ਐਥਲੀਟ ਪਹਿਲਵਾਨਾਂ ਨੂੰ ਸਮਰਥਨ ਦੇਣ ਗਏ ਕਿਸਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਗਿਰਫ਼ਤਾਰ ਕਰਨ ਦਾ ਕਿਸਾਨਾਂ ਨੇ ਕੀਤਾ ਵਿਰੋਧ
(ਰਾਜਨ ਮਾਨ) ਅੰਮ੍ਰਿਤਸਰ। ਭਾਜਪਾ ਸੰਸਦ ਅਤੇ ਕੁਸ਼ਤੀ ਮਹਾਂਸੰਘ ਦੇ ਮੁਖੀ ਬ੍ਰਿਜਭੁਸ਼ਣ ਸ਼ਰਨ ਸਿੰਘ ’ਤੇ ਮਹਿਲਾ ਪਹਿਲਵਾਨਾਂ ਨਾਲ ਯੋਨ ਸੋਸ਼ਣ ਦੇ ਦੋਸ਼ ਲੱਗੇ ਹਨ। ਇਹ ਮਾਮਲਾ ਭਖਦਾ ਜਾ ਰਿਹਾ ਹੈ। (Trains Jam ) ਮਹਿਲਾ ਪਹਿਲਵਾਨਾਂ ਦੇ ਹੱਕ ’ਚ ਕਿਸਾਨ ਵੀ ਉਤਰ ਆਏ ਹਨ। ਪਹਿਲਵਾਨਾਂ ਵੱਲੋ ਜੰਤਰ ਮੰਤਰ ਦਿੱਲੀ ਵਿਖੇ ਲਗਾਏ ਧਰਨੇ ਦੀ ਹਮਾਇਤ ਤੇ ਗਏ ਕਿਸਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਕੱਲ 5 ਮਈ ਨੂੰ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵਿਕਾਸ ਕੰਮਾਂ ਲਈ ਗ੍ਰਾਂਟਾਂ ਦੇ ਵੰਡੇ ਚੈੱਕ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ, ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪਿਛਲੇ 12 ਦਿਨਾਂ ਤੋਂ ਲਗਾਏ ਧਰਨੇ ਦੀ ਹਮਾਇਤ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜੱਥਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਨਰਲ ਸਕੱਤਰ ਰਾਣਾ ਰਣਬੀਰ ਸਿੰਘ, ਸੂਬਾ ਆਗੂ ਡਾ:ਕੰਵਰਦਲੀਪ ਸਿੰਘ,ਸਤਨਾਮ ਸਿੰਘ ਹਰੀਕੇ, ਹਰਿਆਣਾ ਦੇ ਕਿਸਾਨ ਆਗੂ ਅਭਿਮੰਨਉ ਕੋਹਾੜ,ਸੰਜੇ ਖਰੇਟਾ ਦੀ ਅਗਵਾਈ ਹੇਠ ਦਿੱਲੀ ਗਿਆ ਸੀ ਨੂੰ ਦਿੱਲੀ ਪੁਲਿਸ ਵੱਲੋਂ ਦਿੱਲੀ ਸਿੰਘੂ ਬਾਰਡਰ ਵਿਖੇ ਗਿਰਫ਼ਤਾਰ ਕਰਕੇ ਬਵਾਨਾ ਥਾਣੇ ਲਿਜਾਇਆ ਗਿਆ ਹੈ। (Trains Jam )
ਕਿਸਾਨਾਂ ਨੇ ਦਿੱਤੀ ਕੇਂਦਰ ਸਰਕਾਰ ਨੂੰ ਚਿਤਾਵਨੀ
ਉਹਨਾਂ ਨੇ ਕੇਂਦਰ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆ ਕਿਹਾ ਕਿ ਜੰਤਰ-ਮੰਤਰ ਵਿਖੇ ਪੁਰੇ ਅਮਨ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਨਾ ਅਤੇ ਦੇਸ਼ ਵਾਸੀਆਂ ਵੱਲੋਂ ਉਸਦਾ ਸਮਰਥਨ ਕਰਨਾ ਲੋਕਤੰਤਰੀ ਅਤੇ ਜਮਹੂਰੀ ਹੱਕ ਹੈ, ਜੇਕਰ ਦਿੱਲੀ ਪੁਲਿਸ ਹਰਿਆਣਾ ਅਤੇ ਯੂਪੀ ਦੇ ਕਿਸਾਨ ਆਗੂਆਂ ਸਮੇਤ ਜਥੇਬੰਦੀ ਦੇ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਾਂ ਕੱਲ੍ਹ ਨੂੰ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰ ਕੇਂਦਰ ਸਰਕਾਰ ਹੋਵੇਗੀ।
ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀਆਂ ਬੱਚੀਆਂ ਸੜਕਾਂ ਤੇ ਰੁਲ ਰਹੀਆਂ ਹਨ (Trains Jam )
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਪਹਿਲਵਾਨਾਂ ਨੂੰ ਨਿਆਂ ਦਿਵਾਉਣ ਦੀ ਜਗ੍ਹਾ ਭਾਜਪਾ ਸੰਸਦ ਬ੍ਰਿਜ਼ਭੂਸ਼ਣ ਸ਼ਰਨ ਸਿੰਘ ਦੇ ਹੱਕ ਵਿੱਚ ਖੜਨਾ ਦੇਸ਼ ਹਿੱਤ ਲਈ ਚੰਗਾ ਸੰਕੇਤ ਨਹੀਂ ਹੈ। ਕੇਂਦਰ ਸਰਕਾਰ ਦੇਸ਼ ਦੇ ਆਮ ਲੋਕਾਂ ਲਈ ਕਨੂੰਨ ਕੁਝ ਹੋਰ ਅਤੇ ਭਾਜਪਾ ਆਗੂਆਂ ਲਈ ਕਾਨੂੰਨ ਕੁਝ ਹੋਰ ਵਰਤ ਰਹੀ ਹੈ, ਜਿਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਜ਼ਾਲਮ ਹਾਕਮ ਵਿਰੁੱਧ ਲਾਮਬੰਦ ਹੋਣ ਅਤੇ ਆਪਣੀਆਂ ਬੱਚੀਆਂ ਨਾਲ ਹੋ ਰਹੇ ਅਨਿਆਏਂ ਵਿਰੁੱਧ ਸੰਘਰਸ਼ ਵਿੱਢਣ। ਉਹਨਾਂ ਕਿਹਾ ਕਿ ਕਿੰਨੇ ਸ਼ਰਮ ਵਾਲੀ ਗੱਲ ਹੈ ਕਿ ਜਿਹੜੀਆਂ ਬੱਚੀਆਂ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਅੱਜ ਉਹ ਸੜਕਾਂ ਤੇ ਰੁਲ ਰਹੀਆਂ ਹਨ ਅਤੇ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਸਰਕਾਰ ਪੁਲਿਸ ਰਾਹੀਂ ਉਹਨਾਂ ਉਪਰ ਤਸ਼ੱਦਦ ਕਰ ਰਹੀ ਹੈ।