ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨਾਲ ਮੀਟਿੰਗ, ਏ.ਡੀ.ਸੀ. ਗੌਤਮ ਜੈਨ ਦੀ ਅਗਵਾਈ ’ਚ ਕਮੇਟੀ ਗਠਿਤ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਆਖਰਕਾਰ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਖਸਤਾ ਹਾਲਤ ਸੜਕਾਂ ਤੋਂ ਸ਼ਹਿਰ ਵਾਸੀਆਂ ਤੇ ਪਿੰਡ ਦੇ ਲੋਕਾਂ ਨੂੰ ਨਿਯਾਤ ਮਿਲਣ ਦੀ ਆਸ ਜਾਗੀ ਹੈ। (Roads Of Patiala) ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਦੀ ਅਗਵਾਈ ਵਿੱਚ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ਜੋ ਕਿ ਪਟਿਆਲਾ ਸ਼ਹਿਰ ਨੂੰ ਇਨ੍ਹਾਂ ਪਿੰਡਾਂ ਨਾਲ ਜੋੜਦੀਆਂ ਹਨ, ਇਨ੍ਹਾਂ ਦੀ ਕਾਇਆ ਕਲਕ ਕਰਨ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਸ਼ਹਿਰ ਵਾਸੀਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਇਨ੍ਹਾਂ ਖਸਤਾ ਹਾਲਤ ਸੜਕ ਤੋਂ ਕਦੋ ਛੁਟਕਾਰਾ ਮਿਲਦਾ ਹੈ।
ਦੱਸਣਯੋਗ ਹੈ ਕਿ ਪਟਿਆਲਾ ਸ਼ਹਿਰ ਨੂੰ ਜੋੜਣ ਵਾਲੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਖ਼ੂਬਸੂਰਤ ਬਣਾਉਣ ਲਈ ਤਜਵੀਜ਼ ਬਣਾਉਣ ਵਾਸਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਦੀ ਅਗਵਾਈ ’ਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਬਾਰੇ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਵਿੰਗਾਂ, ਨੈਸ਼ਨਲ ਹਾਈਵੇਅ, ਪੰਚਾਇਤੀ ਰਾਜ, ਮੰਡੀ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ ਅਤੇ ਇਸ ਦੌਰਾਨ ਇਹ ਕਮੇਟੀ ਗਠਿਤ ਕੀਤੀ ਗਈ।
ਪਟਿਆਲਾ ਸ਼ਹਿਰ ਨੂੰ ਜੋੜਦੀਆਂ ਸੜਕਾਂ ਬਣਨਗੀਆਂ ਖ਼ੂਬਸੂਰਤ, ਲੋਕਾਂ ਦਾ ਸਫਰ ਹੋਵੇਗਾ ਸੁਖਾਲਾ-ਡਿਪਟੀ ਕਮਿਸ਼ਨਰ
ਇਸ ਮੌਕੇ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਵਿਸ਼ੇਸ਼ ਨਿਰਦੇਸ਼ਾਂ ਤਹਿਤ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦੀ ਦੇਖ-ਰੇਖ ਹੇਠ ਸ਼ਹਿਰ ਨੂੰ ਜੋੜਨ ਵਾਲੀਆਂ ਪ੍ਰਮੁੱਖ ਸੜਕਾਂ ਤੇ ਚੌਂਕਾਂ ਨੂੰ ਸੰਵਾਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਰਾਜਿੰਦਰਾ ਹਸਪਤਾਲ ਨੇੜੇ ਅਤੇ ਮਾਰਕਫੈਡ ਵੱਲੋਂ ਅਪਣਾਇਆ ਵੱਡੀ ਨਦੀ ’ਤੇ ਪੁਲ ਤੇ ਟਰੱਕ ਯੂਨੀਅਨ ਨੇੜਲਾ ਚੌਂਕ ਆਦਿ ਨੂੰ ਸੰਵਾਰਿਆ ਜਾਵੇਗਾ। (Roads Of Patiala)
ਇਹ ਵੀ ਪੜ੍ਹੋ : ਖਰੀਦ ਕੀਤੀ ਕਣਕ ਦੀ ਤੇਜੀ ਨਾਲ ਕੀਤੀ ਜਾ ਰਹੀ ਹੈ ਲਿਫਟਿੰਗ
ਡਿਪਟੀ ਕਮਿਸ਼ਨਰ ਨੇ ਹਦਾਇਤ ਦਿੱਤੀ ਕਿ ਰਾਜਪੁਰਾ ਰੋਡ, ਸਰਹਿੰਦ ਰੋਡ, ਸੰਗਰੂਰ ਰੋਡ ਸਮੇਤ ਨਾਭਾ, ਭਾਦਸੋਂ ਤੇ ਸਨੌਰ, ਡਕਾਲਾ ਰੋਡ ਆਦਿ ਜਿਹੜੀਆਂ ਵੀ ਸੜਕਾਂ ਤੋਂ ਪਟਿਆਲਾ ਸ਼ਹਿਰ ’ਚ ਦਾਖਲ ਹੋਇਆ ਜਾਂਦਾ ਹੈ, ਇਨ੍ਹਾਂ ਸੜਕਾਂ ਨੂੰ ਖ਼ੂਬਸੂਰਤ ਬਣਾਉਣ ਲਈ ਬੈਂਕਾਂ ਅਤੇ ਨਿੱਜੀ ਅਦਾਰਿਆਂ ਦਾ ਸਹਿਯੋਗ ਲੈਣ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਕੋਈ ਬੈਂਕ ਜਾਂ ਨਿਜੀ ਵਪਾਰਕ ਅਦਾਰਾ ਇਨ੍ਹਾਂ ਸੜਕਾਂ ਨੂੰ ਗੋਦ ਵੀ ਲੈ ਸਕਦਾ ਹੈ, ਇਸ ਬਾਰੇ ਏ.ਡੀ.ਸੀ. ਗੌਤਮ ਜੈਨ ਦੀ ਅਗਵਾਈ ਹੇਠਲੀ ਕਮੇਟੀ ਆਪਣੀ ਤਜਵੀਜ਼ ਬਣਾ ਕੇ ਪੇਸ਼ ਕਰੇਗੀ। ਇਸ ਮੀਟਿੰਗ ’ਚ ਏ.ਡੀ.ਸੀ. ਗੌਤਮ ਜੈਨ ਤੋਂ ਇਲਾਵਾ ਲੋਕ ਨਿਰਮਾਣ ਸਮੇਤ ਹੋਰ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਦੂਆ, ਵਿਨੀਤ ਸਿੰਗਲਾ, ਗੁਰਪ੍ਰੀਤ ਵਾਲੀਆ ਤੇ ਐਸ.ਡੀ.ਓਜ ਪੰਕਜ ਕੁਮਾਰ ਤੇ ਅਮਨਦੀਪ ਕੌਰ, ਰੋਡ ਸੇਫਟੀ ਇੰਜੀਨੀਅਰ ਸ਼ਵਿੰਦਰਜੀਤ ਬਰਾੜ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।