਖਿਆ ਕਰਮੀਆਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਉਨਾਂ ਨੇ ਬੂਥ ਲੈਵਲ ਅਫਸਰਾਂ (ਬੀ.ਐਲ.ਓ.), ਲੋਕ ਨਿਰਮਾਣ ਵਿਭਾਗ ਦੇ ਕੋਆਰਡੀਨੇਟਰਾਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਪਿੰਡ ਦੇ ਚੌਕੀਦਾਰਾਂ ਦਾ ਵੀ ਚੋਣ ਪ੍ਰਕਿਰਿਆ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ।
ਵਿਧਾਇਕ ਬਾਹਰੀ ਹੋਣ ਕਰਕੇ ਕੀਤਾ ਗਿਆ ਸੀ ਗਿ੍ਰਫ਼ਤਾਰ
ਕਾਂਗਰਸ ਪਾਰਟੀ ਦੀ ਸ਼ਿਕਾਇਤ ‘ਤੇ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਜਲੰਧਰ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਜਲੰਧਰ ਵਿੱਚ ਕੋਈ ਵੀ ਬਾਹਰੀ ਵਿਅਕਤੀ ਦੇ ਆਉਣ ’ਤੇ ਲਗੀ ਰੋਕ ਦੇ ਚਲਦੇ ਹੀ ਦਲਬੀਰ ਸਿੰਘ ਟੌਂਗ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਪਰ ਕੁਝ ਹੀ ਦੇਰ ਵਿੱਚ ਜ਼ਮਾਨਤ ’ਤੇ ਰਿਹਾ ਕਰਦੇ ਹੋਏ ਜਲੰਧਰ ਲੋਕ ਸਭਾ ਤੋਂ ਬਾਹਰ ਕਰ ਦਿੱਤਾ ਗਿਆ। ਹਾਲਾਂਕਿ ਇਸ ਤੋਂ ਇਲਾਵਾ ਵੀ ਵਿਰੋਧੀ ਧਿਰਾਂ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਲੀਡਰਾਂ ਦੀ ਜਲੰਧਰ ਲੋਕ ਸਭਾ ਸੀਟ ਦੇ ਵੱਖ ਵੱਖ ਇਲਾਕੇ ਵਿੱਚ ਮੌਜੂਦ ਹੋਣ ਦੇ ਸਬੂਤ ਦਿੰਦੇ ਹੋਏ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਕੀਤੀ ਗਈਆਂ ਸਨ ਪਰ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਦੇ ਹੱਥ ਕੋਈ ਹੋਰ ਲੀਡਰ ਨਹੀਂ ਲੱਗਿਆ ਹੈ।