ਵੋਟ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ | Jalandhar by-election
- ਕੁੱਲ ਵੋਟਰ : 16,21,759 ਉਮੀਦਵਾਰ : 19 ਪੋਲਿੰਗ ਸਟੇਸ਼ਨ : 1972
ਵੋਟ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਫ਼ਤਰ ਮੁੱਖ ਚੋਣ ਅਫ਼ਸਰ (ਸੀਈਓ) ਪੰਜਾਬ ਵੱਲੋਂ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਲੈ ਕੇ 9:00 ਵਜੇ ਤੱਕ 5.21 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਸਾਰੇ ਹੀ ਪੋਲਿੰਗ ਬੂਥਾਂ ’ਤੇ ਸ਼ਾਂਤਮਈ ਤਰੀਕੇ ਨਾਲ ਵੋਟਿੰਗ ਚੱਲ ਰਹੀ ਹੈ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਚੋਣ ਅਮਲਾ ਸ਼ਾਂਤੀਪੂਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 16,21,759 ਵੋਟਰ ਹਨ, ਜਿਨ੍ਹਾਂ ਵਿੱਚ 8,44,904 ਪੁਰਸ਼, 7,76,855 ਔਰਤਾਂ, 10,286 ਦਿਵਿਆਂਗ ਵਿਅਕਤੀ, 1850 ਸਰਵਿਸ ਵੋਟਰ, 73 ਵਿਦੇਸ਼ੀ/ਪ੍ਰਵਾਸੀ ਵੋਟਰ ਅਤੇ 41 ਟਰਾਂਸਜੈਂਡਰ ਹਨ। ਉਨ੍ਹਾਂ ਕਿਹਾ ਕਿ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ 15 ਪੁਰਸ਼ ਅਤੇ 4 ਔਰਤਾਂ ਹਨ। ਉਨ੍ਹਾਂ ਦੱਸਿਆ ਕਿ ਕੁੱਲ 19 ਉਮੀਦਵਾਰਾਂ ਵਿੱਚੋਂ ਤਿੰਨ ਕੌਮੀ ਪਾਰਟੀਆਂ ਦੇ, ਇੱਕ ਸੂਬਾਈ ਪਾਰਟੀ ਤੋਂ, ਸੱਤ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੋਂ ਜਦੋਂਕਿ ਅੱਠ ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ ਪੰਜ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।
- ਸੰਵੇਦਨਸ਼ੀਲ ਪੋਲਿੰਗ ਸਟੇਸ਼ਨ : 542
- 19 ਉਮੀਦਵਾਰਾਂ ’ਚੋਂ 15 ਪੁਰਸ਼, ਚਾਰ ਔਰਤਾਂ
- ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ : ਚਾਰ
- ਪੋਸਟਲ ਵੋਟ : 80 ਤੋਂ ਵਧ ਉਮਰ ਦੇ 888 ਬਜ਼ੁਰਗਾਂ ਤੇ ਅਪੰਗਾਂ ਨੇ ਪਾਈ ਪੋਸਟਲ ਵੋਟ
ਕਾਂਗਰਸ ਨੂੰ ਬੂਥਾਂ ’ਤੇ ਕਬਜ਼ੇ ਦਾ ਡਰ, ਚੋਣ ਕਮਿਸ਼ਨ ਨੂੰ ਸ਼ਿਕਾਇਤ
ਕਾਂਗਰਸ ਪਾਰਟੀ ਨੂੰ ਜਲੰਧਰ ਵਿਖੇ ਬੂਥਾਂ ’ਤੇ ਕਬਜ਼ੇ ਦਾ ਡਰ ਸਤਾ ਰਿਹਾ ਹੈ, ਜਿਸ ਕਾਰਨ ਪਾਰਟੀ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਦੇ ਹੋਏ ਸਖ਼ਤ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ। ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀ ਵੱਲੋਂ ਵੀ ਕਾਂਗਰਸ ਨੂੰ ਜੁਆਬ ਦੇ ਦਿੱਤਾ ਗਿਆ ਹੈ ਕਿ ਸਿਰਫ਼ ਕਾਂਗਰਸ ਹੀ ਨਹੀਂ, ਸਗੋਂ ਕਿਸੇ ਵੀ ਪਾਰਟੀ ਨੂੰ ਫ਼ਿਕਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਚੋਣਾਂ ਸਰਕਾਰ ਨਹੀਂ, ਸਗੋਂ ਚੋਣ ਕਮਿਸ਼ਨ ਕਰਵਾ ਰਿਹਾ ਹੈ ਅਤੇ ਵੱਡੇ ਪੱਧਰ ’ਤੇ ਇੰਤਜ਼ਾਮ ਕਰ ਲਏ ਗਏ ਹਨ। ਮੁੱਖ ਚੋਣ ਅਧਿਕਾਰੀ ਪੰਜਾਬ ਸੀ. ਸਿਬਨ ਨੇ ਇਸ ਸਬੰਧੀ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ ਇਸ ਤਰ੍ਹਾਂ ਦੀ ਸ਼ਿਕਾਇਤ ਆਈ ਹੈ ਪਰ ਇਸ ਮਾਮਲੇ ਵਿੱਚ ਪਹਿਲਾਂ ਵੀ ਚੋਣ ਕਮਿਸ਼ਨ ਕੋਈ ਢਿੱਲ ਨਹੀਂ ਦਿੰਦਾ ਹੈ।