ਜ਼ਿਲ੍ਹੇ ਦਾ ਨਾਮ ਕੀਤਾ ਰੋਸ਼ਨ, ਲੜਕੀਆਂ ਹਰ ਖੇਤਰ ਵਿਚ ਦਿਖਾ ਰਹੀਆਂ ਨੇ ਆਪਣਾ ਜ਼ੋਹਰ : ਡਿਪਟੀ ਕਮਿਸ਼ਨਰ
ਫਾਜ਼ਿਲਕਾ (ਰਜਨੀਸ਼ ਰਵੀ)। 38ਵੀਂ ਜੂਨੀਅਰ ਸਟੇਟ ਲੜਕੇ ਲੜਕੀਆਂ ਕਬੱਡੀ ਚੈਂਪੀਅਨਸ਼ਿਪ ਜ਼ੋ ਕਿ ਜ਼ਿਲ੍ਹਾ ਬਰਨਾਲਾ ਵਿਖੇ ਪਿਛਲੇ ਦਿਨੀ ਹੋਈ ਸੀ ਜ਼ਿਸ ਵਿਚ ਜ਼ਿਲ੍ਹਾ ਫਾਜ਼ਿਲਕਾ (Kabaddi Championship) ਦੀ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਚੈਂਪੀਅਨਸ਼ਿਪ ਜਿਤਣ ਮਗਰੋਂ ਲੜਕੀਆਂ ਦੇ ਫਾਜ਼ਿਲਕਾ ਪੁੱਜਣ ‘ਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਖਿਡਾਰਣਾਂ ਨੂੰ ਜਿਥੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਹੌਂਸਲਾਅਫਜਾਈ ਕਰਦਿਆਂ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨੋਜਵਾਨ ਵਰਗ ਨੂੰ ਖੇਡਾਂ ਵੱਲ ਜ਼ੋੜਨ ਦੇ ਮੰਤਵ ਤਹਿਤ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜ਼ੋ ਲੜਕੇ-ਲੜਕੀਆਂ ਗਲਤ ਰਸਤੇ ਵੱਲ ਨਾ ਜਾ ਕੇ ਕਾਮਯਾਬੀ ਦੇ ਰਾਹ ‘ਤੇ ਪੈਣ ਅਤੇ ਆਪਣੇ ਆਪ ਨੂੰ ਉਚਾਈਆਂ ਵੱਲ ਲਿਜਾਉਣ। ਉਨ੍ਹਾਂ ਕਿਹਾ ਕਿ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਫਾਜ਼ਿਲਕਾ ਦਾ ਪਹਿਲੇ ਸਥਾਨ ‘ਤੇ ਆਉਣਾ ਸਾਰੇ ਫਾਜ਼ਿਲਕਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਤੇ ਉਸ ਤੋਂ ਵੀ ਜ਼ਿਆਦਾ ਇਹ ਚੈਂਪੀਅਨਸ਼ਿਪ ਲੜਕੀਆਂ ਵੱਲੋਂ ਜਿਤੀ ਗਈ ਹੈ।
ਉਨ੍ਹਾਂ ਕਿਹਾ ਕਿ ਲੜਕੀਆਂ ਵੱਲੋਂ ਸਟੇਟ ਚੈਂਪੀਅਨਸ਼ਿਪ ਵਿਚ ਪਹਿਲੇ ਸਥਾਨ ‘ਤੇ ਆਉਣ ਨਾਲ ਜ਼ਿਲ੍ਹਾ ਫਾਜਿਲਕਾ ਦਾ ਨਾਮ ਰੋਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਮਲਾ ਮਾਰ ਰਹੀਆਂ ਹਨ ਤੇ ਵੱਖ-ਵੱਖ ਖੇਤਰਾਂ ਵਿਚ ਕਾਮਯਾਬੀ ਹਾਸਲ ਕਰਕੇ ਉਚਾਈਆਂ ਛੂ ਰਹੀਆਂ ਹਨ।ਉਨ੍ਹਾਂ ਕਿਹਾ ਕਿ ਕਿਤੇ ਦਾ ਕੋਈ ਖੇਤਰ ਅਜਿਹਾ ਨਹੀ ਹੈ ਜਿਥੇ ਲੜਕੀਆਂ ਪਹੁੰਚ ਨਾ ਰਹੀਆਂ ਹੋਣ। ਉਨ੍ਹਾਂ ਕਿਹਾ ਕਿ ਲੜਕੇ ਇਸ ਮੁਕਾਬਲੇ ਵਿਚ ਤੀਜੇ ਸਥਾਨ ‘ਤੇ ਰਹੇ ਹਨ ਉਹ ਵੀ ਵਧਾਈ ਦੇ ਪਾਤਰ ਹਨ।
ਇਹ ਵੀ ਪੜ੍ਹੋ: ਮਿਰਚਾਂ ਦੀ ਪੈਦਾਵਾਰ ਵਿੱਚ ਪੰਜਾਬ ਵਿੱਚੋਂ ਮੋਹਰੀ ਜ਼ਿਲ੍ਹਾ ਬਣਿਆ ਫਿਰੋਜ਼ਪੁਰ
ਪ੍ਰਧਾਨ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦਵਿੰਦਰ ਸਿੰਘ ਬਬਲ ਅਤੇ ਸਕੱਤਰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਚਰਨ ਸਿੰਘ ਵੱਲੋਂ ਚੈਂਪੀਅਨਸ਼ਿਪ ਵਿਚ ਜੇਤੂ ਲੜਕੀਆਂ ਅਤੇ ਲੜਕਿਆਂ ਦੀ ਟੀਮਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਕਬੱਡੀ ਦੇ ਲੜਕੀਆਂ ਦੇ ਕੋਚ ਚੰਦਰ ਭਾਨ ਅਤੇ ਲੜਕਿਆਂ ਦੇ ਕੋਚ ਮਦਨ ਲਾਲ ਨੇ ਦੱਸਿਆ ਕਿ ਕਬੱਡੀ ਚੈਂਪੀਅਨਸ਼ਿਪ ਲੜਕੀਆਂ ਦੀ ਟੀਮ ਦੀ ਬੈਸਟ ਰੇਡਰ ਨੰਦਨੀ ਅਤੇ ਬੈਸਟ ਸਟੋਪਰ ਨੀਸ਼ਾ ਰਹੀ। ਉਨ੍ਹਾਂ ਕਿਹਾ ਕਿ ਅਸ਼ਵਨੀ, ਮੁਸਕਾਨ, ਸੰਜਨਾ, ਏਕਤਾ, ਪ੍ਰਵੀਨ, ਲਲੀਤਾ, ਰੀਨਾ, ਪੂਜਾ ਵੱਲੋਂ ਟੀਮ ਦੇ ਜਿੱਤਨ ਵਿਚ ਅਹਿਮ ਭੂਮਿਕਾ ਨਿਭਾਈ ਗਈ।