Ground water crisis
ਧਰਤੀ ਹੇਠਲੇ ਪਾਣੀ ਦਾ ਸੰਕਟ (Ground water crisis) ਲਗਾਤਾਰ ਵਧ ਰਿਹਾ ਹੈ। ਕਦੇ ਪੰਜਾਬ ਤੇ ਹਰਿਆਣਾ ਇਸ ਮਾਮਲੇ ’ਚ ਚਰਚਾ ’ਚ ਰਹਿੰਦੇ ਸਨ ਕਿਉਂਕਿ ਇੱਥੇ ਝੋਨੇ ਦੀ ਬਿਜਾਈ ਕਾਰਨ ਧਰਤੀ ’ਚੋਂ ਪਾਣੀ ਜ਼ਿਆਦਾ ਕੱਢਿਆ ਜਾਂਦਾ ਹੈ ਪਰ ਹੁਣ ਬਿਹਾਰ ਤੇ ਛੱਤੀਸਗੜ੍ਹ ਵਰਗੇ ਸੂਬੇ ਪਾਣੀ ਦੇ ਸੰਕਟ ਨਾਲ ਜੂਝਦੇ ਨਜ਼ਰ ਆ ਰਹੇ ਹਨ। ਬਿਹਾਰ ਦੇ 24 ਜ਼ਿਲ੍ਹਿਆਂ ’ਚ ਪਾਣੀ ਦਾ ਪੱਧਰ ਹੇਠਾਂ ਗਿਆ ਹੈ। ਇਸੇ ਤਰ੍ਹਾਂ ਰਾਜਸਥਾਨ ਦੇ ਕੋਟਾ ਖੇਤਰ ’ਚ ਪਿਛਲੇ ਪੰਜ ਸਾਲਾਂ ’ਚ ਪਾਣੀ ਦਾ ਪੱਧਰ 25 ਫੁੱਟ ਹੇਠਾਂ ਜਾਣਾ ਦੱਸਿਆ ਜਾ ਰਿਹਾ ਹੈ ਝਾਰਖੰਡ ਦੇ ਹਾਲਾਤ ਤਾਂ ਹੋਰ ਮਾੜੇ ਹਨ ਜਿੱਥੇ ਹਰ ਸਾਲ 100 ਫੁੱਟ ਤੋਂ ਜ਼ਿਆਦਾ ਪਾਣੀ ਹੇਠਾਂ ਜਾ ਰਿਹਾ ਹੈ ਅਸਲ ’ਚ ਉੱਤਰੀ ਭਾਰਤ ਪਾਣੀ ਦੇ ਸੰਕਟ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ।
ਪਾਣੀ ਦੀ ਭਿਆਨਕ ਸਮੱਸਿਆ | Ground water crisis
ਝਾਰਖੰਡ ਵਰਗੇ ਰਾਜਾਂ ’ਚ ਪੀਣ ਵਾਲੇ ਪਾਣੀ ਦੀ ਭਿਆਨਕ ਸਮੱਸਿਆ ਬਣੀ ਹੋਈ ਹੈ। ਵੱਡੀ ਸਮੱਸਿਆ ਇਹ ਹੈ ਕਿ ਇੱਕ ਪਾਸੇ ਉੱਤਰੀ ਭਾਰਤ ਦੇ ਕੁਝ ਸੂਬੇ ਪੀਣ ਵਾਲੇ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ ਦੂਜੇ ਪੰਜਾਬ, ਹਰਿਆਣਾ ਸਮੇਤ ਸੂਬਿਆਂ ’ਚ ਝੋਨੇ ਦੀ ਖੇਤੀ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜੇਕਰ ਝੋਨੇ ਦੀ ਖੇਤੀ ’ਚ ਕਟੌਤੀ ਨਾ ਕੀਤੀ ਗਈ ਤਾਂ ਕਿਸੇ ਦਿਨ ਪੀਣ ਵਾਲੇ ਪਾਣੀ ਦਾ ਸੰਕਟ ਇੱਥੇ ਵੀ ਬਣ ਸਕਦਾ ਹੈ। ਇਹ ਜ਼ਰੂਰੀ ਹੈ ਕਿ ਸਰਕਾਰ ਝੋਨੇ ਦੀ ਖੇਤੀ ਦੀ ਬਜਾਇ ਘੱਟ ਪਾਣੀ ਵਾਲੀਆਂ ਫਸਲਾਂ ਦੀ ਬਿਜਾਈ ਲਈ ਇੱਕ ਕਰਾਂਤੀ ਦੇ ਪੱਧਰ ’ਤੇ ਕੰਮ ਕਰੇ। ਮੱਕੀ ਸਮੇਤ ਹੋਰ ਫਸਲਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਸਸਤੇ ਬੀਜ ਦਿੱਤੇ ਜਾਣ ਤੇ ਫਸਲਾਂ ਦੇ ਮੰਡੀਕਰਨ ਦਾ ਸੁਚੱਜਾ ਇੰਤਜ਼ਾਮ ਕੀਤਾ ਜਾਵੇ। ਕਿਸਾਨਾਂ ਨੇ ਪਿਛਲੇ ਸਾਲਾਂ ’ਚ ਝੋਨਾ, ਮੱਕੀ ਤੇ ਹੋਰ ਫਸਲਾਂ ਨੂੰ ਅਪਣਾਇਆ ਸੀ ਪਰ ਵਾਜ਼ਿਬ ਕੀਮਤ ਨਾ ਮਿਲਣ ਅਤੇ ਮੰਡੀਕਰਨ ਨਾ ਹੋਣ ਕਾਰਨ ਖੱਜਲ-ਖੁਆਰ ਹੋਏ ਕਿਸਾਨ ਵਾਪਸ ਝੋਨੇ ਵੱਲ ਪਰਤ ਆਏ।
ਸ਼ਿਮਲਾ ਮਿਰਚ ਨੇ ਰੁਆ ਦਿੱਤੇ ਕਿਸਾਨ | Ground water crisis
ਪੰਜਾਬ ਦੇ ਕਿਸਾਨਾਂ ਨੇ ਗੁਲਾਬ ਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਸੀ ਪਰ ਇਸ ਵਾਰ ਸ਼ਿਮਲਾ ਮਿਰਚ 2-3 ਰੁਪਏ ਕਿਲੋ ਤੱਕ ਰੁਲ਼ ਗਈ ਅਤੇ ਕਿਸਾਨਾਂ ਨੇ ਕੰਨਾਂ ਨੂੰ ਹੱਥ ਲਾ ਲਏ। ਜੇਕਰ ਅਜਿਹੇ ਹਾਲਾਤ ਹੀ ਰਹੇ ਤਾਂ ਪਾਣੀ ਦੇ ਸੰਕਟ ਨੂੰ ਟਾਲਣਾ ਬਹੁਤ ਔਖਾ ਹੋਵੇਗਾ। ਪਾਣੀ ਦੀ ਘਰੇਲੂ ਬੱਚਤ ਵੀ ਜ਼ਰੂਰੀ ਹੈ ਇਸ ਦੇ ਨਾਲ ਹੀ ਝੋਨੇ ਵਰਗੀ ਫਸਲ ਨੂੰ ਘਟਾਉਣ ਲਈ ਉਪਰਾਲੇ ਕਰਨੇ ਪੈਣਗੇ। ਫੈਕਟਰੀਆਂ ’ਚ ਪਾਣੀ ਦੀ ਦੁਬਾਰਾ ਵਰਤੋਂ ਤੇ ਜ਼ੋਰ ਦੇਣਾ ਪਵੇਗਾ। ਤਕਨੀਕ ਵੀ ਇਸ ਦਿਸ਼ਾ ’ਚ ਵਧੀਆ ਰੋਲ ਨਿਭਾ ਸਕਦੀ ਹੈ। ਇਸ ਦੇ ਨਾਲ ਹੀ ਸਰਕਾਰ ਕਿਸਾਨਾਂ ਤੱਕ ਤਕਨੀਕੀ ਜਾਣਕਾਰੀ ਪਹੰੁਚਾਉਣ ਦਾ ਪ੍ਰਬੰਧ ਕਰੇ। ਕਿਸਾਨਾਂ ਦੀ ਸੋਚ ਬਦਲਣੀ ਪਵੇਗੀ।
ਕਣਕ-ਝੋਨੇ ਦੀ ਪੈਦਾਵਾਰ ਵਧਾਉਣ ’ਤੇ ਜ਼ੋਰ
ਭਾਵੇਂ ਸੂਬਾ ਸਰਕਾਰਾਂ ਵੱਲੋਂ ਵੱਡੇ ਪੱਧਰ ’ਤੇ ਕਿਸਾਨ ਮੇਲੇ ਲਾਏ ਜਾ ਰਹੇ ਹਨ ਪਰ ਇਹਨਾਂ ਮੇਲਿਆਂ ’ਚ ਪੁੱਜੇ ਕਿਸਾਨਾਂ ਦਾ ਧਿਆਨ ਖੇਤੀ ’ਚ ਤਬਦੀਲੀ ਦੀ ਬਜਾਇ ਕਣਕ-ਝੋਨੇ ਦੇ ਵੱਧ ਝਾੜ ਵਾਲੇ ਬੀਜਾਂ ਦੀ ਖਰੀਦ ਤੱਕ ਸੀਮਿਤ ਹੁੰਦਾ ਹੈ। ਬਹੁਤ ਘੱਟ ਇਨਸਾਨ ਹਨ ਜੋ ਖੇਤੀ ਮਾਹਿਰਾਂ ਦੇ ਉਨ੍ਹਾਂ ਭਾਸ਼ਣਾਂ ਵੱਲ ਧਿਆਨ ਦਿੰਦੇ ਹਨ ਜਿਨ੍ਹਾਂ ’ਚ ਨਵੀਆਂ ਫਸਲਾਂ ਦੀ ਖੇਤੀ ਤੇ ਖੇਤੀ ਤਕਨੀਕ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਹ ਗੱਲ ਸਮਝਣੀ ਕੋਈ ਔਖੀ ਨਹੀਂ ਕਿ ਪਾਣੀ ਰਹੇਗਾ ਤਾਂ ਖੇਤੀ ਰਹੇਗੀ। ਜੇਕਰ ਕੁਦਰਤ ਦੇ ਸੀਮਤ ਭੰਡਾਰਾਂ ਦੀ ਸੰਭਾਲ ਵੱਲ ਧਿਆਨ ਨਾ ਦਿੱਤਾ ਤਾਂ ਕੁਦਰਤ ਦਾ ਚੱਕਰ ਕਈ ਪ੍ਰੇਸ਼ਾਨੀਆਂ ਪੈਦਾ ਕਰੇਗਾ। ਪਾਣੀ ਦੀ ਬੱਚਤ ਲਈ ਵੱਡੇ ਪੱਧਰ ’ਤੇ ਉਪਰਾਲੇ ਕਰਨੇ ਪੈਣੇ ਹਨ ਪਰ ਸਭ ਤੋਂ ਜ਼ਰੂਰੀ ਹੈ ਪਾਣੀ ਬਾਰੇ ਲਾਪਰਵਾਹੀ ਭਰਿਆ ਰਵੱਈਆ ਬਦਲਿਆ ਜਾਵੇ।