Ludhiana gas leak case
ਨਵੀਂ ਦਿੱਲੀ। ਲੁਧਿਆਣਾ ਗੈਸ ਲੀਕ ਮਾਮਲੇ (Ludhiana gas leak case) ’ਚ ਨੈਸ਼ਨਲ ਗਰੀਨ ਟਿ੍ਰਬਿਊਨਲ (NGT) ਦੀ ਐਂਟਰੀ ਹੋ ਗਈ ਹੈ। ਐੱਨ.ਜੀ.ਟੀ. ਨੇ ਮੀਡੀਆ ਰਿਪੋਰਟਾਂ ਦਾ ਜਾਇਜਾ ਲੈਂਦੇ ਹੋਏ ਨੋਟਿਸ ਜਾਰੀ ਕੀਤਾ ਹੈ। ਐੱਨ.ਜੀ.ਟੀ. ਨੇ ਮੰਗਲਵਾਰ ਨੂੰ ਹੀ ਮਾਮਲੇ ਦੀ ਸੁਣਵਾਈ ਕੀਤੀ ਜਿਸ ਤੋਂ ਬਾਅਦ 8 ਮੈਂਬਰੀ ਫੈਕਟ ਫਾਇੰਡਿੰਗ ਕਮੇਟੀ ਗਠਿਤ ਕਰ ਦਿੱਤੀ ਹੈ।
ਜਿਸਦੀ ਅਗਵਾਈ ਪੰਜਾਬ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਰਨਗੇ। ਕਮੇਟੀ ’ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਉੱਤਰੀ ਖੇਤਰੀ ਡਾਇਰੈਕਟਰ, ਉਦਯੋਗਿਕ ਜ਼ਹਿਰ ਵਿਗਿਆਨ ਖੋਜ ਕੇਂਦਰ, ਪੀ.ਜੀ.ਆਈ. ਚੰਡੀਗੜ੍ਹ ਦੇ ਡਾਇਰੈਕਟਰ, ਐੱਨ.ਡੀ.ਆਰ.ਐੱਫ., ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਨਿਗਮ ਕਮਿਸ਼ਨਰ ਲੁਧਿਆਣਾ ਸ਼ਾਮਲ ਹਨ।
ਸੂਬਾ ਪ੍ਰਦੂਸਣ ਕੰਟਰੋਲ ਬੋਰਡ ਪੂਰੇ ਮਾਮਲੇ ਵਿੱਚ ਤਾਲਮੇਲ ਕਰੇਗਾ ਅਤੇ ਹੁਕਮਾਂ ਨੂੰ ਲਾਗੂ ਕਰੇਗਾ। ਕਮੇਟੀ ਹਰ ਹਫਤੇ ਮੀਟਿੰਗ ਕਰੇਗੀ ਅਤੇ ਇੱਕ ਮਹੀਨੇ ਵਿੱਚ ਜਾਂਚ ਪੂਰੀ ਕਰਕੇ ਰਿਪੋਰਟ ਸੌਂਪੇਗੀ। ਜ਼ਿਕਰਯੋਗ ਹੈ ਕਿ 30 ਅਪ੍ਰੈਲ ਨੂੰ ਕਥਿਤ ਤੌਰ ’ਤੇ ਜ਼ਹਿਰੀਲੀ ਗੈਸ ਲੀਕ ਹੋਣ ਨਾਲ 11 ਵਿਅਕਤੀਆਂ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਸੀ। ਗਿਆਸਪੁਰਾ ਇਲਾਕਾ ਬਹੁਤ ਸੰਘਣੀ ਆਬਾਦੀ ਵਾਲਾ ਇਲਾਕਾ ਹੈ। ਸਾਰੇ ਪੀੜਤ ਉੱਤਰ ਪ੍ਰਦੇਸ ਅਤੇ ਬਿਹਾਰ ਦੇ ਰਹਿਣ ਵਾਲੇ ਸਨ।
ਮਿ੍ਰਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਦੇਵੇ ਸਰਕਾਰ
ਐੱਨ.ਜੀ.ਟੀ. ਨੇ ਇਸ ਵਿੱਚ ਮਿ੍ਰਤਕਾਂ ਨੂੰ 20-20 ਲੱਖ ਦੇਣ ਦੀ ਗੱਲ ਕਹੀ ਹੈ। ਐੱਨਜੀਟੀ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਅਜਿਹੀਆਂ ਘਟਨਾਵਾਂ ਲਈ ਮੌਤ ਹੋਣ ’ਤੇ 20 ਲੱਖ ਰੁਪਏ ਦਿੱਤੇ ਜਾਂਦੇ ਹਨ। ਜਖਮੀਆਂ ਨੂੰ ਸੱਟ ਦੇ ਆਧਾਰ ’ਤੇ ਮੁਆਵਜਾ ਦਿੱਤਾ ਜਾਂਦਾ ਹੈ। ਐੱਨਜੀਟੀ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ’ਚ ਦੋਸ਼ੀ ਦਾ ਪਤਾ ਨਹੀਂ ਲੱਗਾ ਤਾਂ ਸਰਕਾਰ ਨੂੰ ਪੀੜਤਾਂ ਨੂੰ ਇਹ ਰਕਮ ਅਦਾ ਕਰਨੀ ਪਵੇਗੀ। ਦੋਸ਼ੀ ਦਾ ਪਤਾ ਲੱਗਣ ’ਤੇ ਦੋਸ਼ੀਆਂ ਤੋਂ ਇਹ ਰਕਮ ਵਸੂਲੀ ਜਾ ਸਕਦੀ ਹੈ।
ਗੈਸ ਲੀਕ ’ਤੇ ਐੱਨਜੀਟੀ ਦਾ ਮੁੱਖ ਫੋਕਸ | Ludhiana gas leak case
ਐੱਨਜੀਟੀ ਦਾ ਮੁੱਖ ਫੋਕਸ ਇਸ ਉੱਤੇ ਹੀ ਹੈ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਹੁਣ 5 ਕਿਲੋਮੀਟਰ ਦੇ ਖੇਤਰ ਵਿੱਚ ਹਵਾ ਵਿੱਚ ਜਹਿਰੀਲੀ ਗੈਸ ਦਾ ਪੱਧਰ ਕੀ ਹੈ। ਐੱਨਜੀਟੀ ਨੂੰ ਲੱਗ ਰਿਹਾ ਹੈ ਕਿ ਇਹ ਲੀਕ ਇੱਕ ਦਿਨ ਵਿੱਚ ਨਹੀਂ ਹੋਈ, ਇਸ ਲਈ ਇਸ ਦੀ ਜੜ੍ਹ ਤੱਕ ਜਾਣਾ ਜ਼ਰੂਰੀ ਹੈ। ਇਹ ਟੀਮ ਇਸ ਬਾਰੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕਰੇਗੀ। ਮਾਮਲੇ ਦੀ ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ।